‘ਸਿੱਧੂ’ ਵੱਲੋਂ ਸ਼ਾਹੀ ਪਰਿਵਾਰ ਨੂੰ ਸਖਤ ਟੱਕਰ ਦੇਣ ਦੇ ਆਸਾਰ, ਸ਼ਾਹੀ ਪਰਿਵਾਰ ਮੁਕਾਬਲੇ ਲਈ ਤਿਆਰ !
ਸ਼ਾਹੀ ‘ਹੌਟ ਸੀਟ’ ’ਤੇ ਕਾਂਗਰਸ ਉਤਾਰ ਸਕਦੀ ਨਵਾਂ ਚਿਹਰਾ, ਭਾਜਪਾ ‘ਹਿੰਦੂ’ ਵੋਟ ਬੈਂਕ ਕੈਸ਼ ਕਰਨ ’ਚ ਜੁਟੀ
ਪਟਿਆਲਾ 10 ਨਵੰਬਰ (ਮਧੂਸਾਰ ਬਿਊਰੋ) ਕਾਂਗਰਸੀ ’ਚ ਚੱਲ ਰਹੀ ਆਪਸੀ ਖਾਨਾਜੰਗੀ ਦੇ ਚੱਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਪਾਰਟੀ ਬਣਾ ਲਈ ਹੈ, ਉਥੇ ਹੀ ਸ਼ਾਹੀ ਸ਼ਹਿਰ ਦੀ ਪਟਿਆਲਾ ਸੀਟ ’ਤੇ ਵੀ ਵੱਡੇ ਪੱਧਰ ’ਤੇ ਵੱਡੇ ਫੇਰਬਦਲ ਦੇ ਸੰਕੇਤ ਵੀ ਵਿਖਾਈ ਦੇ ਸਕਦੇ ਹਨ ਅਤੇ ਹਿੰਦੂ ਵੋਟ ਬੈਂਕ ਕੈਸ਼ ਕਰਨ ’ਚ ਕਾਂਗਰਸ ਹੀ ਨਹੀਂ ਬਲਕਿ ਇਸ ਦਾ ਸਿੱਧਾ ਲਾਭ ‘ਭਾਜਪਾ’ ਨੂੰ ਵੀ ਹੋ ਸਕਦਾ। ਸ਼ਹਿਰ ਦੀ 60 ਫੀਸਦੀ ਦੇ ਆਸ-ਪਾਸ ਹਿੰਦ ਵੋਟ ਦੇ ਆਧਾਰ ’ਤੇ ਹੁਣ ਤੱਕ ਕਾਂਗਰਸ ਲੰਮੇ ਸਮੇਂ ਤੋਂ ਕਾਬਜ਼ ਰਹਿ ਰਹੀ ਹੈ ਅਤੇ ਸ਼ਾਹੀ ਪਰਿਵਾਰ ਇਸ ਸੀਟ ’ਤੇ ਕਾਬਜ਼ ਚੱਲਦਾ ਆ ਰਿਹਾ ਹੈ। ਮੌਜੂਦਾ ਸਮੇਂ ’ਚ ਕਾਂਗਰਸ ਲਈ ਸਥਿਤੀ ਚੁਣੌਤੀਪੂਰਨ ਬਣਦੀ ਜਾ ਰਹੀ ਹੈ, ਦੂਜੇ ਪਾਸੇ ਪਟਿਆਲਾ ਸ਼ਾਹੀ ਸੀਟ ’ਤੇ ਹੋਣ ਵਾਲਾ ਮੁਕਾਬਲਾ ਰੌਮਾਂਚਕ ਹੋਵੇਗਾ।

ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ’ਚ ਹੁੰਦਿਆਂ ਸ਼ਾਹੀ ਪਰਿਵਾਰ ਭਾਵੇਂ ਸੌਖੇ ਜਿਹੇ ਇਸ ਸੀਟ ਨੂੰ ਹਥਿਆਉਂਦਾ ਆ ਰਿਹਾ ਹੈ ਕਿਉਂਕਿ ਮਹਾਰਾਣੀ ਪ੍ਰਨੀਤ ਕੌਰ ਦਾ ਆਪਣਾ ਪ੍ਰਭਾਵ ਅਤੇ ਦੂਸਰਾ ਕਾਂਗਰਸ ਦੀ ਹੌਂਟ ਸੀਟ ਤੋਂ ਉਮੀਦਵਾਰ ਵਜੋਂ ਉਤਰਨ ਨਾਲ ‘ਸ਼ਾਹੀ ਪਰਿਵਾਰ’ ਲਈ ਰੰਗ ਹੋਰ ਵੀ ਚੌਖਾ ਚੜ੍ਹਦਾ ਰਿਹਾ ਹੈ। ਸ਼ਾਹੀ ਸੀਟ ’ਤੇ ਪੈਦਾ ਹੋਏ ਮੌਜੂਦਾ ਹਾਲਾਤਾਂ ਕਾਰਨ ਭਾਜਪਾ ‘ਹਿੰਦੂ’ ਵੋਟ ਬੈਂਕ ਨੂੰ ਕੈਸ਼ ਕਰਨ ਲਈ ਹੁਣ ਤੋਂ ਅੰਦਰਖਾਤੇ ਲੱਗੀ ਹੋਈ ਹੈ ਅਤੇ ਬਹੁਤ ਸਾਰੇ ਚਿਹਰੇ ਆਪੋ-ਆਪਣੀ ਦਾਅਵੇਦਾਰੀ ਠੋਕਣ ਲਈ ਪੱਬਾਂ ਭਾਰ ਹਨ ਕਿਉਂਕਿ ‘ਕੈਪਟਨ’ ਅਮਰਿੰਦਰ ਵੱਲੋਂ ਭਾਜਪਾ ਨਾਲ ਚੱਲਣ ਦੇ ਮਿਲੇ ਸੰਕੇਤ ਕਾਰਨ 60 ਫੀਸਦੀ ਸਥਿਰ ਚੱਲਦਾ ਆ ਰਿਹਾ ‘ਵੋਟ ਬੈਂਕ’ ਡਗਮਗਾਉਂਦਾ ਨਜ਼ਰ ਆਏਗਾ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ‘ਕੈਪਟਨ’ ਸਿੰਘ ਦੀ ‘ਪੰਜਾਬ ਲੋਕ ਕਾਂਗਰਸ’ ਪਾਰਟੀ ਕੇਵਲ ‘ਕਾਂਗਰਸ’ ਦਾ ਹੀ ਰਾਹ ਨਹੀਂ ਰੋਕੇਗੀ ਬਲਕਿ ਅਕਾਲੀ ਦਲ ਦੇ ਰਾਹ ਨੂੰ ਵੀ ਆਸਾਨ ਕਰ ਸਕਦੀ ਹੈ। ਸ਼ਾਹੀ ਪਰਿਵਾਰ ਦੀ ਚੱਲਦੀ ਆ ਰਹੀ ਮਨੌਪਲੀ ਨੂੰ ਤੋੜਨ ਲਈ ਕਾਂਗਰਸ ’ਚ ਉਥਲ-ਪੁਥਲ ਸ਼ੁਰੂ ਹੋ ਚੁੱਕੀ ਹੈ। ਨਵਜੋਤ ਸਿੰਘ ਸਿੱਧੂ ਦੀ ਕੋਸ਼ਿਸ਼ ਹੋਵੇਗੀ ਕਿ ਇਸ ਵਾਰ ਸ਼ਾਹੀ ਪਰਿਵਾਰ ਨੂੰ ਸਖਤ ਟੱਕਰ ਦਿੱਤੀ ਜਾਵੇ, ਜਿਸ ਕਾਰਨ ਕਾਂਗਰਸ ਨਵੇਂ ਚਿਹਰੇ ਨੂੰ ਲਿਆਉਣ ਦੇ ਰੌਂਅ ’ਚ ਹੈ, ਉਥੇ ਹੀ ਸ਼ਾਹੀ ਪਰਿਵਾਰ ਇਸ ਸੀਟ ’ਤੇ ਕਾਬਜ਼ ਰਹਿਣ ਲਈ ਸਖਤ ਮੁਕਾਬਲਾ ਦੇ ਸਕਦਾ। ਸ਼ਾਹੀ ਸ਼ਹਿਰ ਦੇ ‘ਹੌਟ ਤਵੇ’ ’ਤੇ ‘ਰੋਟੀ ਬਣਾਕੇ’ ‘ਖਾਣ’ ਵਾਲਾ ਕੌਣ ਸਫਲ ਹੁੰਦਾ ਇਹ ਵੇਖਣਾ ਬਾਕੀ ਹੋਵੇਗਾ।
ਭਾਜਪਾ ‘ਕੈਪਟਨ’ ਤੋਂ ਲਵੇਗੀ ਆਕਸੀਜਨ, ਭਾਜਪਾਈ ਦਾਅਵੇਦਾਰ ਪੱਬਾ ਭਾਰ !
ਸ਼ਾਹੀ ਸ਼ਹਿਰ ਪਟਿਆਲਾ ਸੀਟ ’ਤੇ ਕਾਬਜ਼ ਹੋਣ ਲਈ ਭਾਜਪਾ ਉਮੀਦਵਾਰਾਂ ਵਿਚ ਵੀ ਇੱਛਾ ‘ਪ੍ਰਬਲ’ ਵਿਖਾਈ ਦੇ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ ਨੂੰ ਸਮਰਥਨ ਮਿਲਣ ਦੀ ਖ਼ਬਰ ਨਾਲ ਸ਼ਹਿਰ ਦੀ ਭਾਜਪਾ ਇਕਾਈ ਨੂੰ ਵੀ ਆਕਸੀਜਨ ਮਿਲੀ ਹੈ। ਭਾਵੇਂ ਇਹ ਆਕਸੀਜਨ ‘ਕਿਸਾਨੀ’ ਮਸਲੇ ’ਤੇ ਨਿਰਭਰ ਹੈ, ਪਰ ਫੇਰ ਵੀ ‘ਭਾਜਪਾ’ ਦੇ ਦਾਅਵੇਦਾਰ ਉਮੀਦਵਾਰਾਂ ਦਾ ਮਨੌਬਲ ਵੱਧ ਗਿਆ ਹੈ।

ਭਾਜਪਾ ਦਾ ‘ਵੋਟ ਬੈਂਕ’ ਵੀ ‘ਹਿੰਦੂ ਵੋਟ’ ’ਤੇ ਅਧਾਰਤ ਹੈ ਰਿਹਾ ਹੈ। ਅਜਿਹਾ ਪਹਿਲੀ ਵਾਰ ਹੈ ਕਿ ਭਾਜਪਾ ਉਮੀਦਵਾਰ ਇਸ ਵਾਰ ‘ਨਵਾਂ ਪੰਜਾਬ’ ਭਾਜਪਾ-ਨਾਲ’ ਸਲੋਗਨ ਤਹਿਤ ਚੋਣ ਪਿੜ ਵਿਚ ਉਤਰਨਗੇ ਕਿਉਂਕਿ ਅਕਾਲੀ ਦਲ ਨਾਲ ਤੋੜ ਵਿਛੋੜੇ ਤੋਂ ਬਾਅਦ ‘ਭਾਜਪਾ’ ਆਪਣੇ ਬਲਬੂਤੇ ਸ਼ਕਤੀ ਪ੍ਰਦਰਸ਼ਨ ਕਰੇਗੀ। ਭਾਜਪਾ ਵੱਲੋਂ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਮੈਦਾਨ ਵਿਚ ਉਤਾਰੇ ਜਾਣ ਦੇ ਐਲਾਨ ਤੋਂ ਬਾਅਦ ਭਾਜਪਾ ਆਗੂਆਂ ਵਿਚ ਵੀ ‘ਸੀਟ’ ਲੜਨ ਦੀ ਇੱਛਾ ਜਾਗੀ ਹੈ। ਪਟਿਆਲਾ ਸ਼ਹਿਰ ਅਤੇ ਦਿਹਾਤੀ ਸੀਟ ’ਤੇ ਅਜਿਹੇ ਸਰਗਰਮ ਚਿਹਰੇ ਹਨ, ਜਿਨ੍ਹਾਂ ਦੀ ਕੋਸ਼ਿਸ਼ ਹੈ ਕਿ ਇਸ ਵਾਰ ਜਦ ਭਾਜਪਾ ਚੋਣ ਮੈਦਾਨ ’ਚ ਉਤਰ ਹੀ ਰਹੀ ਹੈ ਤਾਂ ਦਾਅਵੇਦਾਰੀ ਤਾਂ ਕਰਨੀ ਬਣਦੀ ਹੈ ਕਿਉਂਕਿ ਸ਼ਾਇਦ ‘ਕੈਪਟਨ’ ਸਿੰਘ ਦੇ ਸਾਥ ਨਾਲ ਇਸ ਵਾਰ ‘ਭਾਜਪਾ’ ਉਮੀਦਵਾਰ ਆਪਣਾ ਦਮ-ਖਮ ਵਿਖਾ ਸਕਣ, ਜਦਕਿ ਕਿਸਾਨੀ ਮੁੱਦਾ ਵੀ ਭਾਜਪਾ ਲਈ ਚੁਣੌਤੀ ਬਣਿਆ ਹੋਇਆ ਹੈ। ਭਾਜਪਾ ਦੇ ਸ਼ਹਿਰੀ ਖੇਤਰ ਦੇ ਦਾਅਵੇਦਾਰਾਂ ਦੀ ਗੱਲ ਕਰੀਏ ਤਾਂ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ, ਪੰਜਾਬ ਪ੍ਰਵਕਤਾ ਭੁਪੇਸ਼ ਅਗਰਵਾਲ, ਆਸ਼ੂਤੋਸ਼ ਗੌਤਮ, ਸੈਕਟਰੀ ਸੁਖਵਿੰਦਰ ਕੌਰ ਨੌਲੱਖਾ, ਵਾਈਸ ਪ੍ਰਧਾਨ ਭਾਜਪਾ ਵਰੁਣ ਜਿੰਦਲ ਤੋਂ ਇਲਾਵਾ ਦਿਹਾਤੀ ਖੇਤਰ ਵਿਚ ਦਾਅਵੇਦਾਰਾਂ ’ਚ ਭਾਜਪਾ ਕਾਰਜਕਾਰਨੀ ਦੇ ਮੈਂਬਰ ਗੁਰਜੀਤ ਕੋਹਲੀ, ਗੁਰਤੇਜ ਢਿੱਲੋਂ ਤੋਂ ਇਲਾਵਾ ਸਾਬਕਾ ਪ੍ਰਧਾਨ ਐਸ.ਕੇ. ਦੇਵ ਸ਼ਾਮਲ ਹਨ। ਭਾਜਪਾ ਹਾਈਕਮਾਂਡ ਇਸ ਵਾਰ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਉਮੀਦਵਾਰ ਬਣਾ ਕੇ ਚੋਣ ਮੈਦਾਨ ’ਚ ਉਤਾਰਨਾ ਚਾਹੁੰਦੀ ਹੈ। ਭਾਜਪਾ ਜੇ ਕਿਸਾਨੀ ਮੁੱਦੇ ਦਾ ਹੱਲ ਕਰ ਦਿੰਦੀ ਹੈ ਤਾਂ ਚੋਣ ਮੈਦਾਨ ’ਚ ਉਤਾਰੇ ਜਾਣ ਵਾਲੇ ਉਮੀਦਵਾਰਾਂ ਨੂੰ ‘ਹਿੰਦੂ ਵੋਟ’ ਬੈਂਕ ਪਾ੍ਰਪਤ ਹੋ ਸਕਦਾ ਹੈ ਅਤੇ ‘ਨਵਾਂ ਪੰਜਾਬ’ ਭਾਜਪਾ ਮਿਸ਼ਨ ਦੇ ਨਾਲ ਪੰਜਾਬ ’ਚ ‘ਕਮਲ’ ਦੇ ਖਿੜ ਸਕਣ ਦੇ ਆਸਾਰ ਹਨ।

