ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਕਰਹਾਲੀ ਸਾਹਿਬ ਤੋਂ ਸਜਾਇਆ ਨਗਰ ਕੀਰਤਨ
ਪਿੰਡਾਂ ’ਚ ਵੱਖ-ਵੱਖ ਥਾਵਾਂ ’ਤੇ ਨਗਰ ਕੀਰਤਨ ਦਾ ਭਰਵਾਂ ਸਵਾਗਤ
ਡਕਾਲਾ/ਪਟਿਆਲਾ 6 ਦਸੰਬਰ (ਮਧੂਸਾਰ ਬਿਊਰੋ) ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਦੇ ਸਬੰਧ ਵਿਚ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਕਰਹਾਲੀ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਅਗਵਾਈ ’ਚ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਹੈਡ ਗ੍ਰੰਥੀ ਸਤਪਾਲ ਸਿੰਘ ਵੱਲੋਂ ਕੀਤੀ ਅਰਦਾਸ ਉਪਰੰਤ ਹੋਈ। ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਗੁਰੂ ਸਾਹਿਬ ਜੀ ਦੇ ਸਰੂਪ ਅਦਬ ਅਤੇ ਸਤਿਕਾਰ ਨਾਲ ਪਾਲਕੀ ਸਾਹਿਬ ’ਚ ਸ਼ੁਸ਼ੋਭਿਤ ਕੀਤੇ ਗਏ।

ਨਗਰ ਕੀਰਤਨ ਦੌਰਾਨ ਇਲਾਕੇ ਦੀ ਸੰਗਤ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ ਅਤੇ ਪਾਲਕੀ ਸਾਹਿਬ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰਦੀਆਂ ਸੰਗਤਾਂ ਨੇ ਝਾੜੂ ਬਰਦਾਰ ਬਣ ਕੇ ਸੇਵਾ ਕੀਤੀ। ਇਸ ਦੌਰਾਨ ਸਕੂਲੀ ਬੱਚਿਆਂ ਵੱਲੋਂ ਨੀਲੇ, ਚਿੱਟੇ ਅਤੇ ਕੇਸਰੀ ਪਹਿਰਾਵੇ ਵਿਚ ਸ਼ਿਰਕਤ ਕਰਕੇ ਸਾਰਿਆਂ ਦਾ ਧਿਆਨ ਕੇਂਦਰਿਤ ਕੀਤਾ। ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਕਿਹਾ ਕਿ ਸ਼ਹੀਦੀ ਗੁਰਪੁਰਬ ਮੌਕੇ ਸਜਾਇਆ ਨਗਰ ਕੀਰਤਨ ਵੱਖ-ਵੱਖ ਪਿੰਡਾਂ ’ਚੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਹੀ ਸਮਾਪਤ ਹੋਵੇਗਾ, ਉਥੇ ਹੀ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਨ ਦਾ ਵੱਡਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦ ਦੀ ਚਾਦਰ ਆਖਿਆ ਜਾਂਦਾ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਬਾਣੀ ਅਨੁਸਾਰ ਜੀਵਨ ਬਤੀਤ ਕਰਕੇ ਸਮਾਜ ਦੀ ਕਾਇਆਕਲਪ ਕੀਤੀ ਜਾ ਸਕਦੀ ਹੈ ਅਤੇ ਅੱਜ ਲੋੜ ਹੈ ਕਿ ਗੁਰੂ ਸਾਹਿਬਾਨ ਅਤੇ ਉਦੇਸ਼ ਅਤੇ ਵਿਚਾਰਧਾਰਾ ਨੂੰ ਹੋਰ ਅੱਗੇ ਲਿਜਾਣ ਲਈ ਯਤਨਸ਼ੀਲ ਹੋਈਏ।
ਨਗਰ ਕੀਰਤਨ ਦੌਰਾਨ ਮੈਨੇਜਰ ਗੁਰਲਾਲ ਸਿੰਘ ਨਲੀਨੀ, ਭਾਈ ਰਣਜੀਤ ਸਿੰਘ, ਹਰਵਿੰਦਰ ਸਿੰਘ ਅਕਾਊਟੈਂਟ, ਗੁਰਮੁੱਖ ਸਿੰਘ, ਸ਼ਵਿੰਦਰਪਾਲ ਸਿੰਘ ਇੰਸਪੈਕਟਰ, ਪਰਮਜੀਤ ਸਿੰਘ ਪੰਮਾ, ਪ੍ਰਚਾਰਕ ਪਰਵਿਦਰ ਸਿੰਘ ਬਰਾੜਾ, ਬਾਬਾ ਰਣਜੀਤ ਸਿੰਘ ਰਾਣਾ ਕਾਰ ਸੇਵਾ ਵਾਲੇ, ਹਰਜਿੰਦਰ ਸਿੰਘ ਬਲ, ਭੁਪਿੰਦਰ ਸਿੰਘ ਘਿਉਰਾ, ਸਾਬਕਾ ਚੇਅਰਮੈਨ ਬਲਦੇਵ ਸਿੰਘ ਆਦਿ ਤੋਂ ਇਲਾਵਾ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਆਦਿ ਸ਼ਾਮਲ ਸਨ।

