ਬਿਜਲੀ ਮੁਲਾਜਮਾਂ ਦੀਆਂ ਮੰਗਾਂ ਮੰਨੀਆਂ, ਸੰਘਰਸ਼ ਮੁਅੱਤਲ
ਪਟਿਆਲਾ, 2 ਦਸੰਬਰ, 2021:(ਮਧੂਸਾਰ ਬਿਊਰੋ) ਬਿਜਲੀ ਮੁਲਾਜਮਾਂ ਦੇ ਸੰਘਰਸ਼ ਨੂੰ ਉਸ ਸਮੇਂ ਬੂਰ ਪਿਆ ਜਦੋਂ ਪਾਵਰ ਮੈਨੇਜਮੈਂਟ ਵੱਲੋਂ ਪੰਜਾਬ ਸਰਕਾਰ ਦੇ ਮੁਲਾਜਮਾਂ ਨੂੰ ਮਿਤੀ 1-12-2021 ਤੋਂ ਮਿਲੇ ਤਨਖਾਹ ਸਕੇਲਾਂ ਅਨੁਸਾਰ ਬਿਜਲੀ ਮੁਲਾਜਮਾਂ ਨੂੰ ਗਰੁੱਪ ਨੰ. 4 ਤੋਂ 9 ਅਤੇ 17 ਨੂੰ ਕ੍ਰਮਵਾਰ 6400-39100 ਤੋਂ 11900-34800 ਅਤੇ 10900-34800 ਤੋਂ 16650-39100 ਦਾ ਪੇ-ਬੈਂਡ ਵਿੱਚ ਵਾਧਾ ਕਰ ਦਿੱਤਾ ਗਿਆ ਜਿਸ ਨਾਲ ਹਜਾਰਾਂ ਬਿਜਲੀ ਮੁਲਾਜਮਾਂ ਨੂੰ ਵਿੱਤੀ ਲਾਭ ਹੋਵੇਗਾ। ਜਿਸ ਸਬੰਧੀ ਪਾਵਰ ਮੈਨੈਜਮੈਂਟ ਵੱਲੋਂ ਵਿੱਤੀ ਸਰਕੂਲਰ 24/2021 ਮਿਤੀ 1-12-2021 ਜਾਰੀ ਕਰਨ ਤੇ ਜੁਆਇੰਟ ਫੋਰਮ ਵੱਲੋਂ ਸੰਘਰਸ਼ ਪ੍ਰੋਗਰਾਮ ਮੁਅੱਤਲ ਕਰ ਦਿੱਤਾ ਗਿਆ। ਇਹ ਫੈਸਲਾ ਪੀ.ਐਸ.ਈ.ਬੀ. ਇੰਪਲਾਈਜ ਜੁਆਇੰਟ ਫੋਰਮ ਦੀ ਹੰਗਾਮੀ ਮੀਟਿੰਗ ਵਿੱਚ ਕੀਤਾ ਗਿਆ।
ਮੀਟਿੰਗ ਵਿੱਚ ਜੁਆਇੰਟ ਫੋਰਮ ਵਿੱਚ ਸ਼ਾਮਲ ਬਿਜਲੀ ਮੁਲਾਜਮਾਂ ਦੀਆਂ 10 ਪ੍ਰਮੁੱਖ ਜੱਥੇਬੰਦੀਆਂ ਅਤੇ ਭਰਾਤਰੀ ਜੱਥੇਬੰਦੀਆਂ ਦੇ ਸਾਥੀਆਂ ਸਰਬ ਸਾਥੀ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਕੌਰ ਸਿੰਘ ਸੋਹੀ, ਬਲਵਿੰਦਰ ਸਿੰਘ ਸੰਧੂ, ਹਰਪਾਲ ਸਿੰਘ, ਜਗਰੂਪ ਸਿੰਘ ਮਹਿਮਦਪੁਰ, ਹਰਜਿੰਦਰ ਸਿੰਘ ਦੁਧਾਲਾ, ਹਰਜੀਤ ਸਿੰਘ, ਬਲਦੇਵ ਸਿੰਘ ਮੰਢਾਲੀ, ਸੁਖਵਿੰਦਰ ਸਿੰਘ ਚਾਹਲ, ਅਵਤਾਰ ਸਿੰਘ ਕੈਂਥ, ਰਾਮ ਲੁਭਾਇਆ, ਮਨਜੀਤ ਕੁਮਾਰ, ਗੁਰਕਮਲ ਸਿੰਘ ਅਤੇ ਮਨਜੀਤ ਸਿੰਘ ਮਾਨਸਾ ਸ਼ਾਮਲ ਹੋਏ। ਇਨ੍ਹਾਂ ਆਗੂਆਂ ਨੇ ਲਾਮਿਸਾਲ ਸਫਲ ਸੰਘਰਸ਼ ਲਈ ਬਿਜਲੀ ਕਾਮਿਆਂ ਨੂੰ ਮੁਬਾਰਕਵਾਦ ਦਿੰਦਿਆਂ ਏਕਤਾ ਅਤੇ ਇੱਕਜੁਟਤਾ ਬਣਾਈ ਰੱਖਣ ਲਈ ਕਿਹਾ। ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਮਿਤੀ 27-11-2021 ਦੀ ਮੀਟਿੰਗ ਦੇ ਫੈਸਲੇ ਲਾਗੂ ਕੀਤੇ ਜਾਣ।
ਬਿਜਲੀ ਕਾਮਿਆਂ ਦਾ ਛੁੱਟੀ ਦਾ ਸਮਾਂ ਰੈਗੂਲਰਾਈਜ ਕੀਤਾ ਜਾਵੇ, ਮੁਲਾਜਮਾਂ ਤੇ ਪੈਨਸ਼ਨਰਜ਼ ਦੀ ਨਵੰਬਰ ਮਹੀਨੇ ਦੀ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ, ਮੰਗ ਪੱਤਰ ਅਨੁਸਾਰ ਬਕਾਇਆ ਮੰਗਾਂ ਦਾ ਫੌਰੀ ਮੀਟਿੰਗ ਦੇ ਕੇ ਹੱਲ ਕੀਤਾ ਜਾਵੇ। ਸਾਥੀ ਕਰਮ ਚੰਦ ਭਾਰਦਵਾਜ ਸਕੱਤਰ, ਜੁਆਇੰਟ ਫੋਰਮ ਨੇ ਦੱਸਿਆ ਕਿ ਵੇਜ ਫਾਰਮੂਲੇਸ਼ਨ ਕਮੇਟੀ ਵਿੱਚ ਜੱਥੇਬੰਦੀਆਂ ਦੇ ਪ੍ਰਤੀਨਿਧ ਸ਼ਾਮਲ ਕਰਕੇ ਬਿਜਲੀ ਕਾਮਿਆਂ ਦੇ ਤਨਖਾਹ ਸਕੇਲ ਸੋਧੇ ਜਾਣ । ਜੇਕਰ ਮੈਨੇਜਮੈਂਟ ਨੇ ਮਿਤੀ 5-12-2021 ਤੱਕ ਉਪਰੋਕਤ ਮਸਲਿਆਂ ਦਾ ਹੱਲ ਨਾ ਕੀਤਾ ਤਾਂ ਜੁਆਇੰਟ ਫੋਰਮ ਨੂੰ ਮਿਤੀ 6-12-2021 ਤੋਂ ਮੁੜ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ, ਜਿਸ ਦੀ ਜਿੰਮੇਵਾਰੀ ਪਾਵਰ ਮੈਨੇਜਮੈਂਟ ਦੀ ਹੋਵੇਗੀ।

