ਪੰਜਾਬਪਟਿਆਲਾ

YPSS ਵੱਲੋ ਹਿੰਸਕ ਅਤੇ ਲੱਚਰ ਗੀਤਾਂ ਤੇ ਰੋਕ ਦੇ ਲਈ ਸੈਂਸਰ ਬੋਰਡ ਦੀ ਮੰਗ।

ਪਟਿਆਲਾ, 7 ਫਰਵਰੀ:(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਮੌਜੂਦਾ ਸਮੇਂ ਚ ਗਾਣਿਆਂ ਦਾ ਉਹ ਦੌਰ ਚੱਲ ਰਿਹਾ ਹੈ ਜਿਸ ਵਿੱਚ ਲੱਚਰਤਾ, ਅਸ਼ਲੀਲਤਾ ਅਤੇ ਹਿੰਸਾ ਨੂੰ ਬੜੇ ਮਾਣ ਦੇ ਨਾਲ਼ ਸਮਾਜ ਵਿਚ ਪਰੋਸਿਆ ਜਾ ਰਿਹਾ ਹੈ। ਇਸ ਦੇ ਨਤੀਜੇ ਵਜੋਂ ਸਮਾਜ ਵਿੱਚ ਜਿੱਥੇ ਹਿੰਸਾ, ਗੁੰਡਾਗਰਦੀ ਅਤੇ ਗੈਂਗਸਟਰਵਾਦ ਵੱਧ ਰਿਹਾ ਹੈ, ਉਥੇ ਧੀਆਂ ਭੈਣਾਂ ਦੇ ਨਾਲ਼ ਚੌਂਕਾ ਚੌਰਾਹਿਆਂ ਤੇ ਛੇੜ ਛਾੜ ਅਤੇ ਬਦਤਮੀਜ਼ੀ ਦੀਆਂ ਘਟਨਾਵਾਂ ਵੀ ਆਮ ਹੁੰਦੀਆਂ ਜਾ ਰਹੀਆਂ ਹਨ। ਇਹ ਗੀਤ ਪੰਜਾਬੀਆਂ ਨੂੰ ਮਾੜੇ ਅਕਸ ਵਿਚ ਦੁਨੀਆਂ ਦੇ ਸਾਹਮਣੇ ਪੇਸ਼ ਕਰ ਪੰਜਾਬ ਦੀ ਬਦਨਾਮੀ ਵੀ ਕਰ ਰਹੇ ਨੇ ਅਤੇ ਅੱਧ ਨਗਨ ਮਾਡਲਾਂ ਦਿਖਾ, ਵਾਸਨਾਮਾ ਭੜਕਾ ਸਮਾਜ ਵਿਚ ਹੋ ਰਹੇ ਕੁਕਰਮਾਂ ਦੇ ਵੀ ਜ ਜਿੰਮੇਦਾਰ ਨੇ।

ਅਜੋਕੇ ਸਮੇਂ ਇਕੱਲੇ ਗਾਣੇ ਹੀ ਨਹੀਂ ਵਾਸਨਾ ਨੂੰ ਭੜਕਾਉਣ ਅਤੇ ਹਿੰਸਾ ਲਈ ਉਤਸ਼ਾਹਿਤ ਕਰਨ ਦਾ ਨਵਾਂ ਰੂਪ OTT ਪਲੇਟਫਾਰਮਾਂ ਰਾਹੀਂ ਵੈੱਬ ਸੀਰੀਜ਼ਾ ਵੀ ਬਣ ਗਈਆਂ ਹਨ। ਦਿਨਾਂ ਚ ਮਸ਼ਹੂਰ ਹੋਣ ਦੀ ਲਾਲਸਾ ਲਈ Social Media ਤੇ ਵੀ ਰੱਜ ਕੇ ਨੰਗੇਜ਼ਪਨ ਜਾਂ ਹਥਿਆਰਾਂ ਦੀ ਵਰਤੋਂ ਨੂੰ ਦਿਖਾਇਆ ਜਾ ਰਿਹਾ ਹੈ। ਕੁੱਲ ਮਿਲਾਕੇ ਗੱਲ ਕਰੀਏ ਤਾਂ ਕਾਮਯਾਬ ਹੋਣ ਦੀ ਦੌੜ ਦੇ ਵਿੱਚ ਸਿੰਗਰਾਂ, ਫ਼ਿਲਮਕਾਰਾਂ, ਅਤੇ ਸੋਸ਼ਲ ਮੀਡੀਆ ਵੱਲੋ ਜਵਾਨੀ ਨੂੰ ਦਿਨ ਰਾਤ ਕੁਰਾਹੇ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਹਨਾਂ ਸਭ ਦਾ ਮੁਢਲਾ ਕਾਰਨ ਇਹ ਹੈ ਕਿ ਇਸ ਦੇਸ਼ ਵਿਚ ਗਾਣਿਆਂ ਅਤੇ ਵੈੱਬ ਸੀਰੀਜ਼ਾ ਉੱਪਰ ਕੋਈ ਸੈਂਸਰ ਬੋਰਡ ਹੀ ਨਹੀਂ ਹੈ। ਸਿਨੇਮੈਟੋਗ੍ਰਾਫੀ ਐਕਟ, 1952 ਦੇ ਅਧੀਨ ਜੋ ਸੈਂਸਰ ਬੋਰਡ ਬਣਾਇਆ ਗਿਆ ਹੈ ਉਹ ਸਿਰਫ ਥੀਏਟਰਾ ਚ ਲੱਗਣ ਵਾਲਿਆਂ ਫ਼ਿਲਮਾਂ ਵਾਸਤੇ ਹੀ ਹੈ। ਉਸਦੇ ਦਾਇਰੇ ਹੇਠ ਗਾਣੇ ਅਤੇ ਵੈੱਬ ਸੀਰੀਜ਼ਾ ਨਹੀਂ ਆਉਂਦੇ ਹਨ। ਸਮੇਂ ਦੀ ਮੰਗ ਨੂੰ ਦੇਖਦਿਆਂ ‘ਯੁਵਾ ਪਰਿਵਾਰ ਸੇਵਾ ਸਮਿਤੀ ‘ ਵੱਲੋਂ ਇਨ੍ਹਾਂ ਲੱਚਰ ਅਤੇ ਹਿੰਸਕ ਗਾਣਿਆਂ ਖਿਲਾਫ਼ ਇੱਕ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਅੰਦੋਲਨ ਹਰ ਉਸ ਗੀਤਕਾਰ ਅਤੇ ਫਿਲਮਕਾਰ ਦੇ ਖਿਲਾਫ਼ ਹੋਵੇਗਾ ਜੋ ਹਿੰਸਕ ਗੀਤ ਸੁਣਾ ਕੇ ਨੌਜਵਾਨੀ ਨੂੰ ਗੈਂਗਸਟਰਵਾਦ ਲਈ ਪ੍ਰੇਰਿਤ ਕਰ ਰਿਹਾ ਹੈ ਜਾ ਅਸ਼ਲੀਲ ਵੀਡੀਓ ਬਣਾ ਕੇ ਧੀਆਂ ਭੈਣਾਂ ਨੂੰ ਭੋਗ ਦੀ ਵਸਤੂ ਵਾਂਗ ਸਮਾਜ ਵਿਚ ਪਰੋਸ ਰਿਹਾ ਹੈ। ਇਸ ਅੰਦੋਲਨ ਰਾਹੀ YPSS ਦੀਆ ਕੁਝ ਮੰਗਾਂ ਇਸ ਤਰ੍ਹਾਂ ਹਨ:

  1. ਸਿਨੇਮੈਟੋਗ੍ਰਾਫ ਐਕਟ 1952 ਵਿੱਚ ਸੋਧ ਕੀਤੀ ਜਾਵੇ ਅਤੇ ਸਖ਼ਤ ਕਾਨੂੰਨ ਬਨਾਏ ਜਾਣ।
  2. ਗਾਣਿਆ ਅਤੇ ਵੈੱਬ ਸੀਰੀਜ਼ਾ ਲਈ ਵੱਖਰੇ ਤੌਰ ਤੇ ਸੈਂਸਰ ਬੋਰਡ ਸਥਾਪਿਤ ਕੀਤਾ ਜਾਵੇ ।
  3. IPC ਦੀ ਧਾਰਾ 294 ਰਾਂਹੀ ਅਸ਼ਲੀਲ ਗੌਣ ਦਿਖਾਉਣ ਵਾਲਿਆਂ ਖਿਲਾਫ ਪ੍ਰਸ਼ਾਸਨ ਵਲੋਂ ਸਖ਼ਤ ਕਾਰਵਾਈ ਸ਼ੁਰੂ ਕੀਤੀ ਜਾਵੇ।
  4. ਅਸ਼ਲੀਲ ਵੈਬਸਾਈਟਾਂ ਵੀ ਮੁਕੰਮਲ ਤੌਰ ਤੇ ਬੰਦ ਕੀਤੀਆਂ ਜਾਣ।
  5. ਸਾਰੀਆਂ ਰਾਜਨਿਤਿਕ ਪਾਰਟੀਆਂ ਤੋਂ ਵੀ ਮੰਗ ਹੈ ਕਿ ਚੋਣ ਮੈਨੀਫੈਸਟੋ ਵਿਚ ਸੈਂਸਰ ਬੋਰਡ ਬਨਾਉਣ ਦੇ ਵਾਅਦੇ ਨੂੰ ਵੀ ਸ਼ਾਮਿਲ ਕੀਤਾ ਜਾਵੇ I

Leave a Reply

Your email address will not be published. Required fields are marked *