ਬੇਅਦਬੀ ਮਾਮਲੇ ’ਚ ਨਿਰਪੱਖ ਜਾਂਚ ’ਤੇ ਖੜੇ ਸ਼ੰਕਿਆਂ ਕਾਰਨ ਸਤਬੀਰ ਖਟੜਾ ਨੇ ਛੱਡੀ ਸਿਆਸਤ
!ਅਸਤੀਫੇ ’ਚ ਕਿਸਾਨੀ ਸੰਕਟ ਅਤੇ ਬੇਅਦਬੀ ਘਟਨਾਵਾਂ ’ਤੇ ਇਨਸਾਫ ਨਾ ਮਿਲਣ ਦਾ ਦਿੱਤਾ ਹਵਾਲਾ
ਪਟਿਆਲਾ, 21 ਅਕਤੂਬਰ (ਮਧੂਸਾਰ ਬਿਊਰੋ) ਪਟਿਆਲਾ ਦਿਹਾਤੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੀ ਸਿਆਸਤ ਵਿਚ ਉਸ ਸਮੇਂ ਵੱਡਾ ਧਮਾਕਾ ਹੋਇਆ, ਜਦੋਂ ਪਟਿਆਲਾ ਦਿਹਾਤੀ ਹਲਕੇ ਤੋਂ ਅਕਾਲੀ ਦਲ ਟਿਕਟ ਤੇ ਪ੍ਰੁਮੱਖ ਦਾਅਵੇਦਾਰ ਮੰਨੇ ਜਾਦੇ ਸਤਬੀਰ ਸਿੰਘ ਖਟੜਾ ਨੇ ਆਪਣੇ ਆਪ ਨੂੰ ਸਿਆਸਤ ਤੋਂ ਵੱਖ ਕਰ ਲਿਆ। ਸਤਬੀਰ ਖੱਟੜਾ ਵੱਲੋਂ ਅਸਤੀਫੇ ਦੀ ਵਜਾ ਨੂੰ ਬੇਅਦਬੀ ਮਾਮਲੇ ’ਚ ਨਿਰਪੱਖ ਜਾਂਚ ’ਤੇ ਸ਼ੰਕਿਆਂ ਦਾ ਖੜਾ ਹੋਣਾ ਨੂੰ ਅਹਿਮ ਦੱਸਿਆ ਜਾ ਗਿਆ ਹੈ। ਪਟਿਆਲਾ ਦਿਹਾਤੀ ਖੇਤਰ ’ਚ ਸਤਬੀਰ ਸਿੰਘ ਖਟੜਾ ਪਾਰਟੀ ਵਿਚ ਸਰਗਰਮ ਚਿਹਰਾ ਰਹੇ ਹਨ, ਉਥੇ ਹੀ ਉਹ ਚਰਚਿਤ ਸਖਸੀਅਤ ਸਾਬਕਾ ਆਈ ਜੀ ਰਣਬੀਰ ਸਿੰਘ ਖਟੜਾ ਦੇ ਸਪੁੱਤਰ ਹਨ, ਜੋ ਬੀਤੇ ਸਮੇਂ ਦੋਰਾਨ ਪੰਜਾਬ ਅੰਦਰ ਹੋਈਆਂ ਬੇਅਦਬੀ ਘਟਨਾਵਾਂ ਸਬੰਧੀ ਬਣੀ ਸਿੱਟ ਦੇ ਮੁਖੀ ਵੀ ਰਹੇ ਹਨ। ਇਸ ਦਾ ਹਵਾਲਾ ਅੱਜ ਸਤਬੀਰ ਖੱਟੜਾ ਨੇ ਆਪਣੇ ਅਸਤੀਫੇ ਵਿਚ ਵੀ ਦੇ ਦਿੱਤਾ ਹੈ।
ਸਤਬੀਰ ਵੱਲੋਂ ਲਿਖੇ ਪੱਤਰ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਬੇਅਦਬੀ ਘਟਨਾਵਾਂ ਵਿਚ ਇਨਸਾਫ ਨਾ ਮਿਲਣਾ ਅਤੇ ਕਿਸਾਨ ਸੰਘਰਸ਼ ਦੇ ਸੰਕਟ ਦਾ ਵੀ ਹਵਾਲਾ ਦਿੱਤਾ ਹੈ। ਸਤਬੀਰ ਖੱਟੜਾ ਨੇ ਲਿਖਿਆ ਹੈ ਕਿ ਸਾਡਾ ਪਰਿਵਾਰ ਹਮੇਸ਼ਾ ਹੀ ਪੰਥ ਅਤੇ ਕਿਸਾਨੀ ਨੂੰ ਸਮਰਪਿਤ ਰਿਹਾ ਹੈ। ਉਨ੍ਹਾਂ ਲਿਖਿਆ ਹੈ ਕਿ ਮੇਰੇ ਪਿਤਾ ਰਣਬੀਰ ਸਿੰਘ ਖੱਟੜਾ ਨੇ ਅਸਲ ਦੋਸ਼ੀਆਂ ਤੱਕ ਪੁੱਜਣ ਮਗਰੋਂ ਉਨਾ ਨੂੰ ਫੜ ਕਿ ਕਾਨੂੰਨ ਦੇ ਹਵਾਲੇ ਵੀ ਕੀਤਾ ਹੈ। ਇਸ ਦੇ ਬਾਵਜਦ ਕੁਝ ਧਾਰਮਿਕ ਸਖਸੀਅਤਾਂ ਅਤੇ ਜਥਬੰਦੀਆਂ ਨੇ ਮੇਰੇ ਅਕਾਲੀ ਦਲ ਨਾ ਜੁੜੇ ਹੋਣ ਅਤੇ ਮੇਰੇ ਪਿਤਾ ਵੱਲੋਂ ਕੀਤੀ ਨਿਰਪੱਖ ਜਾਂਚ ਤੇ ਸ਼ੰਕੇ ਜ਼ਾਹਿਰ ਕਰਦੀਆਂ ਰਹੀਆਂ ਹਨ, ਜਿਸ ਕਾਰਨ ਸਾਡੇ ਪਰਿਵਾਰ ਦੀਆਂ ਭਾਵਨਵਾਂ ਨੂੰ ਠੇਸ ਪੁੱਜੀ ਹੈ। ਇਸ ਲਈ ਮੈਂ ਸਿਆਸਤ ਤੋਂ ਕਿਨਾਰਾ ਕਰਦਾਂ ਹਾਂ। ਜ਼ਿਕਰਯੋਗ ਹੈ ਕਿ ਸਤਬੀਰ ਸਿੰਘ ਖੱਟੜਾ ਨੇ ਲੰਬੇ ਸਮੇਂ ਤੋਂ ਦਿਹਾਤੀ ਇਲਾਕੇ ਵਿਚ ਇਕ ਸੇਵਾ ਸੁਸਾਇਟੀ ਰਾਹੀਂ ਲੋਕਾਂ ਦੀ ਸੇਵਾ ਕੀਤੀ ਹੈ ਅਤੇ 2017 ਵਿਚ ਚੋਣ ਵੀ ਲੜੀ। ਇਸ ਵਾਰ 2022 ਚੋਣਾ ਲਈ ਵੀ ਦਿਹਾਤੀ ਇਲਾਕੇ ਤੋਂ ਅਕਾਲੀ ਦਲ ਦੀ ਟਿਕਟ ਲਈ ਪ੍ਰੁਮੱਖ ਦਾਅਵੇਦਾਰ ਮੰਨੇ ਜਾਂਦੇ ਸਨ। ਉਨਾ ਦੇ ਅਸਤੀਫੇ ਨਾਲ ਪਾਰਟੀ ਸਫਾਂ ਅੰਦਰ ਸੁੰਨ ਪਸਰ ਗਈ ਹੈ। ਅਚਾਨਕ ਹੋਏ ਇਸ ਸਿਆਸੀ ਧਮਾਕੇ ਨਾਲ ਅਕਾਲੀ ਦਲ ਦੇ ਕਈ ਆਗੂ ਬਾਗੋ ਬਾਗ ਵੀ ਦਿਖਾਈ ਦੇ ਰਹੇ ਹਨ, ਜਿਨ੍ਹਾਂ ਦਾ ਨਾਮ ਦਾਅਵੇਦਾਰੀ ਦੀ ਲਾਇਨ ਵਿਚ ਪਿਛੇ ਚਲ ਰਿਹਾ ਸੀ।

