ਵਿਧਾਨ ਸਭਾ ਚੋਣਾਂ ‘ਚ ਜਿੱਤ ਤੋਂ ਬਾਅਦ ਕੀਤਾ ਜਾਵੇਗਾ ਚਹੁੰਪੱਖੀ ਵਿਕਾਸ: ਸੁਰਜੀਤ ਰੱਖੜਾ
ਕਾਂਗਰਸ ਨੇ ਪੰਜ ਸਾਲਾਂ ‘ਚ ਪੰਜਾਬ ਦਾ ਕੀਤਾ ਬੇੜਾਗਰਕ
ਪਟਿਆਲਾ, 10 ਜਨਵਰੀ (ਮਧੂਸਾਰ ਬਿਊਰੋ): ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਹਲਕਾ ਸਮਾਣਾ ਤੋਂ ਉਮੀਦਵਾਰ ਅਤੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਤੋਂ ਬਾਅਦ ਪੰਜਾਬ ਦਾ ਚਹੁੰ ਪੱਖੀ ਵਿਕਾਸ ਕੀਤਾ ਜਾਵੇਗਾ ਕਿਉਂਕਿ ਕਾਂਗਰਸ ਨੇ ਪੰਜ ਸਾਲਾਂ ਦੇ ਦੌਰਾਨ ਪੰਜਾਬ ਦਾ ਪੂਰੀ ਤਰ੍ਹਾ ਬੇੜਾਗਰਕ ਕਰਕੇ ਰੱਖ ਦਿੱਤਾ ਹੈ। ਸ. ਰੱਖੜਾ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਵੱਖ-ਵੱਖ ਪਿੰਡਾਂ ‘ਚ ਮੀਟਿੰਗਾਂ ਦੌਰਾਨ ਕੀਤਾ।
ਸੁਰਜੀਤ ਰੱਖੜਾ ਨੇ ਕਿਹਾ ਕਿ ਅੱਜ ਪੰਜਾਬ ਨੂੰ ਚੰਗੇ ਨੇਤਾਵਾਂ ਦੀ ਸਖਤ ਲੋੜ ਹੈ ਕਿਉਂਕਿ ਮੁੱਖ ਮੰਤਰੀ ਚੰਨੀ ਸਿਰਫ਼ ਫੋਕੇ ਐਲਾਨਾਂ ਤੱਕ ਹੀ ਸੀਮਿਤ ਹਨ। ਜਦੋਂ ਕਿ ਅਸਲੀਅਤ ਵਿੱਚ ਲੋਕਾਂ ਨੂੰ ਇੱਕ ਵੀ ਸਹੂਲਤ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿਲੋਕ ਚੰਨੀ ਸਰਕਾਰ ਦੇ ਇਨ੍ਹਾਂ ਝੂਠੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਜਾਣੂ ਹੋ ਚੁੱਕੇ ਹਨ। ਇਸ ਲਈ ਕਾਂਗਰਸ ਨੂੰ ਪੰਜਾਬ ਅੰਦਰੋਂ ਚੱਲਦਾ ਕਰਨ ਲਈ ਤਿਆਰ ਬਰ ਤਿਆਰ ਹਨ।
ਸ. ਰੱਖੜਾ ਨੇ ਕਿਹਾ ਕਿ ਆਪ ਪਾਰਟੀ ਦਾ ਵੀ ਪੰਜਾਬ ਅੰਦਰ ਕੋਈ ਅਧਾਰ ਨਹੀਂ ਹੈ, ਇਸ ਲਈ ਲੋਕਾਂ ਦੀ ਸਿੱਧੇ ਤੌਰ ‘ਤੇ ਪਹਿਲੀ ਪਸੰਦ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਪਾਰਟੀ ਬਣੀ ਹੋਈ ਹੈ, ਜੋਕਿ ਹਮੇਸ਼ਾ ਲੋਕਾਂ ਦੇ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਇਸ ਮਿਲ ਰਹੇ ਸਹਿਯੋਗ ਤੇ ਸਪੋਰਟ ਦੇ ਚੱਲਦਿਆਂ ਅਕਾਲੀ ਦਲ ਤੇ ਬਸਪਾ ਵਿਧਾਨ ਸਭਾ ਚੋਣਾਂ ਵਿੱਚ ਹੁੰਝਾਫੇਰ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਜਿੱਤ ਤੋਂ ਬਾਅਦ ਹਲਕੇ ਦਾ ਰਿਕਾਰਡਤੋੜ ਵਿਕਾਸ ਕਰਵਾਉਣ ਵਿੱਚ ਕੋਈ ਵੀ ਘਾਟ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਚਰਨਜੀਤ ਸਿੰਘ ਰੱਖੜਾ ਸੀਨੀਅਰ ਅਕਾਲੀ ਨੇਤਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਜਸਪਾਲ ਸਿੰਘ ਕਲਿਆਣ ਸਾਬਕਾ ਚੈਅਰਮੈਨ, ਸੀਨੀਅਰ ਅਕਾਲੀ ਨੇਤਾ ਕਪੂਰ ਚੰਦ ਬਾਂਸਲ ਪ੍ਰਧਾਨ ਨਗਰ ਕੌਂਸਲ ਸਮਾਣਾ, ਜਗਜੀਤ ਸਿੰਘ ਸੌਨੀ ਤੇ ਗੁਰਜੰਟ ਸਿੰਘ ਜੰਟਾਂ ਪੀ ਏ ਸਰਦਾਰ ਰੱਖੜਾ, ਸਾਬਕਾ ਚੈਅਰਮੈਨ ਭੁਪਿੰਦਰ ਸਿੰਘ ਡਕਾਲਾ, ਜਥੇਦਾਰ ਹਰਜਿੰਦਰ ਸਿੰਘ ਬੱਲ ਸਾਬਕਾ ਚੈਅਰਮੈਨ, ਸਾਬਕਾ ਚੈਅਰਮੈਨ ਮਲਕੀਤ ਸਿੰਘ ਡਕਾਲਾ, ਜਥੇਦਾਰ ਬਲਦੇਵ ਸਿੰਘ ਬਠੋਈ ਸਾਬਕਾ ਚੈਅਰਮੈਨ, ਰਘਬੀਰ ਸਿੰਘ ਕਲਿਆਣ ਪ੍ਰਧਾਨ ਯੂਥ ਅਕਾਲੀ ਦਲ ਹਲਕਾ ਸਮਾਣਾ, ਅਜਮੇਰ ਸਿੰਘ ਪਸਿਆਣਾ ਸਾਬਕਾ ਸਰਪੰਚ, ਗੋਸਾ ਢੀਢਸਾਂ ਕਲਰਭੈਣੀ ਸਾਬਕਾ ਸਰਪੰਚ, ਨਰਿੰਦਰ ਸਿੰਘ ਖੇੜੀਮਾਨੀਆਂ ਸਾਬਕਾ ਸਰਪੰਚ, ਹਰਦੀਪ ਸਿੰਘ ਆਸੇਮਾਜਰਾ ਸੀਨੀਅਰ ਅਕਾਲੀ ਨੇਤਾ ਤੇ ਹੋਰ ਨੇਤਾ ਵੀ ਹਾਜਰ ਸਨ।
ਭਿੰਡਰ ਕਲੋਨੀ ਤੋਂ ਗੁਰਮੁੱਖ ਢੋਟ ਤੇ ਅਨਮੋਲ ਢੋਟ ਹੋਏ ਅਕਾਲੀ ਦਲ ‘ਚ ਸ਼ਾਮਲ
ਇਸ ਮੌਕੇ ਸ. ਸੁਰਜੀਤ ਸਿੰਘ ਰੱਖੜਾ ਤੇ ਪਾਰਟੀਆਂ ਦੀਆਂ ਚੰਗੀਆਂ ਨੀਤੀਆਂ ਨੂੰ ਦੇਖਦੇ ਹੋਏ ਭਿੰਡਰ ਕਲੋਨੀ ਤੋਂ ਗੁਰਮੁੱਖ ਸਿੰਘ ਢੋਟ ਤੇ ਅਨਮੋਲ ਢੋਟ ਨੇ ਕਾਂਗਰਸ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ। ਸਾਰੇ ਆਗੂਆਂ ਨੇ ਸ. ਸੁਰਜੀਤ ਸਿੰਘ ਰੱਖੜਾ ਨੇ ਸਿਰੋਪਾ ਪਾ ਕੇ ਸਨਮਾਨਿਤ ਵੀ ਕੀਤਾ ਤੇ ਬਣਦਾ ਮਾਨ ਸਨਮਾਨ ਦਿਵਾਉਣ ਦਾ ਭਰੋਸਾ ਦਿਵਾਇਆ। ਇਸ ਦੌਰਾਨ ਆਗੂਆਂ ਵੱਲੋਂ ਸ. ਰੱਖੜਾ ਦੇ ਹੱਕ ਵਿੱਚ ਪਿੰਡ ਭਾਨਰਾ ਵਿਖੇ ਡੋਰ ਟੂ ਡੋਰ ਪ੍ਰਚਾਰ ਵੀ ਕੀਤਾ ਗਿਆ, ਜਿਸ ਵਿੱਚ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ।

