ਮੱਛੀ ਪਾਲਣ ਤੇ ਸਿਹਤ ਵਿਭਾਗ ਵੱਲੋਂ ਪਾਬੰਦੀ ਸ਼ੁਦਾ ਥਾਈ ਮੰਗੂਰ ਮੱਛੀ ਦਾ ਪੂੰਗ ਫੜਨ ਦੀ ਵੱਡੀ ਕਾਰਵਾਈ
7 ਕੁਇੰਟਲ ਥਾਈ ਮੰਗੂਰ ਮੱਛੀ ਪੂੰਗ ਨੂੰ ਨਸ਼ਟ ਕਰਵਾਇਆ
ਪਟਿਆਲਾ, 25 ਮਾਰਚ (ਮਧੂਸਾਰ ਬਿਊਰੋ) ਮੱਛੀ ਪਾਲਣ ਤੇ ਸਿਹਤ ਵਿਭਾਗ ਨੇ ਪੁਲਿਸ ਦੀ ਮਦਦ ਨਾਲ ਵੱਡੀ ਕਾਰਵਾਈ ਕਰਦਿਆਂ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਤੇ ਪਾਬੰਦੀ ਸ਼ੁਦਾ ਥਾਈ ਮੰਗੂਰ ਮੱਛੀ ਦਾ ਪੂੰਗ ਫੜਨ ਅਤੇ ਇਸ ਨੂੰ ਨਸ਼ਟ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ।
ਸਹਾਇਕ ਡਾਇਰੈਕਟਰ ਮੱਛੀ ਪਾਲਣ ਪਟਿਆਲਾ ਸ੍ਰੀ ਪਵਨ ਕੁਮਾਰ ਦੀ ਅਗਵਾਈ ਹੇਠਲੀ ਟੀਮ, ਜਿਸ ‘ਚ ਨੋਡਲ ਅਫਸਰ ਐਫ.ਈ.ਓ ਸ੍ਰੀ ਗੁਰਜੀਤ ਸਿੰਘ, ਫਾਰਮ ਸੁਪਰਡੰਟ ਸ੍ਰੀ ਦਵਿੰਦਰ ਸਿੰਘ ਬੇਦੀ, ਐਸ.ਐਫ.ਓ ਸ੍ਰੀਮਤੀ ਹਰਦੀਪ ਕੌਰ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸਤਿੰਦਰਪਾਲ ਸਿੰਘ, ਫੂਡ ਸੇਫਟੀ ਅਫ਼ਸਰ ਸ੍ਰੀਮਤੀ ਪਰਨੀਤ ਸ਼ਰਮਾਂ ਨੇ ਥਾਣਾ ਕੋਤਵਾਲੀ ਦੀ ਪੁਲਿਸ ਟੀਮ ਅਤੇ ਨਗਰ ਨਿਗਮ ਤੋਂ ਸਹਿਯੋਗ ਲੈਂਦੇ ਹੋਏ ਡੰਪਿੰਗ ਗਰਾਉਂਡ ਨੇੜੇ ਸਨੌਰੀ ਅੱਡਾ, ਦੇਵੀਗੜ੍ਹ ਰੋਡ ਵਿਖੇ ਜੇ.ਸੀ.ਬੀ. ਮਸੀਨ ਨਾਲ ਟੋਆ ਪੁੱਟਵਾ ਕੇ ਪੈਸਟੀਸਾਈਡ ਪਾਕੇ ਲਗਭਗ ਫੜੇ ਗਏ ਕਰੀਬ 7 ਕੁਇੰਟਲ ਪਾਬੰਦੀਸ਼ੁਦਾ ਥਾਈ ਮੰਗੂਰ ਮੱਛੀ ਪੂੰਗ ਨੂੰ ਨਸਟ ਕਰਵਾ ਦਿੱਤਾ।
ਸਹਾਇਕ ਡਾਇਰੈਕਟਰ ਮੱਛੀ ਪਾਲਣ ਪਟਿਆਲਾ ਸ੍ਰੀ ਪਵਨ ਕੁਮਾਰ ਨੇ ਦੱਸਿਆ ਕਿ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ ਪੰਜਾਬ ਡਾ. ਸ੍ਰੀ ਮਦਨ ਮੋਹਨ ਦੇ ਦਿਸ਼ਾ ਨਿਰਦੇਸਾਂ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਦੇ ਵਿਭਾਗ ਦੀ ਟੀਮ ਨੇ ਸਿਹਤ ਵਿਭਾਗ ਤੇ ਪੁਲਿਸ ਨਾਲ ਸਾਂਝੇ ਤੌਰ ‘ਤੇ ਕਾਰਵਾਈ ਕਰਦਿਆਂ ਪਾਬੰਦੀਸ਼ੁਦਾ ਥਾਈ ਮੰਗੂਰ ਮੱਛੀ ਦੇ ਪੂੰਗ ਦਾ ਭਰਿਆ ਟਰੱਕ ਨੰਬਰ ਐਚ.ਆਰ.67 ਸੀ 7007, ਜਿਸ ਦਾ ਵਜਨ ਕਰੀਬ 7 ਕੁਇੰਟਲ ਸੀ, ਜੋ ਕਿ ਹਮੀਦਪੁਰ, ਕਲਕੱਤਾ ਤੋਂ ਆਇਆ ਸੀ, ਦੇਵੀਗੜ੍ਹ ਰੋਡ ਤੋਂ ਫੜਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਕਾਰਵਾਈ ਕਰਦਿਆਂ ਮੌਕੇ ‘ਤੇ ਰਹੀਸ ਅਹਿਮਦ ਪੁੱਤਰ ਇਬਰਾਹਮ ਵਾਸੀ ਤੇਜਬਾਗ ਕਲੋਨੀ ਨੂੰ 7000 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।

