ਨਰਿੰਦਰ ਮੋਦੀ ਨੇ ਸਾਰਥਿਕ ਪਹੁੰਚ ਦੁਆਰਾ ਸਿੱਖਾਂ ਦਾ ਭਰੋਸਾ ਜਿੱਤਿਆ : ਪ੍ਰੋ: ਸਰਚਾਂਦ ਸਿੰਘ ਖਿਆਲਾ।
ਅੰਮ੍ਰਿਤਸਰ 29 ਨਵੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸਿੱਖ ਸਟੂਡੈਂਟਸ ਫੈਡਰੇਸ਼ਨ ਆਗੂ ਅਤੇ ਸਿੱਖ ਚਿੰਤਕ ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਾਰਥਿਕ ਪਹੁੰਚ ਦੁਆਰਾ ਸਿੱਖਾਂ ਦਾ ਭਰੋਸਾ ਜਿੱਤਿਆ ਅਤੇ ਸਿੱਖ ਭਾਈਚਾਰੇ ’ਚੋਂ ਬੇਗਾਨਗੀ ਦੀ ਭਾਵਨਾ ਨੂੰ ਦੂਰ ਕਰਦਿਆਂ ਅਪਣੇਪਨ ਦਾ ਅਹਿਸਾਸ ਕਰਾਇਆ ਹੈ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਦੀ ਹਕੂਮਤ ਦੌਰਾਨ 31 ਅਕਤੂਬਰ 1984 ਨੂੰ ਦਿਲੀ ਸਮੇਤ ਅਨੇਕਾਂ ਸ਼ਹਿਰਾਂ ’ਚ ਕਾਂਗਰਸ ਵੱਲੋਂ ਅਜ਼ਾਦੀ ਤੋਂ 37 ਸਾਲ ਬਾਅਦ ਸਿੱਖ ਕਤਲੇਆਮ ਰਾਹੀਂ ਵਰਤਾਏ ਗਏ ਦੁਖਾਂਤ ਦੇ ਜ਼ਖ਼ਮਾਂ ਨੂੰ ਜੇ ਕਿਸੇ ਨੇ ਮਲ੍ਹਮ ਲਾਉਣ ਦਾ ਕੰਮ ਕੀਤਾ ਤਾਂ ਉਹ ਕੇਵਲ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਕੀਤਾ ਹੈ । ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਨੇ ਸਰਕਾਰ ’ਚ ਆਉਂਦਿਆਂ ਹੀ ’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਸ਼ਨਾਖ਼ਤ ਲਈ ਐੱਸ ਆਈ ਟੀ ਬਣਾਈ ਅਤੇ ਸਜਣ ਕੁਮਾਰ ਵਰਗੇ ਸੀਨੀਅਰ ਕਾਂਗਰਸੀ ਆਗੂਆਂ ਸਮੇਤ ਕਈਆਂ ਨੂੰ ਸਜਾਵਾਂ ਦਿਵਾ ਕੇ ਸਲਾਖ਼ਾਂ ਪਿੱਛੇ ਭੇਜਿਆ। ਨਰਿੰਦਰ ਮੋਦੀ ਸਰਕਾਰ ਹੀ ਹੈ ਜਿਸ ਨੇ ਵਲੂੰਧਰੇ ਹੋਏ ਸਿੱਖ ਹਿਰਦਿਆਂ ਨੂੰ ਸ਼ਾਂਤ ਕਰਨ ਵਲ ਵਿਸ਼ੇਸ਼ ਧਿਆਨ ਦਿੰਦਿਆਂ ਜੂਨ ’84 ਦੀ ਫ਼ੌਜੀ ਕਾਰਵਾਈ ਸਮੇਂ ਗ੍ਰਿਫ਼ਤਾਰ ਕਰ ਕੇ ਜੋਧਪੁਰ ਜੇਲ੍ਹ ’ਚ ਸੁੱਟੇ ਗਏ ਸੈਂਕੜੇ ਸਿੱਖ ਨੌਜਵਾਨਾਂ ਨੂੰ ਅਦਾਲਤੀ ਹੁਕਮਾਂ ਮੁਤਾਬਿਕ ਮੁਆਵਜ਼ਾ ਦਿੱਤੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਪ੍ਰਕਾਸ਼ ਸ਼ਤਾਬਦੀ ਜਿੱਥੇ ਧੂਮ ਧਾਮ ਨਾਲ ਮਨਾਈ ਗਈ ਉੱਥੇ ਇਸ ਅਵਸਰ ’ਤੇ 8 ਸਿੱਖ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਦਾ ਕਾਰਜ ਕੀਤਾ। ਵਿਦੇਸ਼ਾਂ ’ਚ ਵੱਸ ਰਹੇ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਦਿਆਂ ਉਨ੍ਹਾਂ ਨੂੰ ਭਾਰਤ ’ਚ ਆਪਣੇ ਪਰਿਵਾਰਾਂ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਦਾ ਮੌਕਾ ਦਿੱਤਾ ਗਿਆ, ਉੱਥੇ ਹੀ ਸਤ ਦਹਾਕਿਆਂ ਤੋਂ ਸਿੱਖ ਪੰਥ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ( ਪਾਕਿਸਤਾਨ) ਦੇ ਦਰਸ਼ਨਾਂ ਲਈ ਅੰਤਰਰਾਸ਼ਟਰੀ ਸਰਹੱਦ ’ਤੇ ਲਾਂਘਾ ਖੋਲ੍ਹਣ ਦੀ ਮੰਗ ਵੀ ਸ੍ਰੀ ਨਰਿੰਦਰ ਮੋਦੀ ਵੱਲੋਂ ਹੀ ਪੂਰੀ ਕੀਤੀ ਗਈ। ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਚੁਣਿਆ ਤਾਂ ਦੂਜੇ ਪਾਸੇ ਸ੍ਰੀ ਨਰਿੰਦਰ ਮੋਦੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਵਿਵਾਦਿਤ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਚੁਣਦਿਆਂ ਭਾਈਚਾਰਕ ਸਾਂਝ ਨੂੰ ਮਜ਼ਬੂਤੀ ਦੇਣ ਵਾਲਾ ਸਾਰਥਿਕ ਕਦਮ ਚੁੱਕਿਆ ਗਿਆ। ਅੰਮ੍ਰਿਤਸਰ – ਤਖ਼ਤ ਸ੍ਰੀ ਹਜ਼ੂਰ ਸਾਹਿਬ ਲਈ ਹਵਾਈ ਸਫ਼ਰ ਹੋਵੇ ਜਾਂ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਗੁਰੂ ਕੇ ਲੰਗਰ ਦੀ ਜੀਐਸਟੀ ਸਮਾਪਤੀ, ਸ੍ਰੀ ਮੋਦੀ ਨੇ ਆਪ ਨਿੱਜੀ ਦਿਲਚਸਪੀ ਦਿਖਾਈ। ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਅਤੇ 2021 ਵਿੱਚ, ਗੁਰੂ ਤੇਗ਼ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਵੀ ਕੋਵਿਡ -19 ਦੀਆਂ ਪਾਬੰਦੀਆਂ ਦੇ ਬਾਵਜੂਦ ਮਨਾਇਆ ਗਿਆ।
ਅਫ਼ਗ਼ਾਨਿਸਤਾਨ ਤੋਂ ਸਿੱਖਾਂ ਨੂੰ ਛੁਡਵਾਇਆ ਗਿਆ ਅਤੇ ਉਨ੍ਹਾਂ ਦੀਆਂ ਪਵਿੱਤਰ ਧਾਰਮਿਕ ਗ੍ਰੰਥਾਂ ਨੂੰ ਵੀ ਸਨਮਾਨ ਨਾਲ ਵਾਪਸ ਲਿਆਂਦਾ ਗਿਆ। ਅਫਗਾਨੀ ਰਫ਼ਿਊਜੀ ਸਿੱਖਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ ’ਚ ਪਹਿਲ ਕੀਤੀ ਗਈ। ਦਿੱਲੀ ਦੇ ਗੁਰਦੁਆਰਿਆਂ ਦਾ ਦੌਰਾ ਕੀਤਾ ਅਤੇ ਆਮ ਲੋਕਾਂ ਤੇ ਸਿੱਖ ਭਾਈਚਾਰੇ ਨਾਲ ਮੇਲ-ਮਿਲਾਪ ਕਰਨ ’ਚ ਦਿਲਚਸਪੀ ਦਿਖਾਈ। ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਉਸ ਨੇ ਕੱਛ ਦੇ 2001 ਦੇ ਭੂਚਾਲ ਕਾਰਨ ਤਬਾਹ ਹੋ ਚੁੱਕੇ ਲਖਪਤ ਗੁਰਦੁਆਰੇ ਦੀ ਮੁਰੰਮਤ ਵਿੱਚ ਨਿੱਜੀ ਦਿਲਚਸਪੀ ਲਈ। ਸਿੱਖ ਭਾਈਚਾਰੇ ਪ੍ਰਤੀ ਹਾਂ ਪੱਖੀ ਕਦਮ ਉਠਾਉਣ ਪਿੱਛੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਦਾ ਸਿੱਖ ਧਰਮ ਅਤੇ ਸਿੱਖ ਭਾਈਚਾਰੇ ਲਈ ਸਤਿਕਾਰ ਦੀ ਭਾਵਨਾ ਹੈ। ਸ੍ਰੀ ਮੋਦੀ ਦਾ ਸਿੱਖਾਂ ਨਾਲ ਖ਼ਾਸ ਰਿਸ਼ਤਾ ਹੈ, ਤਾਂ ਇਹ ਕੋਈ ਸਿਆਸੀ ਬਿਆਨ ਨਹੀਂ ਹੈ, ਸਗੋਂ ਉਸ ਦੀ ਅਸਲੀਅਤ ਦਾ ਪ੍ਰਗਟਾਵਾ ਹੈ। ਕਿਉਂਕਿ ’75 ਦੀ ਐਮਰਜੈਂਸੀ ਦੌਰਾਨ ਸ੍ਰੀ ਮੋਦੀ ਦੋ ਸਾਲ ਇੱਕ ਸਿੱਖ ਦੀ ਦਿੱਖ ( ਸਰੂਪ) ਵਿੱਚ ਰਿਹਾ ਅਤੇ ਸਿੱਖ ਧਰਮ ਦੇ ਗ੍ਰੰਥਾਂ ਨੂੰ ਵਾਚਿਆ ਅਤੇ ਭਾਈਚਾਰੇ ਨਾਲ ਇੱਕ ਖ਼ਾਸ ਰਿਸ਼ਤਾ ਕਾਇਮ ਕੀਤਾ। ਬੇਸ਼ੱਕ ਸ੍ਰੀ ਨਰਿੰਦਰ ਮੋਦੀ ਨੇ ਇੰਦਰਾ – ਰਾਜੀਵ ਸਰਕਾਰਾਂ ਵੱਲੋਂ ਸਿੱਖਾਂ ’ਚ ਪੈਦਾ ਕੀਤੀ ਗਈ ਬੇਗਾਨਗੀ ਦੀ ਭਾਵਨਾ ਨੂੰ ਦੂਰ ਕਰਦਿਆਂ ਅਪਣੇਪਨ ਦਾ ਅਹਿਸਾਸ ਕਰਾਇਆ ਤੇ ਸਿੱਖਾਂ ਦਾ ਭਰੋਸਾ ਜਿੱਤਿਆ ਗਿਆ। ਉਮੀਦ ਹੈ ਸ੍ਰੀ ਮੋਦੀ ਸਿੱਖ ਭਾਈਚਾਰੇ ਪ੍ਰਤੀ ਸਾਰਥਿਕਤਾ ਨੂੰ ਭਵਿੱਖ ’ਚ ਵੀ ਕਾਇਮ ਰੱਖੇਗਾ।

