ਖ਼ਾਲਸਾ ਕਾਲਜ ਵਿਖੇ ‘ਦਵਾਈਆਂ ਵਾਲੇ ਪੌਦਿਆਂ ਦੀ ਰਸਾਇਣਿਕ ਬਣਤਰ ਅਤੇ ਗੁਣਵੱਤਾ ਨਿਯੰਤਰਣ ਵਿਧੀਆਂ ਦੀ ਮਹੱਤਤਾ’ ’ਤੇ ਗੈਸਟ ਲੈਕਚਰ ਆਯੋਜਿਤ
ਅੰਮ੍ਰਿਤਸਰ, 26 ਨਵੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ)ਖਾਲਸਾ ਕਾਲਜ ਵਿਖੇ ‘ਦਵਾਈਆਂ ਵਾਲੇ ਪੌਦਿਆਂ ਦੀ ਰਸਾਇਣਿਕ ਬਣਤਰ ਅਤੇ ਗੁਣਵੱਤਾ ਨਿਯੰਤਰਣ ਵਿਧੀਆਂ ਦੀ ਮਹੱਤਤਾ’ ’ਤੇ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਨਿਰਦੇਸ਼ਾਂ ਤਹਿਤ ਕਾਲਜ ਦੇ ਬੋਟੈਨੀਕਲ ਐਂਡ ਇਨਵਾਇਰਮੈਂਟ ਸਾਇੰਸ ਸੁਸਾਇਟੀ ਸਹਿਯੋਗ ਨਾਲ ਪੋਸਟ ਗਰੈਜੂਏਟ ਬੌਟਨੀ ਵਿਭਾਗ ਵੱਲੋਂ ਕਰਵਾਏ ਗਏ ਪ੍ਰੋਗਰਾਮ ਮੌਕੇ ਡਾ. ਸ੍ਰੀਨਿਵਾਸ ਪਟਨਾਲਾ ਵਿਜ਼ਿਟਿੰਗ ਫੈਕਲਟੀ, ਰੋਡਜ਼ ਯੂਨੀਵਰਸਿਟੀ, ਗ੍ਰਾਹਮਸਟਾਊਨ, ਦੱਖਣੀ ਅਫ਼ਰੀਕਾ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ।

ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਮੁਖ ਬੁਲਾਰੇ ਡਾ. ਪਟਨਾਲਾ ਦਾ ਸਵਾਗਤ ਕਰਦਿਆਂ ਵਿਭਾਗ ਨੂੰ ਅਜਿਹੇ ਜਿਹੇ ਭਾਸ਼ਣ ਸਮੇਂ ਸਿਰ ਕਰਵਾਉਂਦੇ ਉਪਰ ਜੋਰ ਦਿੱਤਾ। ਡਾ. ਪਟਨਾਲਾ ਦਾ ਇਹ ਭਾਸ਼ਣ ਵੱਖ-ਵੱਖ ਭੂਗੋਲਿਕ ਖੇਤਰਾਂ ਦੀਆਂ ਵਾਤਾਵਰਣ ਅਤੇ ਹੋਰ ਪ੍ਰਤਿਸਥਿਤੀਆਂ ਦਾ ਦਵਾਈਆਂ ਵਾਲੇ ਪੌਦਿਆਂ ’ਚ ਪੈਦਾ ਹੋਣ ਵਾਲੇ ਰਸਾਇਣਿਕ ਤੱਤਾਂ (ਸੈਕੰਡਰੀ ਮੈਟਾਬੋਲਾਇਟਸ) ’ਤੇ ਅਸਰ ਤੇ ਕੇਂਦਰਿਤ ਸੀ। ਉਨ੍ਹਾਂ ਦੱਸਿਆ ਕਿ ਕਿਵੇਂ ਇਕ ਹੀ ਪ੍ਰਜਾਤੀ ਦੇ ਦਵਾਈਆਂ ਵਾਲੇ ਪੌਦੇ ਵੱਖਰੇ-ਵੱਖਰੇ ਭੂਗੋਲਿਕ ਖੇਤਰਾਂ ਵਿਚ ਵਿਭਿੰਨ ਤਰ੍ਹਾਂ ਦੇ ਰਸਾਇਣਿਕ ਤੱਤ ਆਪਣੇ ਅੰਦਰ ਬਣਾਉਦੇ ਹਨ। ਇਨ੍ਹਾਂ ਰਸਾਇਣਿਕ ਤੱਤਾਂ ਉਪਰ ਤਾਪਮਾਨ, ਰੁੱਤਾਂ, ਰੌਸ਼ਨੀ, ਹਵਾ ਅਤੇ ਹੋਰ ਕੁਦਰਤੀ ਆਫਤਾਂ ਦਾ ਡੂੰਘਾ ਪ੍ਰਭਾਵ ਪੈਂਦਾ ਹੈ। ਇਨ੍ਹਾਂ ਵਿਭਿੰਨ ਤਰ੍ਹਾਂ ਦੇ ਰਸਾਇਣਿਕ ਤੱਤਾਂ ਕਰਕੇ ਹੀ ਫਾਰਮਾਸੁਇਟੀਕਲ ਕੰਪਨੀਆਂ ਇਨ੍ਹਾਂ ਪੌਦਿਆਂ ਤੋਂ ਵੱਖਰੀਆਂ-ਵੱਖਰੀਆਂ ਬਿਮਾਰੀਆਂ ਦੀਆਂ ਦਵਾਈਆਂ ਬਣਾਉਂਦੀਆਂ ਹਨ। ਭਾਸ਼ਣ ਵਿਚ ਉਨ੍ਹਾਂ ਨੇ ਕਈ ਤਰ੍ਹਾਂ ਦੀਆਂ ਕੈਮੀਕਲ ਅਤੇ ਸਪੈਕਟਰੋਸਕੋਪਿਕ ਤਕਨੀਕਾਂ ਰਾਹੀਂ ਕੀਤੀ ਜਾਣ ਵਾਲੀ ਰਸਾਇਣਿਕ ਪ੍ਰੋਫਾਇਲਿਗ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਵਿਚ ਸਮਝਾਇਆ।
ਡਾ. ਪਟਨਾਲਾ ਕਿਹਾ ਕਿ ਆਯੁਰਵੈਦਿਕ ਅਤੇ ਫਾਰਮਾਸੁਇਟੀਕਲ ਵਰਤੋਂ ਵਾਸਤੇ ਸਰਕਾਰ ਦੇ ਕਾਨੂੰਨ ਅਤੇ ਨਿਯਮਾਂ ਦੀ ਵਰਤੋਂ ਕਿਵੇਂ ਕਰਨੀ ਹੈ ਜਿਸ ਨਾਲ ਇਨ੍ਹਾਂ ਦਵਾਈਆਂ ਵਾਲੇ ਪੌਦਿਆਂ ਦੀ ਗੁਣਵੱਤਾ, ਸੁਰੱਖਿਆ ਅਤੇ ਪ੍ਰਭਾਵਾਂ ਨੂੰ ਆਉਣ ਵਾਲੀਆਂ ਪੀੜੀਆਂ ਵਾਸਤੇ ਯਕੀਨੀ ਬਣਾਇਆ ਜਾਵੇ। ਭਾਸ਼ਣ ਦੇ ਅਖੀਰ ’ਚ ਉਨ੍ਹਾਂ ਨੇ ਬੌਟਨੀ ਵਿਭਾਗ ਦੇ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਕਿਵੇਂ ਆਪਣੀ ਪੜਾਈ ਪੂਰੀ ਕਰਕੇ ਇਸ ਖੇਤਰ ’ਚ ਨੌਕਰੀ ਪਾ ਸਕਦੇ ਹਨ ਜਾਂ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ।
ਇਸ ਮੌਕੇ ਪ੍ਰੋ. ਕਿਰਨਦੀਪ ਕੌਰ ਹੁੰਦਲ ਮੁਖੀ ਬੌਟਨੀ ਵਿਭਾਗ ਨੇ ਬੁਲਾਰਿਆਂ ਦਾ ਧੰਨਵਾਦ ਕੀਤਾ ਵਿਦਿਆਰਥੀਆਂ ਨੂੰ ਸੰਬੰਧਤ ਖੇਤਰ ’ਚ ਕੰਮ ਕਰਨ ਅਤੇ ਆਪਣਾ ਕੈਰੀਅਰ ਬਣਾਉਣ ਲਈ ਪ੍ਰੇਰਿਤ ਕੀਤਾ। ਗੈਸਟ ਲੈਕਚਰ ਦੌਰਾਨ ਡਾ. ਹਰਜਿੰਦਰ ਸਿੰਘ, ਡਾ. ਮਧੂ, ਡਾ. ਰਾਜਬੀਰ ਸਿੰਘ, ਡਾ. ਪ੍ਰਭਜੀਤ ਕੌਰ, ਡਾ. ਹਰਪ੍ਰੀਤ ਕੌਰ, ਡਾ. ਸ਼ੁਸਾਂਤ ਸ਼ਰਮਾ, ਡਾ. ਮਨਿੰਦਰ ਕੌਰ, ਡਾ. ਮਨਮੀਤ ਕੌਰ, ਡਾ. ਸੰਦੀਪ ਕੌਰ, ਡਾ. ਜੀਵਨਜੋਤ ਕੌਰ, ਡਾ. ਹਰਸਿਮਰਨ ਕੌਰ, ਡਾ. ਪ੍ਰਦੀਪ ਕੌਰ ਅਤੇ ਵਿਦਿਆਰਥੀ ਤੇ ਰਿਸਰਚ ਸਕਾਲਰ ਹਾਜ਼ਰ ਸਨ।

