ਪਿਛਲੇ 24 ਘੰਟਿਆਂ ‘ਚ ਸੀ-ਵਿਜਲ ‘ਤੇ ਆਈਆਂ 29 ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ-ਜ਼ਿਲ੍ਹਾ ਚੋਣ ਅਫ਼ਸਰ
ਪਿਛਲੇ 24 ਘੰਟਿਆਂ ‘ਚ 1950 ਨੰਬਰ ‘ਤੇ 50 ਲੋਕਾਂ ਨੇ ਵੋਟਾਂ ਬਾਰੇ ਸਹਾਇਤਾ ਲਈ ਕੀਤਾ ਫੋਨ
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਾਰੇ ਰਿਟਰਨਿੰਗ ਅਧਿਕਾਰੀਆਂ ਨੂੰ ਨਿਰਦੇਸ਼, ਕਿਸੇ ਹਲਕੇ ‘ਚ ਨਾ ਲੱਗਿਆ ਰਹੇ ਕੋਈ ਸਿਆਸੀ ਪੋਸਟਰ ਤੇ ਬੈਨਰ
ਪਟਿਆਲਾ, 11 ਜਨਵਰੀ:(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਨਿਰਪੱਖ, ਸੁਤੰਤਰ ਅਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਲਾਗੂ ਆਦਰਸ਼ ਚੋਣ ਜਾਬਤੇ ਦੀ ਪਾਲਣਾ ਪਟਿਆਲਾ ਜ਼ਿਲ੍ਹੇ ਅੰਦਰ ਸਖ਼ਤੀ ਨਾਲ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕੀਤਾ। ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ 8 ਰਿਟਰਨਿੰਗ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਅੰਦਰ ਕਿਸੇ ਵੀ ਜਗ੍ਹਾ ਕੋਈ ਸਿਆਸੀ ਬੈਨਰ, ਪੋਸਟਰ ਜਾਂ ਫਲੈਕਸ ਹੋਰਡਿੰਗ ਨਹੀਂ ਲੱਗਿਆ ਹੋਣਾ ਚਾਹੀਦਾ, ਜਿਸ ਲਈ ਵਿਸ਼ੇਸ਼ ਮੁਹਿੰਮ ਚਲਾ ਕੇ ਇਸ ਦਾ ਜਾਇਜ਼ਾ ਲਿਆ ਜਾਵੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸਹਾਇਤਾ ਲਈ ਸ਼ੁਰੂ ਕੀਤੀ ਹੈਲਪਲਾਈਨ ਨੰਬਰ 1950 ‘ਤੇ ਲਗਾਤਾਰ ਲੋਕ ਸਹਾਇਤਾ ਲਈ ਫੋਨ ਕਰ ਰਹੇ ਹਨ ਅਤੇ ਪਿਛਲੇ 24 ਘੰਟਿਆਂ ‘ਚ ਇਸ ਨੰਬਰ ‘ਤੇ 50 ਲੋਕਾਂ ਨੇ ਵੋਟਾਂ ਬਾਰੇ ਸਹਾਇਤਾ ਲਈ ਫੋਨ ਕੀਤਾ ਹੈ, ਜਿਸ ‘ਤੇ ਇਸ ਹੈਲਪਲਾਈਨ ਨੰਬਰ ‘ਤੇ ਤਾਇਨਾਤ ਅਮਲੇ ਵੱਲੋਂ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਗਈ।
ਸ੍ਰੀ ਸੰਦੀਪ ਹੰਸ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਹੀ ਸੀ-ਵਿਜਲ ਐਪ ‘ਤੇ ਵੀ ਪਿਛਲੇ 24 ਘੰਟਿਆਂ ਦੇ ਅੰਦਰ-ਅੰਦਰ 29 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਦਾ ਮਿਥੇ ਸਮੇਂ ਦੇ ਅੰਦਰ-ਅੰਦਰ ਨਿਪਟਾਰਾ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ 14 ਸ਼ਿਕਾਇਤਾਂ ਦਾ ਚੋਣ ਪ੍ਰਕ੍ਰਿਆ ਨਾਲ ਕੋਈ ਸਬੰਧ ਨਾ ਹੋਣ ਕਰਕੇ ਇਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਜਦਕਿ 15 ਸਹੀ ਪਾਈਆਂ ਗਈਆਂ ਅਤੇ ਇਨ੍ਹਾਂ ‘ਤੇ ਵੀ 100 ਮਿੰਟਾਂ ਦੇ ਅੰਦਰ-ਅੰਦਰ ਕਾਰਵਾਈ ਕਰਦਿਆਂ ਇਨ੍ਹਾਂ ਦਾ ਨਿਪਟਾਰਾ ਕੀਤਾ ਗਿਆ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸੀ-ਵਿਜਲ ਐਪ ‘ਤੇ ਜਿਆਦਾਤਰ ਸ਼ਿਕਾਇਤਾਂ ਬੈਨਰ ਤੇ ਫਲੈਕਸਾਂ, ਹੋਰਡਿੰਗਜ ਦੀਆਂ ਸਨ, ਜਿਨ੍ਹਾਂ ਨੂੰ ਫਲਾਇੰਗ ਸੁਕਾਇਡ ਟੀਮਾਂ ਵੱਲੋਂ ਤੁਰੰਤ ਉਤਰਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨਿਰਪੱਖ ਤੇ ਸੁਤੰਤਰ ਚੋਣਾਂ ਕਰਵਾਉਣ ਲਈ ਨਿਰੰਤਰ 24 ਘੰਟੇ ਕੰਮ ਕਰ ਰਿਹਾ ਹੈ ਅਤੇ ਕਿਸੇ ਵੀ ਜਗ੍ਹਾ ਚੋਣ ਜਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਪ੍ਰਾਪਤ ਹੋਣ ‘ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਉਨ੍ਹਾਂ ਨੇ ਸਮੂਹ ਰਿਟਰਨਿੰਗ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਹਲਕਿਆਂ ਅੰਦਰ ਆਪਣੀਆਂ ਟੀਮਾਂ ਰਾਹੀਂ ਇਕ ਮੁਹਿੰਮ ਚਲਾ ਕੇ ਸਾਰੇ ਹਲਕੇ ਦਾ ਨਿਰੀਖਣ ਕਰਵਾਉਣ ਤਾਂ ਕਿ ਕਿਸੇ ਵੀ ਜਗ੍ਹਾ ਕਿਸੇ ਜਨਤਕ, ਸਰਕਾਰੀ ਜਾਂ ਨਿਜੀ ਜਾਇਦਾਦ ‘ਤੇ ਲੱਗੇ ਹੋਏ ਸਿਆਸੀ ਬੈਨਰ ਜਾਂ ਹੋਰਡਿੰਗਜ ਤੁਰੰਤ ਉਤਰਵਾਏ ਜਾਣ ਅਤੇ ਚੋਣ ਜਾਬਤੇ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

