ਬਾਬਾ ਬੰਦਾ ਸਿੰਘ ਬਹਾਦੁਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਰਤਨ ਸਮਾਗਮ ਅਤੇ ਰੈਗੂਲਰ ਕੀਤੇ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੰਡੇ
ਫਤਹਿਗੜ੍ਹ ਸਾਹਿਬ, 28 ਅਕਤੂਬਰ: (ਮਧੂਸਾਰ ਬਿਊਰੋ) ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਰਖਾਏ ਗਏ ਸ੍ਰੀ ਸਹਿਜ ਪਾਠ ਸਾਹਿਬ ਦਾ ਅੱਜ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ਵਿੱਚ ਭੋਗ ਪਾਇਆ ਗਿਆ। ਇਸ ਮੌਕੇ ਤੇ ਭਾਈ ਸ੍ਰੀ ਪਾਲ ਸਿੰਘ, ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਸੰਗਤਾਂ ਨੂੰ ਕੀਰਤਨ ਕਰ ਕੇ ਨਿਹਾਲ ਕੀਤਾ। ਭਾਈ ਹਰਪਾਲ ਸਿੰਘ, ਹੈੱਡ ਗ੍ਰੰਥੀ ਸ੍ਰੀ ਫਤਿਹਗੜ੍ਹ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਸਬੰਧੀ ਕਥਾ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਬਾਬਾ ਬੰਦਾ ਸਿੰਘ ਬਹਾਦੁਰ ਦੇ ਜੀਵਨ ਤੋਂ ਸੇਧ ਲੈਣ ਦੀ ਪ੍ਰੇਰਨਾ ਦਿੱਤੀ।
ਉਨਾਂ ਨੇ ਇਸ ਮੌਕੇ ਤੇ ਇੰਜੀਨੀਅਰਿੰਗ ਕਾਲਜ ਅਤੇ ਪੋਲੀਟੈਕਨਿਕ ਕਾਲਜ ਦੇ ਰੈਗੂਲਰ ਕੀਤੇ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੰਡੇ। ਉਹਨਾਂ ਨੇ ਕਾਲਜ ਵਿੱਚ ਹੋਈਆਂ ਵਧੀਆ ਦਾਖਲਿਆਂ ਲਈ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਕਾਲਜ ਦੇ ਸਾਰੇ ਮਸਲੇ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ। ਪ੍ਰਿੰਸੀਪਲ ਡਾ.ਲਖਵੀਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਸਾਹਿਬ, ਟਰੱਸਟ ਮੈਂਬਰਾਂ ਅਤੇ ਆਈ ਹੋਈ ਸਾਰੀ ਸੰਗਤ ਦਾ ਧੰਨਬਾਦ ਕੀਤਾ। ਇਸ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ਅਤੇ ਸਿਵਲ ਹਸਪਤਾਲ, ਫਤਿਹਗੜ੍ਹ ਸਾਹਿਬ ਦੇ ਸਾਂਝੇ ਉੱਦਮ ਦੁਆਰਾ ਬਲੱਡ ਡੋਨੇਸ਼ਨ ਦਾ ਵੀ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਕਰਨੈਲ ਸਿੰਘ ਪੰਜੋਲੀ, ਸ. ਸਤਵਿੰਦਰ ਸਿੰਘ ਟੋਹੜਾ, ਸ. ਰਵਿੰਦਰ ਸਿੰਘ ਖਾਲਸਾ, ਸ. ਅਵਤਾਰ ਸਿੰਘ ਰਿਆ, ਡਾ ਕਸ਼ਮੀਰ ਸਿੰਘ, ਡਾ ਸੁਖਵੀਰ ਸਿੰਘ, ਪ੍ਰਿੰਸੀਪਲ ਡਾ. ਲਖਵੀਰ ਸਿੰਘ, ਡਾ. ਹਰਬਖਸ਼ ਸਿੰਘ ਭੱਟੀ ਆਦਿ ਹਾਜ਼ਿਰ ਸਨ।

