ਪੰਜਾਬਪਟਿਆਲਾ

ਤਰਜਮਾ ਪ੍ਰੋਜੈਕਟ’ ਦੀ ਸ਼ੁਰੂਆਤ ਕਰਨ ਹਿਤ ਉਦਘਾਟਨੀ ਪ੍ਰੋਗਰਾਮ ਦਾ ਆਯੋਜਨ

ਪਟਿਆਲਾ (ਮਧੂਸਾਰ ਬਿਊਰੋ) ਜਦੋਂ ਤਬਲੇ ਦੀ ਤਾਲ ਉੱਪਰ ਨ੍ਰਿਤਕ ਦੇ ਪੈਰ ਥਰਕਦੇ ਹਨ ਤਾਂ ਇਹ ਇੱਕ ਸਾਜ਼ ਦੇ ਬੋਲਾਂ ਦਾ ਨ੍ਰਿਤ ਵਿੱਚ ਤਰਜਮਾ ਹੁੰਦਾ ਹੈ’ ਇਹ ਸ਼ਬਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ.ਐੱਮ.ਆਰ. ਸੀ.) ਪਟਿਆਲਾ ਦੇ ਇੱਕ ‘ਤਰਜਮਾ ਪ੍ਰੋਜੈਕਟ’ ਦੇ ਉਦਘਾਟਨ ਸਮੇਂ ਕਹੇ ਗਏ।

ਜ਼ਿਕਰਯੋਗ ਹੈ ਕਿ ਈ.ਐੱਮ.ਆਰ. ਸੀ. ਪਟਿਆਲਾ ਨੂੰ ਭਾਰਤ ਸਰਕਾਰ ਦੇ ਅਦਾਰੇ ‘ਕਨਸੌਰਸ਼ੀਅਮ ਆਫ਼ ਐਜੂਕੇਸ਼ਨਲ ਕਮਿਉਨੀਕੇਸ਼ਨ’ (ਸੀ.ਈ.ਸੀ) ਤੋਂ ਹਾਸਿਲ ਹੋਏ ‘ਤਰਜਮਾ ਪ੍ਰੋਜੈਕਟ’ ਦੀ ਸ਼ੁਰੂਆਤ ਕਰਨ ਹਿਤ ਉਦਘਾਟਨੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸੀ.ਈ.ਸੀ. ਦੇ ਡਾਇਰੈਕਟਰ ਪ੍ਰੋ. ਜਗਤ ਭੂਸ਼ਨ ਨੱਡਾ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਈ.ਐੱਮ.ਆਰ.ਸੀ. ਦੇ ਡਾਇਰੈਕਟਰ ਦਲਜੀਤ ਅਮੀ ਵੱਲੋਂ ‘ਤਰਜਮਾ ਪ੍ਰੋਜੈਕਟ’ ਬਾਰੇ ਤਫ਼ਸੀਲ ਪੇਸ਼ ਕਰਦਿਆਂ ਦੱਸਿਆ ਕਿ ਈ.ਐੱਮ.ਆਰ.ਸੀ. ਪਟਿਆਲਾ ਨੂੰ ਮਿਲੇ ਇਸ ‘ਤਰਜਮਾ ਪ੍ਰੋਜੈਕਟ’ ਰਾਹੀਂ 35 ਮੂਕਸ ਦਾ ਤਰਜਮਾ ਪੰਜਾਬੀ ਵਿੱਚ ਕਰਵਾਇਆ ਜਾਣਾ ਹੈ। ਇਹ ਕਾਰਜ ਪੜਾਅਵਾਰ ਹੋਣਾ ਹੈ ਜਿਸ ਦੇ ਪਹਿਲੇ ਪੜਾਅ ਵਿੱਚ 15 ਮੂਕਸ ਦਾ ਤਰਜਮਾ ਹੋਵੇਗਾ। ਹਰੇਕ ਇੱਕ ਮੂਕਸ ਵਿੱਚ 40 ਤੋਂ 42 ਘੰਟੇ ਦੀ ਡਿਜੀਟਲ ਸਮੱਗਰੀ ਹੈ ਜਿਸ ਨੂੰ ਸੰਬੰਧਤ ਵਿਸ਼ਾ ਮਾਹਿਰਾਂ ਅਤੇ ਤਰਜਮਾ ਕਲਾ ਦੇ ਮਾਹਿਰਾਂ ਦੀ ਮਦਦ ਨਾਲ ਪੰਜਾਬੀ ਵਿੱਚ ਉਪਲਬਧ ਕਰਵਾਇਆ ਜਾਵੇਗਾ। ਇਸ ਸੰਬੰਧੀ ਆਪਣੀ ਕਾਰਜ ਪ੍ਰਣਾਲੀ ਬਾਰੇ ਉਨ੍ਹਾਂ ਦੱਸਿਆ ਕਿ ਇਸ ਮਕਸਦ ਲਈ ਬਹੁਤ ਸਾਰੇ ਯੂਨੀਵਰਸਿਟੀ ਦੇ ਵਿਭਾਗ ਜਾਂ ਬਾਹਰ ਦੇ ਬਹੁਤ ਸਾਰੇ ਯੋਗ ਅਦਾਰਿਆਂ ਨਾਲ਼ ਸਾਂਝ ਸਿਰਜ ਕੇ ਹੀ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਜਾ ਸਕਦਾ ਹੈ ਜਿਸ ਲਈ ਈ.ਐੱਮ.ਆਰ.ਸੀ. ਪਟਿਆਲਾ ਵੱਲੋਂ ਭਵਿੱਖ ਵਿੱਚ ਢੁਕਵੇਂ ਯਤਨ ਕੀਤੇ ਜਾਣਗੇ।

ਉਨ੍ਹਾਂ ਇਸ ਮੌਕੇ ਸਮੂਹ ਅਧਿਆਪਕਾਂ ਅਤੇ ਮਾਹਿਰਾਂ ਨੂੰ ਸੱਦਾ ਦਿੱਤਾ ਕਿ ਉਹ ਅਜਿਹੇ ਪ੍ਰੋਜੈਕਟਾਂ ਨਾਲ਼ ਜੁੜ ਕੇ ਈ.ਐੱਮ.ਆਰ.ਸੀ. ਨੂੰ ਇੱਕ ਅੰਤਰ-ਅਨੁਸਾਸ਼ਨੀ ਪਲੇਫ਼ਾਰਮ ਵਜੋਂ ਵਿਕਸਿਤ ਹੋਣ ਵਿੱਚ ਮਦਦ ਕਰਨ। ਉਨ੍ਹਾਂ ਕਿਹਾ ਕਿ ਉਹ ਈ.ਐੱਮ.ਆਰ.ਸੀ. ਪਟਿਆਲਾ ਨੂੰ ਇੱਕ ਅਜਿਹੀ ਜਗ੍ਹਾ ਵਜੋਂ ਸਥਾਪਿਤ ਕਰਨਾ ਚਾਹੁੰਦੇ ਹਨ ਜਿੱਥੇ ਵੱਖ-ਵੱਖ ਵਿਸ਼ਿਆਂ ਦੇ ਲੋਕ ਅਤੇ ਅਦਾਰੇ ਮਿਲ ਕੇ ਕੰਮ ਕਰ ਸਕਣ।


ਮੁੱਖ ਮਹਿਮਾਨ ਪ੍ਰੋ. ਜਗਤ ਭੂਸ਼ਨ ਨੱਡਾ ਨੇ ਇਸ ਉਦਘਾਟਨੀ ਸਮਾਗਮ ਵਿੱਚ ਬੋਲਦਿਆਂ ਕਿਹਾ ਕਿ ਵੱਖ-ਵੱਖ ਵਿਸ਼ਿਆਂ ਦੇ ਗਿਆਨ ਨੂੰ ਲੋਕਾਂ ਦੀ ਬੋਲੀ ਰਾਹੀਂ ਲੋਕਾਈ ਦੀ ਪਹੁੰਚ ਵਿੱਚ ਲਿਆਉਣਾ ਹੀ ਇਸ ਪ੍ਰੋਜੈਕਟ ਦਾ ਮੁੱਖ ਮੰਤਵ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਡਿਜੀਟਲ ਸਮੱਗਰੀ ਦੀ ਅਹਿਮੀਅਤ ਬਹੁਤ ਹੀ ਜ਼ਿਆਦਾ ਹੋਵੇਗੀ ਪਰ ਇਹ ਸਮੱਗਰੀ ਸਿਰਫ਼ ਅੰਗਰੇਜ਼ੀ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ। ਜਿੰਨਾ ਚਿਰ ਆਮ ਲੋਕਾਂ ਦੀ ਬੋਲੀ ਵਿੱਚ ਗਿਆਨ ਸਮੱਗਰੀ ਉਪਲਬਧ ਨਹੀਂ ਹੋਵੇਗੀ ਓਨਾ ਚਿਰ ਉਹ ਗਿਆਨ ਤੋਂ ਵਾਂਝਾ ਹੀ ਰਹੇਗਾ।
ਇਸ ਉਪਰਾਲੇ ਵਜੋਂ ਹੀ ਈ.ਐੱਮ.ਆਰ.ਸੀ. ਪਟਿਆਲਾ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਵੱਖ-ਵੱਖ ਮੂਕਸ ਦਾ ਪੰਜਾਬੀ ਵਿੱਚ ਤਰਜਮਾ ਹੋ ਸਕੇ।
ਉਨ੍ਹਾਂ ਕਿਹਾ ਕਿ ਡਿਜੀਟਲ ਸਮੱਗਰੀ ਦਾ ਦੌਰ ਬਹੁਤ ਸਾਰੇ ਰਵਾਇਤੀ ਕਿਸਮ ਦੇ ਰੁਝਾਨਾਂ ਨੂੰ ਹਾਸ਼ੀਏ ਉੱਤੇ ਧੱਕ ਦੇਵੇਗਾ ਅਤੇ ਨਵੀਂ ਕਿਸਮ ਦੇ ਰੁਝਾਨ ਪੈਦਾ ਕਰੇਗਾ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਜੈਕਟਾਂ ਦਾ ਹਿੱਸਾ ਬਣਦਿਆਂ ਸਾਨੂੰ ਇਸ ਗੱਲ ਉੱਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਅਸੀਂ ਇੱਕ ਚੰਗੇ ਰਾਸ਼ਟਰ ਦੇ ਨਿਰਮਾਣ ਵਿੱਚ ਹਿੱਸਾ ਪਾ ਰਹੇ ਹਾਂ।
ਉਨ੍ਹਾਂ ਕਿਹਾ ਕਿ ਸਾਡੇ ਭਾਰਤੀ ਸਮਾਜ ਵਿੱਚ ਰਵਾਇਤੀ ਤੌਰ ਉੱਤੇ ਬਹੁਤ ਸਾਰਾ ਗਿਆਨ ਪੈਦਾ ਹੁੰਦਾ ਹੈ ਜਿਸ ਦੇ ਢੁਕਵੇਂ ਸੰਕਲਪੀਕਰਣ ਅਤੇ ਸੁਵਰਤੋਂ ਲਈ ਹਰ ਵਿਅਕਤੀ ਨੂੰ ਸਿੱਖਅਤ ਕਰਨ ਦੀ ਲੋੜ ਹੈ। ਅਜਿਹਾ ਤਾਂ ਹੀ ਸੰਭਵ ਹੈ ਜੇਕਰ ਹਰੇਕ ਵਿਅਕਤੀ ਦੀ ਆਪਣੀ ਬੋਲੀ ਰਾਹੀਂ ਉਸ ਤੱਕ ਹਰ ਤਰ੍ਹਾਂ ਦੇ ਗਿਆਨ-ਸਿਧਾਂਤ ਪਹੁੰਚਣ।
ਮੁੱਖ ਮੇਜ਼ਬਾਨ ਵਜੋਂ ਸਿ਼ਰਕਤ ਕਰ ਰਹੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਮੌਕੇ ਬੋਲਦਿਆਂ ਤਰਜਮੇ ਦੀ ਅਹਿਮੀਅਤ ਉੱਪਰ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਤਰਜਮੇ ਦੀ ਸਮਰਥਾ ਨੂੰ ਘੱਟ ਕਰ ਕੇ ਨਹੀਂ ਜਾਨਣਾ ਚਾਹੀਦਾ। ਇਸ ਵਿੱਚ ਬਹੁਤ ਸਮਰਥਾ ਹੈ। ਆਪਣੇ ਇੱਕ ਨਿੱਜੀ ਅਨੁਭਵ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਤਰਜਮਾ ਕਰਦਿਆਂ ਸਾਨੂੰ ਗਿਆਨ ਦੇ ਨਵੇਂ ਸੰਕਲਪਾਂ ਬਾਰੇ ਪਤਾ ਲਗਦਾ ਹੈ ਜੋ ਸਾਡੇ ਆਪਣੇ ਗਿਆਨ-ਖੇਤਰ ਵਿੱਚ ਵੀ ਸਹਾਈ ਬਣਦੇ ਹਨ। ਇਸ ਮੌਕੇ ਉਨ੍ਹਾਂ ਵੱਲੋਂ ਸੀ.ਈ.ਸੀ. ਅਤੇ ਇਸ ਦੇ ਡਾਇਰੈਕਟਰ ਜਗਤ ਭੂਸ਼ਨ ਨੱਡਾ ਦਾ ਇਸ ਲਈ ਵੀ ਉਚੇਚਾ ਧੰਨਵਾਦ ਕੀਤਾ ਕਿ ਉਨ੍ਹਾਂ ਤਰਜਮੇ ਲਈ ਜੋ 11 ਮੁਕਾਮੀ ਬੋਲੀਆਂ ਦੀ ਚੋਣ ਕੀਤੀ ਉਨ੍ਹਾਂ ਵਿੱਚ ਪੰਜਾਬੀ ਨੂੰ ਸ਼ਾਮਿਲ ਕੀਤਾ ਹੈ। ਇਸ ਤਰਜਮਾ ਪ੍ਰੋਜੈਕਟ ਦੇ ਹਵਾਲੇ ਨਾਲ਼ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਕੋਸਿ਼ਸ਼ ਹੈ ਕਿ ਭਵਿੱਖ ਵਿੱਚ ਈ.ਐੱਮ.ਆਰ.ਸੀ., ਪਟਿਆਲਾ ਅਤੇ ਪੰਜਾਬੀ ਯੂਨੀਵਰਸਿਟੀ ਦੀ ਆਪਸੀ ਸਾਂਝੇਦਾਰੀ ਹੋਰ ਗੂੜ੍ਹੀ ਹੋਵੇ ਅਤੇ ਦੋਹੇਂ ਅਦਾਰੇ ਇਸ ਸਾਂਝ ਤੋਂ ਲਾਭ ਲੈ ਸਕਣ।

ਵਰਨਣਯੋਗ ਹੈ ਕਿ ਭਾਰਤ ਸਰਕਾਰ ਦੇ ਅਦਾਰੇ ਸੀ.ਈ.ਸੀ. ਵੱਲੋਂ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਲੋੜੀਂਦੀ ਡਿਜੀਟਲ ਸਮੱਗਰੀ ਦਾ ਨਿਰਮਾਣ ਕਰਵਾਇਆ ਜਾਂਦਾ ਹੈ। ਇਸ ਡਿਜੀਟਲ ਸਮੱਗਰੀ ਰਾਹੀਂ ‘ਸਵੈਮ’ ਦੇ ਪਲੇਟਫ਼ਾਰਮ ਉੱਪਰ ਆਨਲਾਈਨ ਮੋਡ ਉੱਤੇ ਬਹੁਤ ਸਾਰੇ ਕੋਰਸ ਕਰਵਾਏ ਜਾਂਦੇ ਹਨ ਜਿਨ੍ਹਾਂ ਨੂੰ ‘ਮੂਕਸ’ ਆਖਦੇ ਹਨ। ਇਨ੍ਹਾਂ ਮੂਕਸ ਦੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਚਾਹਵਾਨ ਵਿਦਿਆਰਥੀ ਘਰ ਬੈਠੇ ਹੀ ਵੱਖ-ਵੱਖ ਭਾਂਤ ਦੇ ਕੋਰਸ ਕਰ ਸਕਦੇ ਹਨ। ਹੁਣ ਤੱਕ ਇਨ੍ਹਾਂ ਮੂਕਸ ਵਿਚਲੀ ਸਾਰੀ ਸਮੱਗਰੀ ਅੰਗਰੇਜ਼ੀ ਭਾਸ਼ਾ ਵਿੱਚ ਹੀ ਉਪਲਬਧ ਸੀ ਜਿਸ ਕਾਰਨ ਅੰਗਰੇਜ਼ੀ ਭਾਸ਼ਾ ਵਿੱਚ ਸਹਿਜ ਨਾ ਮਹਿਸੂਸ ਕਰ ਸਕਣ ਵਾਲੇ ਵਿਦਿਆਰਥੀ ਇਸ ਦਾ ਲਾਭ ਨਹੀਂ ਲੈ ਸਕਦੇ ਸਨ। ਸੀ.ਈ.ਸੀ. ਵੱਲੋਂ ਹੁਣ ਇਨ੍ਹਾਂ ਮੂਕਸ ਦਾ ਅੰਗਰੇਜ਼ੀ ਅਤੇ ਹਿੰਦੀ ਦੇ ਨਾਲ਼-ਨਾਲ਼ 11 ਮੁਕਾਮੀ ਬੋਲੀਆਂ ਵਿੱਚ ਤਰਜਮਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਚੰਗੀ ਗੱਲ ਹੈ ਕਿ ਇਸ ਵਿੱਚ ਪੰਜਾਬੀ ਬੋਲੀ ਵੀ ਸ਼ਾਮਿਲ ਹੈ।

ਇਸ ਉਦਘਾਟਨੀ ਸੈਸ਼ਨ ਵਿੱਚ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਵਰਿੰਦਰ ਕੌਸ਼ਿਕ, ਡੀਨ ਖੋਜ ਪ੍ਰੋ. ਅਸ਼ੋਕ ਤਿਵਾੜੀ, ਡੀਨ ਕੌਮਾਂਤਰੀ ਵਿਦਿਆਰਥੀ ਮਾਮਲੇ ਪ੍ਰੋ. ਰਣਜੀਤ ਕੌਰ, ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਰਾਜੇਸ਼ ਸ਼ਰਮਾ, ਮਨੋਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਮਮਤਾ ਸ਼ਰਮਾ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਅਤੇ ਕਾਂਸਟੀਚੂਐਂਟ ਕਾਲਜਾਂ ਦੇ ਅਧਿਆਪਕਾਂ ਨੇ ਵੀ ਸ਼ਿਰਕਤ ਕੀਤੀ। ਤਲਵੰਡੀ ਸਾਬੋ ਤੋਂ ਲੈ ਕੇ ਚੰਡੀਗੜ੍ਹ ਤੱਕ ਦੇ ਅਧਿਆਪਕ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਉਚੇਚੇ ਤੌਰ ਉੱਤੇ ਪਹੁੰਚੇ ਜੋ ਇਸ ਤਰਜਮਾ ਪ੍ਰੋਜੈਕਟ ਦਾ ਹਿੱਸਾ ਵੀ ਬਣਨਗੇ। ਪ੍ਰੋਗਰਾਮ ਦਾ ਸੰਚਾਲਨ ਡਾ. ਕੁਲਪਿੰਦਰ ਸ਼ਰਮਾ ਨੇ ਕੀਤਾ। ਡਾ. ਤੇਜਿੰਦਰ ਸ਼ਰਮਾ ਵੱਲੋਂ ਈ.ਐੱਮ.ਆਰ.ਸੀ. ਦੀ ਕਾਰਜ ਪ੍ਰਕਿਰਿਆ ਅਤੇ ਪਿਛਲੇ ਸਮੇਂ ਵਿੱਚ ਕੀਤੇ ਗਏ ਕਾਰਜਾਂ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਧੰਨਵਾਦ ਦੇ ਰਸਮੀ ਸ਼ਬਦ ਚੰਦਰ ਦ੍ਰਾਵਿੜ ਵੱਲੋਂ ਕਹੇ ਗਏ।

Leave a Reply

Your email address will not be published. Required fields are marked *