5 ਮਈ ਨੂੰ ਮਨਾਇਆ ਜਾਵੇਗਾ ਆਜੀਵਿਕਾ ਅਤੇ ਕੌਸ਼ਲ ਵਿਕਾਸ ਦਿਵਸ- ਸ਼ੌਕਤ ਅਹਿਮਦ ਪਰੇ
ਪਟਿਆਲਾ, 25 ਅਪਰੈਲ (ਮਧੂਸਾਰ ਬਿਊਰੋ)
ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਵੱਲੋਂ 14 ਅਪਰੈਲ ਤੋਂ 5 ਮਈ ਤੱਕ ਗ੍ਰਾਮ ਸਵਰਾਜ ਅਭਿਆਨ ਅਧੀਨ 5 ਮਈ ਨੂੰ ਅਜੀਵਿਕਾ ਅਤੇ ਕੌਸ਼ਲ ਵਿਕਾਸ ਦਿਵਸ ਮਨਾਇਆ ਜਾ ਰਿਹਾ ਹੈ। ਇਸ ਤਹਿਤ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਣੀਆਂ ਹਨ, ਜਿਨ੍ਹਾਂ ‘ਚ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਆਮ ਲੋਕਾਂ ਤੱਕ ਪੁੱਜਦੀ ਕੀਤੀ ਜਾਣੀ ਵੀ ਇੱਕ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦਿੱਤੀ।
ਉਨ੍ਹਾਂ ਅੱਜ ਇਥੇ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਖੇ ਇਨ੍ਹਾਂ ਸਮਾਗਮਾਂ ਦੀਆਂ ਤਿਆਰੀਆਂ ਬਾਰੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਇਸ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਤਿੰਨ ਬਲਾਕਾਂ ਰਾਜਪੁਰਾ, ਸਨੌਰ ਅਤੇ ਪਾਤੜਾਂ ‘ਚ ਇਹ ਸਮਾਗਮ ਕੀਤੇ ਜਾਣਗੇ। ਉਨ੍ਹਾਂ ਨੇ ਮੀਟਿੰਗ ਮੌਕੇ ਵਿਭਾਗੀ ਅਧਿਕਾਰੀਆਂ ਨੂੰ ਡਿਊਟੀਆਂ ਸੌਪੀਆਂ ਅਤੇ ਹਦਾਇਤ ਕੀਤੀ ਕਿ ਸਮੇਂ ਸਿਰ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ।
ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਪਟੇਲ ਕਾਲਜ ਰਾਜਪੁਰਾ, ਸਨੌਰ ਬਲਾਕ ਲਈ ਪਟਿਆਲਾ ਦੇ ਫ਼ਿਜੀਕਲ ਕਾਲਜ ਵਿਖੇ ਅਤੇ ਪਾਤੜਾਂ ਬਲਾਕ ਦੇ ਸ਼ੁਤਰਾਣਾ ਵਿਖੇ ਹੋਣ ਵਾਲੇ ਸਮਾਗਮ ਦੌਰਾਨ ਅਜੀਵਿਕਾ ਮਿਸ਼ਨ, ਬੈਂਕਿੰਗ, ਆਰਸੇਟੀ, ਸਿਹਤ, ਖੇਤੀਬਾੜੀ ਆਦਿ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਦੀਆਂ ਸਕੀਮਾਂ ਦੀ ਵਿਸਤ੍ਰਿਤ ਜਾਣਕਾਰੀ ਲੋਕਾਂ ਤੱਕ ਪੁੱਜਦੀ ਕਰਨ ਲਈ ਸਟਾਲ ਲਾਏ ਜਾਣਗੇ। ਇਸ ਤੋਂ ਬਿਨ੍ਹਾਂ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਜਾਣ ਵਾਲੇ ਭਾਸ਼ਣ ਨੂੰ ਲਾਇਵ ਦਿਖਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੇਂਦਰ ਸਰਕਾਰ ਦੇ ਦੋ ਅਧਿਕਾਰੀ ਵਿਸ਼ੇਸ਼ ਤੌਰ ‘ਤੇ ਪੁੱਜਣਗੇ ਅਤੇ ਇਨ੍ਹਾਂ ਸਮਾਗਮਾਂ ਬਾਰੇ ਆਪਣੀ ਰਿਪੋਰਟ ਤਿਆਰ ਕਰਕੇ ਉਚ ਅਧਿਕਾਰੀਆ ਨੂੰ ਸੌਂਪਣਗੇ।
ਏ.ਡੀ.ਸੀ. (ਡੀ) ਨੇ ਦੱਸਿਆ ਕਿ ਇਸ ਸਮਾਗਮ ਦਾ ਮੰਤਵ ਰੱਖਿਆ ਗਿਆ ਹੈ ਕਿ ਦੇਹਾਤੀ ਖੇਤਰ ਦੀਆਂ ਮਹਿਲਾਵਾਂ ਨੂੰ ਸਵੈ ਸਹਾਇਤਾ ਗਰੁੱਪਾਂ ਬਾਰੇ ਉਤਸ਼ਾਹਤ ਕੀਤਾ ਜਾ ਸਕੇ, ਇੰਟੈਂਸਿਵ ਬਲਾਕ ਪੱਧਰ ‘ਤੇ ਚਰਚਾ ਕਰਕੇ 2018-19 ਲਈ ਬਲਾਕ ਪਲਾਨ ਨੂੰ ਮੁਕੰਮਲ ਕੀਤਾ ਜਾਣਾ ਅਤੇ ਹੁਨਰ ਵਿਕਾਸ ਅਤੇ ਉਦਮਤਾ ਨੂੰ ਉਤਸ਼ਾਹਤ ਕੀਤਾ ਜਾ ਸਕੇ। ਇਸ ਤੋਂ ਬਿਨ੍ਹਾਂ ਅਜੀਵਿਕਾ ਮਿਸ਼ਨ ਨਾਲ ਜੁੜੇ ਸਵੈ ਸਹਾਇਤਾ ਗਰੁਪਾਂ ਦੇ ਮੈਂਬਰਾਂ ਤੋਂ ਜਾਣਿਆ ਜਾਵੇਗਾ ਕਿ ਇਸ ਮਿਸ਼ਨ ਨਾਲ ਜੁੜਕੇ ਉਨ੍ਹਾਂ ਦੇ ਜੀਵਨ ‘ਚ ਕੀ-ਕੀ ਤਬਦੀਲੀਆਂ ਆਈਆਂ ਹਨ।
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਐਚ.ਐਮ. ਵਾਲੀਆ, ਜ਼ਿਲ੍ਹਾ ਭਲਾਈ ਅਫ਼ਸਰ ਗੁਰਿੰਦਰਜੀਤ ਸਿੰਘ ਧਾਲੀਵਾਲ, ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਡਾ. ਅਸ਼ੌਕ ਰੌਣੀ, ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਸਵਰਨ ਸਿੰਘ ਮਾਨ, ਸਹਾਇਕ ਸਿਵਲ ਸਰਜਨ ਡਾ. ਸ਼ੈਲੀ ਜੇਤਲੀ, ਡੀ.ਸੀ.ਪੀ.ਓ. ਸ਼ਾਇਨਾ ਕਪੂਰ, ਡੀ.ਪੀ.ਐਮ. ਕੌਮੀ ਅਜੀਵਕਾ ਮਿਸ਼ਨ ਰੀਨਾ ਰਾਣੀ, ਨਵਦੀਪ ਸਿੰਘ ਗਰੇਵਾਲ, ਸ਼ਿਵਾਨੀ ਅਤੇ ਸੌਰਵ ਸਮੇਤ ਹੋਰ ਵਿਭਾਗਾਂ ਦੇ ਨੁਮਾਇੰਦੇ ਮੌਜੂਦ ਸਨ।

