ਝੂਠ ਬੋਲੇ ਕਊਆ ਕਾਟੇ : ਕਿੱਥੇ ਗਈ ‘ਕੈਪਟਨ’ ਤੇ ‘ਸਿਰਸਾ’ ਦੀ ਨੈਤਿਕਤਾ ?
ਕੰਵਰ ਸਿੰਘ ਬੇਦੀ
ਸਾਬਕਾ ਮੁੱਖ ਮੰਤਰੀ ‘ਕੈਪਟਨ’ ਅਮਰਿੰਦਰ ਸਿੰਘ, ਮਨਜਿੰਦਰ ਸਿੰਘ ਸਿਰਸਾ ਅਤੇ ਪਰਮਿੰਦਰ ਸਿੰਘ ਬਰਾੜ ਦਾ ਭਾਜਪਾ ਵੱਲ ਝੁਕਾਅ ਭਾਵੇਂ ਸਾਰਿਆਂ ਨੂੰ ਹੈਰਾਨ ਕਰਨ ਵਾਲਾ ਵਿਖਾਈ ਦਿੰਦਾ ਹੋਵੇ, ਪਰ ਏਸ ’ਚ ਕੋਈ ਅਤਿਕਥਨੀ ਨਹੀਂ ਹੈ ਕਿ ਸਿਆਸਤ ’ਚ ਸਿਆਸਤਦਾਨਾਂ ਦਾ ਕੋਈ ਸਿਧਾਂਤ ਨਹੀਂ ਹੁੰਦਾ। ਗੈਰ ਸਿਧਾਂਤਕ ਸਿਆਸਤਦਾਨਾਂ ਦੇ ਹੱਥਾਂ ’ਚ ਖਿੜ ਰਹੇ ‘ਕਮਲ’ ਦੇ ਫੁੱਲ ਨਾਲ 2022 ਦੀਆਂ ਚੋਣਾਂ ਦੇ ਸੰਦਰਭ ’ਚ ਅਸਥਿਰਤਾ ਪੈਦਾ ਹੋ ਰਹੀ ਹੈ, ਉਥੇ ਹੀ ਸਪੱਸ਼ਟ ਹੁੰਦਾ ਸਿਆਸਤਦਾਨ ਕਿੰਨੀ ਕੁ ਨੈਤਿਕਤਾ ਰੱਖਦੇ ਹਨ। ਸਿਆਸੀ ਪਾਰਟੀਆਂ ਵਿਚਲੇ ਅੰਦਰੂਨੀ ਮਸਲਿਆਂ ਕਾਰਨ ਕਿਨਾਰਾ ਕਰਕੇ ਮੌਕੇਪ੍ਰਸਤੀ ਵਾਲੀ ਕੀਤੀ ਜਾ ਰਹੀ ਸਿਆਸਤ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸਿਆਸਤਦਾਨ ਕੋਈ ਵੀ ਹੋਵੇ ਏਨਾ ’ਤੇ ਯਕੀਨੀ ਨਾ ਕਰਿਓ ?

ਸਵਾਲ ਇਹ ਉਠਦਾ ਹੈ ਕਿ ਆਖਿਰ ਸੱਤਾ ਕਿਹੜੇ ਹੱਥਾਂ ’ਚ ਹੋਵੇ ਜਾਂ ਸੱਤਾ ਕਿੰਨਾ ਲੋਕਾਂ ਹੱਥਾਂ ’ਚ ਸੱਤਾ ਸੁਰੱਖਿਅਤ ਹੈ। ‘ਕੁਰਸੀ’ ਦੀ ਪ੍ਰਾਪਤੀ’ ‘ਸੱਤਾ ਦਾ ਨਸ਼ਾ’ ਵੱਖਰਾ ਹੁੰਦਾ, ਜੋ ਹਰ ਸਿਆਸਤਦਾਨ ਦੇ ਸਿਰ ਚੜ੍ਹ ਅਕਸਰ ਬੋਲਦਾ ਰਹਿੰਦਾ। ਵੋਟਰ ਨੇ ਜਿਹੜੀਆਂ ਗੱਲਾਂ ਸੋਚੀਆਂ ਵੀ ਨਹੀਂ ਹੁੰਦੀਆਂ ਉਹ ਹਾਦਸੇ ਵਾਂਗ ਵਾਪਰ ਜਾਂਦੀਆਂ ਹਨ। ਸਿਆਸਤਦਾਨਾਂ ਵਾਂਗ ‘ਵੋਟਰ’ ਵੀ ਮਤਲਬਪ੍ਰਸਤ, ਸਵਾਰਥੀ ਅਤੇ ਕੰਮ ਕਢਾਊ ਚੱਲਦਾ ਬਣ ਵਾਲਾ ਹੋ ਗਿਆ ਇਸ ਕਰਕੇ ਮੌਜੂਦਾ ਦੌਰ ਦੀ ਸਿਆਸਤ ਵੀ ਘੁਸਮੈਲੀ ਜਿਹੀ ਨਜ਼ਰ ਆਉਣ ਲੱਗ ਪਈ ਹੈ ਤਾਹੀਓ ਸਿਆਸਤ ’ਚ ਅਸਥਿਰਤਾ ਪੈਦਾ ਹੋਣੀ ਸੁਭਾਵਿਕ ਹੋ ਗਈ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ’ਚ ਰਹਿ ਕੇ ਆਪਣੀ ਪ੍ਰਭਾਵਮਈ ਸਿਆਸਤ ਕੀਤੀ ਅਤੇ ਸੱਤਾ ’ਤੇ ਕਾਬਜ਼ ਰਹੇ, ਜਦ ਪਾਰਟੀ ਅੰਦਰ ਅੰਦੂਰਨੀ ਹਾਲਾਤਾਂ ਨੇ ਕਰਵਟ ਲਈ ਤਾਂ ਕਾਂਗਰਸ ਹਾਈਕਮਾਂਡ ਨੇ ‘ਕੈਪਟਨ’ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ। ‘ਕੈਪਟਨ’ ਨੇ ਅਸਤੀਫਾ ਦੇਣ ਮਗਰੋਂ ਇਹ ਗੱਲ ਸ਼ਰੇਆਮ ਕਹੀ ਕਿ ‘ਬਦਲ’ ਬੜੇ ਹਨ, ਜਿਨ੍ਹਾਂ ਨੇ ਗਲ ’ਚ ਪਾਇਆ ਕਾਂਗਰਸ ਵਾਲਾ ‘ਮਫਰਲ’ ਤੁਰੰਤ ਉਤਾਰਿਆ ਅਤੇ ‘ਭਾਜਪਾ’ ਵੱਲ ਝੁਕ ਗਏ ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਈ ਅਤੇ ਸਿਆਸਤ ਪਿੜ ’ਚ ਆ ਡਟੇ। ਇਸੇ ਤਰ੍ਹਾਂ ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਕੇ ਸ਼ੋ੍ਰਮਣੀ ਅਕਾਲੀ ਦਲ ਦੀਆਂ ਮੋਹਰੀ ਸਫਾਂ ’ਚ ਵਿਚਰਦੇ ਰਹੇ, ਜਿਨ੍ਹਾਂ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਭ ਤੋਂ ਨੇੜਲਾ ਸਾਥੀ ਵੀ ਆਖਿਆ ਜਾਂਦਾ ਰਿਹਾ। ਅਕਸਰ ਸਿਰਸਾ ਆਪਣੇ ਆਪ ਨੂੰ ਸ਼ੋ੍ਰਮਣੀ ਅਕਾਲੀ ਦਲ ਦਾ ਸੱਚਾ ਅਤੇ ਪੰਥਕ ਸਿਪਾਹੀ ਆਖਦੇ ਰਹੇ, ਪਰ ਦਿੱਲੀ ਕਮੇਟੀ ਦੇ ਅੰਦਰੂਨੀ ਝਗੜਿਆਂ ਅਤੇ ਘਪਲਿਆਂ ਦੇ ਚੱਲਦਿਆਂ ‘ਸਿਰਸਾ’ ਦਿੱਲੀ ਦੀਆਂ ਵਿਰੋਧੀ ਧਿਰਾਂ ਦੀ ‘ਡਾਰ’ ’ਤੇ ਰਹੇ। ਅਜਿਹੀ ਕਸ਼ਮਕਸ਼ ਦੇ ਚੱਲਦਿਆਂ ਦਿੱਲੀ ਕਮੇਟੀ ਦੀਆਂ ਚੋਣਾਂ ਭਾਵੇਂ ਅਕਾਲੀ ਦਲ ਨੇ ਜਿੱਤੀਆਂ, ਪਰ ‘ਸਿਰਸਾ’ ਦੀ ਹਾਰ ਹੁੰਦੀ ਹੈ, ਗੁਰਬਾਣੀ ਟੈਸਟ ’ਚੋਂ ਉਨ੍ਹਾਂ ਦਾ ਨਤੀਜਾ ਅਸੰਤੁਸ਼ਟ ਕਰਨ ਵਾਲਾ ਰਿਹਾ। ਸਿਰਸਾ ਨੂੰ ਮਿਲੀ ਹਾਰ ਦੇ ਬਾਵਜੂਦ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ‘ਕੋਆਪਟ’ ਮੈਂਬਰ ਵੀ ਲੈ ਲਿਆ ਜਾਂਦਾ, ਜਿਸ ਕਾਰਨ ਇਹ ਮਾਮਲਾ ਵੀ ਵਿਵਾਦਤ ਬਣਿਆ ਅਤੇ ਅਕਾਲੀ ਦਲ ਨੂੰ ਨਮੋਸ਼ੀ ਵੀ ਸਹਿਣੀ ਪਈ। ਸਿਰਸਾ ਵੱਲੋਂ ਪਾਰਟੀ ਅੰਦਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਦੂਰੀ ਬਣਾ ਕੇ ਚੱਲਣਾ ਸ਼ੁਭ ਸੰਕੇਤ ਨਹੀਂ ਮੰਨਿਆ ਜਾ ਰਿਹਾ ਸੀ।

ਦਿੱਲੀ ਚੋਣਾਂ ਜਿੱਤਣ ਦੇ ਬਾਵਜੂਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ‘ਪ੍ਰਧਾਨ’ ਨਾ ਮਿਲਣਾ ਜਿਥੇ ਪਾਰਟੀ ਲਈ ਵੱਡੀਆਂ ਮੁਸ਼ਕਲਾਂ ਸਨ, ਉਥੇ ਹੀ ਦਿੱਲੀ ਕਮੇਟੀ ਦਾ ਹਿਸਾਬ ਕਿਤਾਬ ਵੀ ‘ਸਿਰਸਾ’ ਲਈ ਵੱਡੀ ਸਿਰਦਰਦੀ ਬਣਿਆ। ‘ਸਿਰਸਾ’ ਨੇ ਅਕਾਲੀ ਦਲ ਅੰਦਰ ਕੋਈ ਚਾਰਾ ਨਾ ਚੱਲਦਾ ਵੇਖਕੇ ‘ਖਿਸਕਣਾ’ ਹੀ ਬੇਹਤਰ ਸਮਝਿਆ ਅਤੇ ਆਖਿਰ ‘ਭਾਜਪਾ’ ਵੱਲ ਝੁਕ ਗਏ। ਆਖਿਰ ਰਹੀ ਗੱਲ ਪਰਮਿੰਦਰ ਸਿੰਘ ਬਰਾੜ ਦੀ ਉਹ ਸਿਰਸਾ ਦੇ ਸਭ ਤੋਂ ਕਰੀਬੀ ਦੋਸਤਾਂ ’ਚੋਂ ਰਹੇ ਹਨ। ਸ਼ੋ੍ਰਮਣੀ ਅਕਾਲੀ ਦਲ ਨਾਲ ਜੁੜ ਕੇ ਬਿਕਰਮ ਸਿੰਘ ਮਜੀਠੀਆ ਦੇ ਸਭ ਤੋਂ ਕਰੀਬੀ ਸਾਥੀ ਬਣੇ, ਜਿਨ੍ਹਾਂ ਵੱਲੋਂ ਯੂਥ ਅਕਾਲੀ ਦਲ ’ਚ ਸਰਗਰਮ ਭੂਮਿਕਾ ਨਿਭਾਈ ਗਈ, ਜੋ ਅਕਸਰ ਬਿਕਰਮ ਸਿੰਘ ਮਜੀਠੀਆ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫਲਿਆਂ ਅੱਗੇ ‘ਬਿ੍ਰਗੇਡ’ ਬਣਕੇ ਚੱਲਦੇ ਰਹੇ, ਪ੍ਰੰਤੂ ਇਕ ਸਮਾਂ ਉਹ ਆਇਆ ਜਦ ਉਹ ਪਾਰਟੀ ਦੀਆਂ ਅੰਦਰੂਨੀ ਸਮੱਸਿਆਵਾਂ ਦਾ ਸ਼ਿਕਾਰ ਹੋਏ ਅਤੇ ਪਾਰਟੀ ’ਚੋਂ ‘ਆਊਟ’ ਹੋ ਗਏ ਅਤੇ ਪਰਮਿੰਦਰ ਬਰਾੜ ਦੀ ਵੀ ‘ਭਾਜਪਾ’ ’ਚ ਐਂਟਰੀ ਵੱਜ ਗਈ। ਕਾਂਗਰਸ ਦੇ ਹੱਥ ’ਚੋਂ ‘ਕੈਪਟਨ’ ਦਾ ਹੱਥ ਛੁਟ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਅੰਦਰਲੀ ਸੁੱਖ ਸ਼ਾਂਤੀ ਦਾ ਭੋਗ ਪੈ ਚੁੱਕਿਆ, ਉਥੇ ਹੀ ਸ਼ੋ੍ਰਮਣੀ ਅਕਾਲੀ ਦਲ ਲਈ ਵੱਡੀਆਂ ਚੁਣੌਤੀਆਂ ਇਸ ਕਰਕੇ ਹਨ ਕਿ ‘ਗੈਰ ਸਿਧਾਂਤਕ’ ਲੋਕ ਪਾਰਟੀ ਨੂੰ ਵੱਡਾ ਨੁਕਸਾਨ ਪਹੁੰਚਾ ਰਹੇ ਹਨ। ‘ਪੰਥਕ’ ਅਖਵਾਉਣ ਵਾਲੇ ਲੀਡਰ ਅਕਾਲੀ ਦਲ ਨੂੰ ਛੱਡ ਕੇ ਚਲੇ ਗਏ ਹਨ। ਸਿਆਸੀ ਪਾਰਟੀਆਂ ’ਚ ਚੱਲ ਰਹੀ ਟੁੱਟ-ਭੱਜ ਕਾਰਨ 2022 ’ਚ ਕਿਸੇ ਵੀ ਪਾਰਟੀ ਦਾ ‘ਸੂਰਜ’ ਉਦੇ ਹੁੰਦਾ ਵਿਖਾਈ ਨਹੀਂ ਦੇ ਰਿਹਾ। ਸਿਆਸਤਦਾਨਾਂ ਵੱਲੋਂ ਆਪੋ-ਆਪਣਾ ਰਾਗ ਅਤੇ ‘ਡਫਲੀ’ ਵਜਾ ਜਾ ਕੇ ਸਿਆਸੀ ਪਿੜ ਤਾਂ ਭਖਾ ਜਾ ਰਹੀ ਹੈ, ਪ੍ਰੰਤੂ ‘ਵੋਟਰਾਂ’ ’ਚ ਵਧੀ ਜਗਿਆਸਾ ਅਤੇ ਕਿਸਾਨ ਸੰਘਰਸ਼ ’ਚੋਂ ਸਿਆਸਤਦਾਨਾਂ ਨਾਲ ਆਢਾ ਲਾਉਣ ਵਾਲੀ ਉਭਰੀ ‘ਸਿਆਸਤ’ ਅਤੇ ਸੱਤਾ ਪ੍ਰਾਪਤੀ ਲਈ ਸਿਆਸਤ ਦਾ ਪਿੜ ਮੱਲਣ ਆ ਰਹੀਆਂ ਨਵੀਆਂ ਸਿਆਸੀ ਪਾਰਟੀਆਂ ਕਾਰਨ 2022 ਦੀਆਂ ਚੋਣਾਂ ਦਾ ਗਣਿਤ ਨੂੰ ਵਿਗੜਕੇ ਰਹੇਗਾ।
9814402428

