ਭਾਰਤ-ਪਾਕਿ ਸਰੱਹਦ ਰਾਹੀਂ ਦਾਖਲ ਹੋਣ ਵਾਲੇ ਘੁਸਪੈਠੀਏ ਨੂੰ ਬੀ. ਐੱਸ. ਐੱਫ. ਨੇ ਕੀਤਾ ਢੇਰ
ਤਰਨਤਾਰਨ (ਮਧੂਸਾਰ ਬਿਊਰੋ) ਤਰਨਤਾਰਨ ਜ਼ਿਲ੍ਹੇ ਦੀ ਭਾਰਤ-ਪਾਕਿਸਤਾਨ ਸਰਹੱਦ ਰਾਹੀਂ ਭਾਰਤ ਅੰਦਰ ਦਾਖਲ ਹੋਣ ਵਾਲੇ ਪਾਕਿਸਤਾਨੀ ਘੁਸਪੈਠੀਏ ਨੂੰ ਬੀ. ਐੱਸ. ਐੱਫ. ਵੱਲੋਂ ਬੀਤੀ ਰਾਤ ਢੇਰ ਕਰ ਦਿੱਤਾ ਗਿਆ। ਬੀ. ਐੱਸ. ਐੱਫ. ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਵੀਰਵਾਰ ਸਵੇਰੇ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਘਟਨਾ ਵਾਲੀ ਥਾਂ ਤੋਂ 17,680 ਰੁਪਏ ਪਾਕਿਸਤਾਨੀ ਕਰੰਸੀ, ਇਕ ਅਣਪਛਾਤੇ ਵਿਅਕਤੀ ਦੀ ਫੋਟੋ, 20 ਡਾਲਰ ਦੇ 3 ਨੋਟ, ਇਕ ਪੈੱਨ ਡਰਾਈਵ, ਚਾਰ ਚਾਬੀਆਂ, ਖਾਲੀ ਬੋਤਲਾਂ ਅਤੇ ਤੰਬਾਕੂ ਦੀਆਂ ਪੁੜੀਆਂ ਬਰਾਮਦ ਕੀਤੇ ਗਏ ਹਨ। ਬੀ. ਐੱਸ. ਐੱਫ. ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੁੱਧਵਾਰ ਦੇਰ ਰਾਤ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਖਾਲੜਾ ਸੈਕਟਰ ਅਧੀਨ ਆਉਂਦੀ ਪੋਸਟ ਕਰਨੈਲ ਸਿੰਘ ਵਾਲਾ ਵਿਖੇ ਕੰਡਿਆਲੀ ਤਾਰ ਨੂੰ ਪਾਰ ਕਰਦੇ ਹੋਏ ਇਕ ਪਾਕਿਸਤਾਨੀ ਨਜ਼ਰ ਆਇਆ, ਜਿਸ ਨੂੰ ਵੇਖ ਬੀ. ਐੱਸ. ਐੱਫ. ਦੀ 103 ਬਟਾਲੀਅਨ ਵੱਲੋਂ ਹਰਕਤ ਵਿਚ ਆਉਂਦੇ ਹੋਏ ਸਬੰਧਤ ਵਿਅਕਤੀ ਨੂੰ ਲਲਕਾਰਾ ਮਾਰਦੇ ਹੋਏ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਪਾਕਿਸਤਾਨੀ ਘੁਸਪੈਠੀਏ ਵੱਲੋਂ ਅੱਗੇ ਵੱਧਦੇ ਹੋਏ ਭਾਰਤ ਅੰਦਰ ਦਾਖਲ ਹੋਣਾ ਜਾਰੀ ਰੱਖਿਆ ਗਿਆ।
ਇਸ ਮੌਕੇ ਬੀ. ਐੱਸ. ਐੱਫ. ਵੱਲੋਂ ਕਰੀਬ 15 ਰੌਂਦ ਫਾਇਰਿੰਗ ਕੀਤੀ ਗਈ, ਜਿਸ ਦੌਰਾਨ ਪਾਕਿਸਤਾਨੀ ਘੁਸਪੈਠੀਆ ਮੌਕੇ ’ਤੇ ਢੇਰ ਹੋ ਗਿਆ। ਬੀ. ਐੱਸ. ਐੱਫ. ਵੱਲੋਂ ਮ੍ਰਿਤਕ ਘੁਸਪੈਠੀਏ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਕਰਦੇ ਹੋਏ ਇਲਾਕੇ ’ਚ ਤਲਾਸ਼ੀ ਅਭਿਆਨ ਵੀਰਵਾਰ ਸਵੇਰ ਤੋਂ ਦੁਪਹਿਰ ਤੱਕ ਜਾਰੀ ਰੱਖਿਆ ਗਿਆ। ਇਸ ਦੌਰਾਨ ਘਟਨਾ ਵਾਲੀ ਥਾਂ ਨੇੜਿਓਂ 17,680 ਰੁਪਏ ਦੀ ਪਾਕਿਸਤਾਨੀ ਕਰੰਸੀ, ਇਕ ਅਣਪਛਾਤੇ ਵਿਅਕਤੀ ਦੀ ਫੋਟੋ, 20 ਡਾਲਰ ਦੇ 3 ਨੋਟ, ਇਕ ਪੈੱਨ ਡਰਾਈਵ, ਚਾਰ ਚਾਬੀਆਂ, ਖਾਲੀ ਬੋਤਲਾਂ ਅਤੇ ਤੰਬਾਕੂ ਦੀਆਂ ਪੁੜੀਆਂ ਬਰਾਮਦ ਕੀਤੇ ਗਏ ਹਨ। ਬੀ. ਐੱਸ. ਐੱਫ. ਵੱਲੋਂ ਸਥਾਨਕ ਪੁਲਸ ਨਾਲ ਮਿਲ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਘੁਸਪੈਠੀਏ ਦਾ ਭਾਰਤ ਅੰਦਰ ਆਉਣ ਦਾ ਮਕਸਦ ਕੀ ਸੀ।

