ਨਕਲੀ ਦਵਾਈਆਂ ਦਾ ਫੜਿਆ ਜ਼ਖੀਰਾ,ਸਿਹਤ ਵਿਭਾਗ ਤੇ ਪੁਲਸ ਵੱਲੋਂ ਰੇਡ
ਪਟਿਆਲਾ 17 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਇਥੋਂ ਦੇ ਫ਼ੈਕਟਰੀ ਏਰੀਆ ਵਿਖੇ ਸਿਹਤ ਵਿਭਾਗ ਨੇ ਬੱਚਿਆਂ ਦਾ ਪਾਉਡਰ ਵਾਲਾ ਨਕਲੀ ਦੁੱਧ ਬਣਾਉਣ ਵਾਲੀ ਫ਼ੈਕਟਰੀ ਦਾ ਪਰਦਾਫ਼ਾਸ਼ ਕਰਨ ਦਾ ਦਾਅਵਾ ਕੀਤਾ ਗਿਆ ਹੈ। ਛਾਪਾਮਾਰੀ ਦੌਰਾਨ ਵਿਭਾਗ ਦੀਆਂ ਟੀਮਾਂ ਵਲੋਂ 7 ਹਜ਼ਾਰ ਤੋਂ ਵੱਧ ਬੱਚਿਆਂ ਦੇ ਦੁੱਧ ਵਾਲੇ ਪਾਉਡਰ ਦੇ ਡੱਬਿਆਂ ਸਮੇਤ ਹੋਰ ਦਵਾਈਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਫਿ਼ਲਹਾਲ ਟੀਮਾਂ ਵਲੋਂ ਖਬਰ ਲਿਖੇ ਜਾਣ ਤੱਕ ਕਾਰਵਾਈ ਜਾਰੀ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸੀਸਟੈਂਟ ਸਿਵਲ ਸਰਜ਼ਨ ਡਾ. ਵਿਕਾਸ ਗੋਇਲ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਫ਼ੈਕਟਰੀ ਏਰੀਆ `ਚ ਲੰਘੀ ਹੋਈ ਮਿਆਦ ਦੇ ਦੁੱਧ ਦੇ ਪਾਊਡਰਾਂ ਨੂੰ ਨਵੀਂਆਂ ਪੈਕਿੰਗਾਂ ਵਿਚ ਤਿਆਰ ਕੀਤਾ ਜਾ ਰਿਹਾ ਹੈ।
ਇਨ੍ਹਾਂ ਪੈਕਿੰਗਾਂ ਨਾਲ ਸਿੱਧੇ ਤੌਰ ਤੇ ਬੱਚਿਆਂ ਦੀ ਜਿੰਦਗੀ ਨਾਲ ਹੀ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਮਿਲੀ ਸਿ਼ਕਾਇਤ ਦੇ ਅਧਾਰ ਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਇਥੇ ਕੀਤੀ ਗਈ ਛਾਪਾਮਾਰੀ ਦੌਰਾਨ ਬੱਚਿਆਂ ਦੇ ਨਾ ਪੀਣ ਯੌਗ ਦੁੱਧ ਦਾ ਪਾਊਡਰ ਬਰਾਮਦ ਕੀਤਾ ਹੈ ਤੇ ਨਾਲ ਹੀ ਕਈ ਅਜਿਹੀ ਐਕਸਪਾਇਰੀ ਦਵਾਈਆਂ ਮਿਲੀਆਂ ਹਨ ਜਿੰਨਾਂ ਫ਼ੂਡ ਸੇਫ਼ਟੀ ਦੀਆਂ ਟੀਮਾਂ ਵਲੋਂ ਕਬਜ਼ੇ ਵਿਚ ਲਿਆ ਜਾ ਰਿਹਾ ਹੈ। ਫਿ਼ਲਹਾਲ ਇਥੋਂ ਦੇ ਸਾਰੇ ਸਮਾਨ ਨੂੰ ਕਬਜ਼ੇ ਵਿਚ ਲਿਆ ਜਾ ਰਿਹਾ ਹੈ ਤੇ ਜਿਨ੍ਹਾਂ ਦੀ ਜਾਂਚ ਤੋਂ ਬਾਅਦ ਸਬੰਧਤ ਫ਼ੈਕਟਰੀ ਮਾਲਕਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

