ਅੰਮ੍ਰਿਤਸਰਪੰਜਾਬ

ਮਾਘੀ ਨੂੰ ਸਮਰਪਿਤ ਬੁੱਢਾ ਦਲ ਵਲੋਂ ਗੁ: ਬਾਬਾ ਨੈਣਾ ਸਿੰਘ ਅਤੇ ਗੁ: ਬੱਗਸਰ ਸਾਹਿਬ ਵਿਖੇ ਧਾਰਮਿਕ ਸਮਾਗਮ ਹੋਣਗੇ

ਨਿਹੰਗ ਸਿੰਘਾਂ ਦੇ ਦਲ ਮੁਕਤਸਰ ਉਤਰਨ ਲੱਗੇ

ਮੁਕਤਸਰ ਸਾਹਿਬ,(ਮਧੂਸਾਰ ਬਿਊਰੋ) 10 ਜਨਵਰੀ-ਮਾਘੀ ਦੇ ਇਤਿਹਾਸਕ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਗੁਰਦੁਆਰਾ ਬਾਬਾ ਨੈਣਾ ਸਿੰਘ ਛਾਉਣੀ ਬੁੱਢਾ ਦਲ ਸ੍ਰੀ ਮੁਕਤਸਰ ਸਾਹਿਬ ਅਤੇ ਗੁਰਦੁਆਰਾ ਬੱਗਸਰ ਸਾਹਿਬ ਜੱਸੀ ਬਾਗ ਵਾਲੀ ਵਿਖੇ ਬੁੱਢਾ ਦਲ ਦੇ ਨਿਹੰਗ ਸਿੰਘਾਂ ਨੇ ਉਤਾਰੇ ਕਰ ਲਏ ਹਨ ਅਤੇ ਮਾਘੀ ਮੇਲੇ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਅਰੰਭ ਦਿੱਤੀਆਂ ਹਨ।ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਲਾਹੀ ਅਖੰਡ ਬਾਣੀ ਦੇ ਅਖੰਡ ਪਾਠ ਮਿਤੀ 12 ਜਨਵਰੀ ਤੋਂ ਅਰੰਭ ਹੋ ਕੇ 14 ਜਨਵਰੀ ਨੂੰ ਭੋਗ ਪਾਏ ਜਾਣਗੇ।ਏਸੇ ਤਰਾਂ ਮੁਕਤਸਰ ਸਾਹਿਬ ਵਿਖੇ ਸ੍ਰੀ ਦਸਮ ਗ੍ਰੰਥ ਅਤੇ ਸ੍ਰੀ ਸਰਬ ਲੋਹ ਗ੍ਰੰਥ ਦੇ ਭੋਗ 15 ਜਨਵਰੀ ਨੂੰ ਪੈਣਗੇ।

ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਦੋਹਾਂ ਧਾਰਮਿਕ ਅਸਥਾਨਾਂ ਪੁਰ ਧਾਰਮਿਕ ਦੀਵਾਨ ਸੱਜਣਗੇ ਅਤੇ ਅੰਮ੍ਰਿਤ ਸੰਚਾਰ ਹੋਵੇਗਾ।ਉਨ੍ਹਾਂ ਦੱਸਿਆ ਕਿ ਇਹ ਸਾਰੇ ਸਮਾਗਮ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਤੇ ਦਿਸ਼ਾ ਨਿਰਦੇਸ਼ਨਾ ਹੇਠ ਕੀਤੇ ਜਾਣਗੇ।ਉਨ੍ਹਾਂ ਇਸ ਅਸਥਾਨ ਦੀ ਇਤਿਹਾਸਕ ਮਹੱਤਤਾ ਦੱਸਦਿਆ ਕਿਹਾ ਕਿ ਦੱਸਵੇਂ ਪਾਤਸ਼ਾਹ ਨੇ ਖਿਦਰਾਣੇ ਦੀ ਢਾਬ ਦਾ ਧਰਮ ਯੁੱਧ ਫਤਹਿ ਕੀਤਾ, ਧਰਮੀ ਸ਼ਹੀਦ ਸਿੰਘਾਂ ਨੂੰ ਵੱਖਵੱਖ ਖਿਤਾਬ ਬਖ਼ਸ਼ਦੇ ਹੋਏ ਅਤੇ ਹੋਰ ਅਨੇਕਾਂ ਬਚਨਾਂ ਰਾਹੀਂ ਕਲਯੁਗੀ ਜੀਵਾਂ ਦੇ ਉਧਾਰ ਕਰਦੇ ਹੋਏ ਮੁਕਤਸਰ ਤੋਂ ਪਿੰਡ ਜੱਸੀ ਬਾਗ ਵਾਲੀ ਗੁ: ਬੱਗਸਰ ਸਾਹਿਬ ਵਾਲੇ ਸਥਾਨ ਤੇ ਪੁਜੇ।ਮਾਘੀ ਮੇਲੇ ਨੂੰ ਸਮਰਪਿਤ ਦੋਹਾਂ ਮਹਾਨ ਤੀਰਥਾਂ ਪਰ ਧਾਰਮਿਕ ਸਮਾਗਮਾਂ ਚਾਰੇ ਦਿਨ ਚੱਲਣਗੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।ਨਿਹੰਗ ਸਿੰਘ ਫੌਜਾਂ ਦੇੇ ਲਾਇਸੈਂਸ ਨਵੇਂ ਬਣਾਏ ਅਤੇ ਰੀਨਿਊ ਕੀਤੇ ਜਾਣਗੇ।

Leave a Reply

Your email address will not be published. Required fields are marked *