ਬੀਜੇਪੀ ਨੇਤਾ ਤੇ ਸਾਬਕਾ ਕੌਂਸਲਰ ਮੋਹਨ ਗੇਰਾ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ
ਬਾਦਲ ਨੇ ਸਿਰੋਪਾ ਪਾ ਕੇ ਕੀਤਾ ਸਨਮਾਨ, ਬਿੱਟੂ ਚੱਠਾ ਦੀ ਮੁਹਿੰਮ ਨੂੰ ਵੱਡਾ ਹੁਲਾਰਾ
ਬੀਜੇਪੀ ਅਤੇ ਕਾਂਗਰਸ ਨੇ ਹਮੇਸ਼ਾ ਲੋਕਾਂ ਦੀ ਅਵਾਜ ਨੂੰ ਦਬਾਇਆ : ਬਿੱਟੂ ਚੱਠਾ
ਅਕਾਲੀ ਦਲ-ਬਸਪਾ ਵੱਲੋਂ ਦਿੱਤਾ ਜਾ ਰਿਹੈ ਹਰ ਵਰਗ ਦਾ ਸਾਥ
ਪਟਿਆਲਾ, 25 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ): ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਦੀ ਮੁਹਿੰਮ ਨੂੰ ਉਸ ਸਮੇਂ ਵੱਡਾ ਜ਼ਬਰਦਸਤ ਹੁਲਾਰਾ ਮਿਲਿਆ, ਜਦੋਂ ਤ੍ਰਿਪੜੀ ਏਰੀਏ ਦੇ ਸਾਬਕਾ ਕੌਂਸਲਰ ਤੇ ਬੀਜੇਪੀ ਨੇਤਾ ਮੋਹਨ ਗੇਰਾ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਹਿੰਦੂ ਨੇਤਾ ਵਜੋਂ ਜਾਣੇ ਜਾਂਦੇ ਮੋਹਨ ਗੇਰਾ ਦੋ ਬਾਰ ਕੌਂਸਲਰ ਰਹਿ ਚੁੱਕੇ ਹਨ ਤੇ ਉਨ੍ਹਾਂ ਦਾ ਤ੍ਰਿਪੜੀ ਏਰੀਆ ਵਿੱਚ ਵੱਡਾ ਅਧਾਰ ਹੈ। ਇਸ ਮੁਹਿੰਮ ਨਾਲ ਬੀਜੇਪੀ ਤੇ ਕਾਂਗਰਸ ਦੋਵਾਂ ਨੂੰ ਵੱਡਾ ਝਟਕਾ ਲੱਗਿਆ ਹੈ। ਮੋਹਨ ਗੇਰਾ ਨੂੰ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਰੋਪਾ ਪਾ ਕੇ ਪਾਰਟੀ ਜੁਆਇਨ ਕਰਵਾਈ ਹੈ।
ਇਸ ਮੌਕੇ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਬੀਜੇਪੀ ਤੇ ਕਾਂਗਰਸ ਨੇ ਹਮੇਸ਼ਾ ਲੋਕਾਂ ਦੀ ਅਵਾਜ ਨੂੰ ਦਬਾਇਆ ਹੈ, ਕਿਉਂਕਿ ਲੋਕਾਂ ਦੇ ਹੱਕਾਂ ਨੂੰ ਮਾਰਨਾ ਕਾਂਗਰਸ ਦੀ ਫਿਤਰਤ ਵਿੱਚ ਸ਼ਾਮਲ ਹੈ ਪਰ ਹੁਣ ਅਜਿਹਾ ਬਿਲਕੁੱਲ ਵੀ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਲੋਕ ਪੂਰੀ ਤਰ੍ਹਾ ਜਾਗਰੂਕ ਹਨ। ਜਸਪਾਲ ਸਿੰਘ ਬਿੱਟੂ ਚੱਠਾ ਨੇ ਕਿਹਾ ਕਿ ਮੋਹਨ ਗੇਰਾ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਨਾਲ ਉਨ੍ਹਾਂ ਦੀ ਵੱਡੀ ਜਿੱਤ ਯਕੀਨੀ ਹੋ ਗਈ ਹੈ ਅਤੇ ਉਹ ਇਸ ਲਈ ਮੋਹਨ ਗੇਰਾ ਤੇ ਉਨ੍ਹਾਂ ਦੇ ਸਾਥੀਆਂ ਦਾ ਧੰਨਵਾਦ ਕਰਦੇ ਹਨ।
ਜਸਪਾਲ ਸਿੰਘ ਬਿੱਟੂ ਚੱਠਾ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਪੰਜ ਸਾਲ ਦੇ ਰਾਜ ਸ਼ਾਸ਼ਨ ਦੋਰਾਨ ਸਿਰਫ ਲੋਕਾਂ ਨੂੰ ਕੁੱਟਣ ਅਤੇ ਲੁੱਟਣ ‘ਤੇ ਹੀ ਆਪਣਾ ਜ਼ੋਰ ਦਿੱਤਾ, ਜਿਸਦਾ ਪੰਜਾਬ ਦੇ ਲੋਕਾਂ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੂਰਾ ਹਿਸਾਬ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਵੱਲੋਂ ਆਪਣਾ ਪੂਰਾ ਸਹਿਯੋਗ ਤੇ ਸਾਥ ਅਕਾਲੀ ਦਲ ਨੂੰ ਦਿੱਤਾ ਜਾ ਰਿਹਾ ਹੈ ਕਿਉਂਕਿ ਲੋਕ ਜਾਣਦੇ ਹਨ ਕਿ ਅਕਾਲੀ ਦਲ ਤੇ ਬਸਪਾ ਵੱਲੋਂ ਹਮੇਸ਼ਾ ਹਰ ਵਰਗ ਦਾ ਸਾਥ ਦਿੱਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦੇ ਵਿਸ਼ਵਾਸ਼ ਤੇ ਭਰੋਸੇ ਨੂੰ ਇਸੇ ਤਰ੍ਹਾਂ ਕਾਇਮ ਰੱਖਿਆ ਜਾਵੇਗਾ ਅਤੇ ਕਾਂਗਰਸ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਕਰਾਰੀ ਹਾਰ ਦਾ ਮਜ਼ਾ ਚਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਪ ਨੇਤਾ ਕੇਜਰੀਵਾਲ ਵੀ ਲੋਕਾਂ ਨੂੰ ਝੂਠ ਦੇ ਸੁਪਨੇ ਨਾ ਵਿਖਾਵੇ ਕਿਉਂਕਿ ਆਪ ਦੀ ਸਿਆਸੀ ਚਾਲਾਂ ਤੋਂ ਲੋਕ ਚੰਗੀ ਤਰ੍ਹਾਂ ਜਾਣੂ ਹਨ। ਇਸ ਲਈ ਲੋਕਾਂ ਦੇ ਪੂਰੇ ਸਹਿਯੋਗ ਨਾਲ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਤੇ ਬਸਪਾ ਵਾਪਸੀ ਕਰਨ ਲਈ ਤਿਆਰ ਬਰ ਤਿਆਰ ਹੈ। ਇਸ ਮੌਕੇ ਸਾਬਕਾ ਚੇਅਰਮੈਨ ਲਖਵੀਰ ਸਿੰਘ ਲੌਟ, ਸਾਬਕਾ ਕੌਂਸਲਰ ਮਾਲਵਿੰਦਰ ਸਿੰਘ ਝਿਲ, ਹਰਵਿੰਦਰ ਸਿੰਘ ਬੱਬੂ, ਪਰਮਜੀਤ ਸਿੰਘ ਪੰਮਾ, ਰਾਜਿੰਦਰ ਸਿੰਘ ਵਿਰਕ, ਜਸਵੰਤ ਸਿੰਘ ਟਿਵਾਣਾ, ਡਾ. ਮਨਪ੍ਰੀਤ ਚੱਢਾ ਅਤੇ ਹੋਰ ਵੀ ਨੇਤਾ ਹਾਜਰ ਸਨ।

