ਪੰਥ ਰਤਨ ਜਥੇ. ਟੌਹੜਾ ਨਾਲ ਜੇਲ੍ਹਾਂ ਤੱਕ ਕੱਟਣ ਵਾਲੇ ਜਥੇਦਾਰ ਪੰਜੌਲੀ ਬਣੇ ਜਨਰਲ ਸਕੱਤਰ
ਪਟਿਆਲਾ ’ਚ ਐਗਜ਼ੈਕਟਿਵ ਮੈਂਬਰ ਵਜੋਂ ਸੁਰਜੀਤ ਸਿੰਘ ਗੜ੍ਹੀ ਦੀ ਰਹੇਗੀ ਸਰਦਾਰੀ
ਪਟਿਆਲਾ (ਮਧੂਸਾਰ ਬਿਊਰੋ) ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿਚ ਜਥੇਦਾਰ ਹਰਜਿੰਦਰ ਸਿੰਘ ਧਾਮੀ ਦੀ ਸ਼ੋ੍ਰਮਣੀ ਕਮੇਟੀ ਦੇ 44ਵੇਂ ਪ੍ਰਧਾਨ ਵਜੋਂ ਚੁਣ ਹੋਈ ਹੈ ਅਤੇ ਇਸ ਦੌਰਾਨ ਹੋਈ ਵੋਟਿੰਗ ਵਿਚ ਜਥੇਦਾਰ ਹਰਜਿੰਦਰ ਸਿੰਘ ਧਾਮੀ ਨੇ ਵਿਰੋਧੀ ਧਿਰ ਦੇ ਉਮੀਦਵਾਰ ਮਿੱਠੂ ਸਿੰਘ ਕਾਹਨੇਕੇ ਨੂੰ ਹਰਾ ਕੇ 122 ਵੋਟਾਂ ਹਾਸਲ ਕਰਕੇ ਮਾਤ ਦਿੱਤੀ, ਜਦਕਿ ਮਿੱਠੂ ਸਿੰਘ ਕਾਹਨੇਕੇ ਨੂੰ 19 ਵੋਟ ਹੀ ਹਾਸਲ ਹੋਏ। ਚੋਣ ਦੌਰਾਨ ਸੀਨੀਅਰ ਮੀਤ ਪ੍ਰਧਾਨ ਵਜੋਂ ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਪ੍ਰੋ. ਸੁਰਿੰਦਰ ਸਿੰਘ ਤੋਂ ਇਲਾਵਾ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨੇੜਲੇ ਅਤੇ ਪੰਥਕ ਆਗੂ ਜਥੇਦਾਰ ਕਰਨੈਲ ਸਿੰਘ ਪੰਜੌਲੀ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ, ਜਿਨ੍ਹਾਂ ਨੇ ਵਿਰੋਧੀ ਧਿਰ ਦੇ ਮੈਂਬਰ ਜਥੇਦਾਰ ਗੁਰਪ੍ਰੀਤ ਸਿੰਘ ਰੰਧਾਵਾ ਨੂੰ ਹਰਾ ਕੇ 112 ਵੋਟਾਂ ਹਾਲ ਕਰਕੇ ਜਿੱਤ ਹਾਸਲ ਕੀਤੀ, ਜਦਕਿ ਰੰਧਾਵਾ ਨੂੰ 21 ਵੋਟ ਹੀ ਪ੍ਰਾਪਤ ਹੋਏ। ਇਸ ਚੋਣ ਦਾ ਸਭ ਤੋਂ ਦਿਲਚਸਪੀ ਪਹਿਲੂ ਇਹ ਰਿਹਾ ਕਿ ਪਟਿਆਲਾ ਜ਼ਿਲ੍ਹੇ ਵਿਚ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਐਗਜ਼ੈਕਟਿਵ ਮੈਂਬਰ ਬਣ ਕੇ ਸਰਦਾਰੀ ਬਣਾਉਣ ਵਿਚ ਸਫਲ ਸਿੱਧ ਹੋਏ।
ਫਤਹਿਗੜ੍ਹ ਸਾਹਿਬ ਤੋਂ ਸ਼ੋ੍ਰਮਣੀ ਕਮੇਟੀ ਮੈਂਬਰ ਵਜੋਂ ਵਿਚਰਦੇ ਆ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਭ ਤੋਂ ਨੇੜਲੇ ਸਾਥੀ ਜਥੇਦਾਰ ਕਰਨੈਲ ਸਿੰਘ ਪੰਜੌਲੀ ਨੂੰ ਜਨਰਲ ਸਕੱਤਰ ਚੁਣਿਆ ਗਿਆ। ਦੱਸਣਯੋਗ ਹੈ ਕਿ ਜਥੇਦਾਰ ਪੰਜੌਲੀ ਹਮੇਸ਼ਾ ਹੀ ਪੰਥਕ ਸਫਾਂ ’ਚ ਸਰਗਰਮ ਚੱਲਦੇ ਆ ਰਹੇ ਹਨ, ਜਿਨ੍ਹਾਂ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਜਿਥੇ ਜੇਲ੍ਹ ਤੱਕ ਦਾ ਸਫਰ ਕੀਤਾ, ਉਥੇ ਹੀ ਸਰਕਾਰਾਂ ਦੇ ਅੰਨੇ ਤਸ਼ੱਦਦ ਨੂੰ ਵੀ ਆਪਣੀ ਪਿੱਠ ’ਤੇ ਹੰਢਾਇਆ ਹੈ। ਜਥੇਦਾਰ ਪੰਜੌਲੀ ਹਮੇਸ਼ਾ ਪੰਥਕ ਅਤੇ ਨਿੱਧੜਕ ਆਗੂ ਵਿਚਰਦੇ ਆ ਰਹੇ ਹਨ, ਜਿਨ੍ਹਾਂ ਸਿਆਸਤ ਦੇ ਗੁਣ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਪ੍ਰਾਪਤ ਕੀਤੇ, ਉਥੇ ਹੀ ਪੰਥਕ ਸੋਚ ਨੂੰ ਹੋਰ ਅੱਗੇ ਲਿਜਾਣ ਦੇ ਨਾਲ-ਨਾਲ ਧਰਮ ਦੇ ਪ੍ਰਚਾਰ ਪਸਾਰ ਵਿਚ ਆਪਣਾ ਹਮੇਸ਼ਾ ਯੋਗਦਾਨ ਪਾਉਣ ਵਿਚ ਵੀ ਕਾਰਜਸ਼ੀਲ ਹਨ। ਜਥੇਦਾਰ ਕਰਨੈਲ ਸਿੰਘ ਪੰਜੌਲੀ ਦੀ ਬਤੌਰ ਜਨਰਲ ਸਕੱਤਰ ਵਜੋਂ ਨਿਯੁਕਤੀ ਨੂੰ ਸਿਆਸੀ ਅਤੇ ਪੰਥਕ ਹਲਕਿਆਂ ਵਿਚ ਸ਼ੁਭ ਸੰਕੇਤ ਵਜੋਂ ਵੇਖਿਆ ਜਾ ਰਿਹਾ ਹੈ।
ਪਟਿਆਲਾ ਜ਼ਿਲ੍ਹੇ ਹੱਥ ਸੁਰਜੀਤ ਸਿੰਘ ਗੜ੍ਹੀ ਦੀ ਰਹੇਗੀ ਸਰਦਾਰੀ

ਜਥੇਦਾਰ ਸੁਰਜੀਤ ਸਿੰਘ ਗੜ੍ਹੀ ਵੀ ਸ਼ੋ੍ਰਮਣੀ ਕਮੇਟੀ ਐਗਜ਼ੈਕਟਿਵ ਮੈਂਬਰ ਵਜੋਂ ਨਿਯੁਕਤੀ ਨਾਲ ਜ਼ਿਲ੍ਹਾ ਪਟਿਆਲਾ ਵਿਚ ਸਰਦਾਰੀ ਬਣਾਉਣ ਵਿਚ ਸਫਲ ਰਹੇ ਹਨ। ਜਥੇਦਾਰ ਸੁਰਜੀਤ ਸਿੰਘ ਗੜ੍ਹੀ ਸ਼ੋ੍ਰਮਣੀ ਕਮੇਟੀ ਦੇ ਇਕ ਇਕ ਅਜਿਹੇ ਮੈਂਬਰ ਹਨ, ਜਿਨ੍ਹਾਂ ਨੇ ਸ਼ੋ੍ਰਮਣੀ ਕਮੇਟੀ ਚੋਣਾਂ ਦੌਰਾਨ 25,000 ਹਜ਼ਾਰ ਦੇ ਕਰੀਬ ਵੋਟਾਂ ਹਾਸਲ ਕਰਕੇ ਇਤਿਹਾਸ ਰਚਿਆ ਸੀ। ਪਟਿਆਲਾ ਜ਼ਿਲ੍ਹੇ ਦੀ ਸਰਦਾਰੀ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਦੇ ਹਿੱਸੇ ਆਉਣ ਨਾਲ ਪੰਥਕ ਸਫਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਵੱਲੋਂ ਰਾਜਪੁਰਾ ਵਿਖੇ ਉਮੀਦਵਾਰ ਵਜੋਂ ਦਾਅਵੇਦਾਰੀ ਜਿਤਾਈ ਗਈ ਸੀ। ਜਥੇਦਾਰ ਗੜ੍ਹੀ ਰਾਜਪੂਤ ਭਾਈਚਾਰੇ ਵਿਚ ਅਹਿਮ ਸਥਾਨ ਰੱਖਦੇ ਹਨ, ਜਿਨ੍ਹਾਂ ਦਾ ਵੱਡਾ ਵੋਟ ਬੈਂਕ ਵੀ ਹੈ। ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸ਼ੀ ਸੋਚ ਸਦਕਾ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਪਾਰਟੀ ਅਨੁਸ਼ਾਸਨ ਵਿਚ ਰਹਿ ਕੇ ਚੱਲਣ ਦਾ ਭਰੋਸਾ ਪ੍ਰਗਟ ਕੀਤਾ, ਜਿਨ੍ਹਾਂ ਦੀਆਂ ਪਾਰਟੀ ਅਤੇ ਪੰਥਕ ਸੇਵਾਵਾਂ ਨੂੰ ਵੇਖਦਿਆਂ ਉਨ੍ਹਾਂ ਨੂੰ ਸ਼ੋ੍ਰਮਣੀ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਵਿਚ ਸ਼ਾਮਲ ਕਰ ਲਿਆ ਗਿਆ ਹੈ। ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਹਮੇਸ਼ਾ ਹੀ ਬਤੌਰ ਮੈਂਬਰ ਸਮਾਜ ਦੇ ਹਰ ਵਰਗ ਨੂੰ ਤਵੱਜੋਂ ਦੇ ਕੇ ਆਪਣੀ ਵਿਲੱਖਣ ਪਹਿਚਾਣ ਸਥਾਪਤ ਕੀਤੀ ਹੋਈ ਹੈ।

