ਪੰਜਾਬੀਪੀਡੀਆ ਅਤੇ ਜਗਤ ਪੰਜਾਬੀ ਸਭਾ ਵੱਲੋਂ ਅੰਤਰਰਾਸ਼ਟਰੀ ਸੈਮੀਨਾਰ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਦੀ ਅਗਵਾਈ ਵਿੱਚ ਪੰਜਾਬੀਪੀਡੀਆ ਕੇਂਦਰ ਵਲੋਂ ਪੰਜਾਬੀ ਜਗਤ ਸਭਾ ਕੈਨੇਡਾ ਅਤੇ ਆਡੀਆਜ਼ ਦੇ ਸਹਿਯੋਗ ਨਾਲ ਇੱਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਭਾਸ਼ਾ ਵਿਸ਼ੇ ਤੇ ਕਰਵਾਇਆ ਗਿਆ। ਸੈਮੀਨਾਰ ਦੇ ਉਦਘਾਟਨੀ ਸ਼ਬਦਾਂ ਵਿੱਚ ਡਾ. ਆਰ.ਕੇ. ਗੋਇਲ ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਵੀ ਪੰਜਾਬੀ ਭਾਸ਼ਾ ਦੇ ਸ਼ਬਦਾਂ ਦੇ ਵਿਸਥਾਰ ਦੀ ਜ਼ਰੂਰਤ ਪੈਂਦੀ ਹੈ ਤਾਂ ਪੰਜਾਬੀਪੀਡੀਆ ਦੀ ਵਰਤੋਂ ਨਾਲ ਉਨ੍ਹਾਂ ਦੇ ਮਸਲੇ ਦਾ ਹੱਲ ਜਾਂਦਾ ਹੈ। ਪੰਜਾਬੀ ਜਗਤ ਸਭਾ ਕੈਨੇਡਾ ਜਿਹੜੀ ਕਿ ਅੰਤਰਰਾਸ਼ਟਰੀ ਪੱਧਰ ਤੇ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ ਪਸਾਰ ਲਈ ਕੰਮ ਕਰ ਰਹੀ ਹੈ, ਉਨ੍ਹਾਂ ਦਾ ਇਹ ਉਪਰਾਲਾ ਸ਼ੰਲਾਘਾਯੋਗ ਹੈ। ਡਾ. ਦਲਜੀਤ ਸਿੰਘ ਸਾਬਕਾ ਵਾਈਸ ਚਾਂਸਲਰ ਦੁਆਰਾ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਪੰਜਾਬੀਅਤ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬੀ ਹਮੇਸ਼ਾ ਇਤਿਹਾਸ ਸਿਰਦੇ ਰਹੇ ਹਨ। ਅਜੋਕਾ ਸਮਾਂ ਸੰਕਟ ਦਾ ਸਮਾਂ ਹੈ ਸਾਨੂੰ ਇਸ ਪ੍ਰਤੀ ਮੰਥਨ ਕਰਨ ਦੀ ਜ਼ਰੂਰਤ ਹੈ ਖਾਸ ਕਰਕੇ ਆਪਣੀ ਭਾਸ਼ਾ ਪ੍ਰਤੀ ਸਾਨੂੰ ਆਪਣਾ ਨਜ਼ਰੀਆ ਬਦਲਣਾ ਪਵੇਗਾ।
ਇਸ ਦੌਰ ਵਿੱਚ ਸਾਹਿਤਕਾਰ ਆਪਣਾ ਵੱਡਾ ਯੋਗਦਾਨ ਪਾ ਸਕਦੇ ਹਨ। ਸਾਹਿਤ ਨੇ ਸੰਵੇਦਨਾ ਅਤੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ। ਸ੍ਰੀਮਤੀ ਕਰਮਜੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ 1970 ਵੇਂ ਤੋਂ ਪਹਿਲਾਂ ਦੇ ਸਾਹਿਤ ਦੀ ਮਹੱਤਤਾ ਅਤੇ ਉਸਦੀ ਅੱਜ ਦੇ ਦੌਰ ਵਿੱਚ ਪ੍ਰਸੰਗਿਕਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਅਮੁੱਲੇ ਖਜ਼ਾਨੇ ਨੂੰ ਪੰਜਾਬੀਪੀਡੀਆ ਨਾਲ ਮਿਲਕੇ ਸੰਭਾਲਿਆ ਜਾ ਸਕਦਾ ਹੈ। ਡਾ. ਸਰਬਜੀਤ ਕੌਰ ਸੋਹਲ ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਨੇ ਵਿਸ਼ੇ ਦੀ ਮਹੱਤਤਾ ਦੀ ਗੱਲ ਕਰਦਿਆਂ ਕਿਹਾ ਕਿ ਸਾਨੂੰ ਬੱਚਿਆ ਨੂੰ ਮਾਤ ਭਾਸ਼ਾ, ਨੈਤਿਕਤਾ, ਗੁਰਮੁਖੀ ਲਿਪੀ ਸੰਬੰਧੀ ਜਾਗੁਰਕ ਕਰਨ ਅਤੇ ਸੇਧ ਦੇਣ ਦੀ ਜ਼ਰੂਰਤ ਹੈ। ਡਾ. ਅਜੈਬ ਸਿੰਘ ਚੱਠਾ, ਚੇਅਰਮੈਨ ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਆਪਣੇ ਭਾਸ਼ਣ ਦੌਰਾਨ ਕਿਹਾ ਗਿਆ ਕਿ ਪੰਜਾਬੀ ਦੇ ਵਿਕਾਸ ਲਈ ਸਭ ਤੋਂ ਪਹਿਲਾਂ ਪੈਂਤੀ ਅੱਖਰਾਂ ਦਾ ਗਿਆਨ ਹੋਣਾ ਲਾਜ਼ਮੀ ਹੈ। ਇਸ ਲਈ ਸਾਨੂੰ ਕਾਇਦਾ-ਏ-ਨੂਰ ਦੀ ਤਰਜ਼ ਤੇ ਕੰਮ ਕਰਨ ਦੀ ਜ਼ਰੂਰਤ ਹੈ। ਡਾ. ਬਲਵਿੰਦਰ ਕੌਰ ਪਰਵਾਸ ਵਿੱਚ ਪੰਜਾਬੀ ਦੀ ਸਥਿਤੀ ਬਾਰੇ ਆਪਣਾ ਤਜ਼ਰਬਾ ਸਾਂਝਾ ਕੀਤਾ। ਡਾ. ਰਾਜਵਿੰਦਰ ਸਿਘ ਅਤੇ ਇੰਜ. ਚਰਨਜੀਵ ਸਿੰਘ, ਕੋ ਕੋਆਰਡੀਨੇਟਰ ਪੰਜਾਬੀਪੀਡੀਆ ਵੱਲੋਂ ਪੰਜਾਬੀਪੀਡੀਆ ਦੀ ਵਰਤੋਂ ਅਤੇ ਮਹੱਤਤਾ ਸੰਬੰਧੀ ਵਿਸਥਾਰ ਵਿੱਚ ਦੱਸਿਆ ਗਿਆ।
ਇਸ ਤੋਂ ਇਲਾਵਾ ਸੈਮੀਨਾਰ ਵਿੱਚ ਆਏ ਮਹਿਮਾਨਾਂ ਵਿੱਚੋਂ ਡਾ. ਰਾਜਿੰਦਰ ਸਿੰਘ, ਪ੍ਰਿੰਸੀਪਲ, ਯੂਨੀਵਰਸਿਟੀ ਕਾਲਜ ਮੂਨਕ, ਡਾ. ਬਲਦੇਵ ਸਿੰਘ, ਪ੍ਰਿੰਸੀਪਲ, ਯੂਨੀਵਰਸਿਟੀ ਕਾਲਜ, ਬਹਾਦਰਪੁਰ, ਬੇਅੰਤ ਕੌਰ ਸ਼ਾਹੀ, ਕੰਵਲਜੀਤ ਕੌਰ ਬਾਜਵਾ, ਡਾ. ਲਖਵੀਰ ਸਿੰਘ ਵੱਲੋਂ ਵੀ ਸੰਬੋਧਿਤ ਕੀਤਾ ਗਿਆ। ਸੈਮੀਨਾਰ ਵਿੱਚ ਆਏ ਮਹਿਮਾਨਾਂ ਦਾ ਸਵਾਗਤ ਡਾ. ਵਿਸ਼ਾਲ ਗੋਇਲ, ਕੋਆਰਡੀਨੇਟਰ ਪੰਜਾਬੀਪੀਡੀਆ ਅਤੇ ਧੰਨਵਾਦੀ ਸ਼ਬਦ ਡਾ. ਕੁਲਦੀਪ ਸਿੰਘ, ਸਿੱਖਿਆ ਅਤੇ ਸੁਮਦਾਇ ਵਿਭਾਗ ਵੱਲੋਂ ਕੀਤਾ ਗਿਆ। ਸੈਮੀਨਾਰ ਦੀ ਸਮੁੱਚੀ ਕਾਰਵਾਈ ਬਤੌਰ ਮੰਚ ਸੰਚਾਲਕ ਡਾ. ਅਰਵਿੰਦਰ ਢਿੱਲੋਂ ਵੱਲੋਂ ਕੀਤੀ ਗਈ। ਇਸ ਮੌਕੇ ਪ੍ਰੋ. ਬਲਜਿੰਦਰ ਸਿੰਘ ਟੌਹੜਾ, ਡਾ. ਭੁਪਿੰਦਰ ਸਿਘ ਵਿਰਕ, ਮਨਪ੍ਰੀਤ ਸਿੰਘ ਜਵੰਧਾ, ਵਿਸ਼ਵਜੀਤ, ਸੁਰਿੰਦਰ ਪਾਲ ਸਿੰਘ ਚੱਡਾ, ਜਗਜੀਤ ਸਿੰਘ ਧੂਰੀ, ਅਵਤਾਰ ਸਿੰਘ ਮਾਨ, ਡਾ. ਲੱਖਾ ਲਹਿਰੀ, ਡਾ. ਇੰਦਰਜੀਤ ਕੌਰ, ਡਾ. ਬਲਵਿੰਦਰ ਕੌਰ ਤੋਂ ਇਲਾਵਾ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਵਿਭਾਗਾਂ ਵਿੱਚੋਂ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

