ਪਟਿਆਲਾ ਦਿਹਾਤੀ ਦੇ ਵਿਕਾਸ ਤੇ ਸਮੱਸਿਆਵਾਂ ਦਾ ਕਰਾਂਗੇ ਹੱਲ : ਬਿੱਟੂ ਚੱਠਾ
ਲੋਕ ਜਾਗਰੂਕ ਹੋ ਕੇ ਦੇ ਰਹੇ ਹਨ ਅਕਾਲੀ ਦਲ ਬਸਪਾ ਦਾ ਸਾਥ
ਪਟਿਆਲਾ, 14 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) :ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਅਕਾਲੀ ਦਲ ਬਸਪਾ ਦੀ ਪੰਜਾਬ ਅੰਦਰ ਜਿੱਤ ਤੋਂ ਬਾਅਦ ਪਟਿਆਲਾ ਦਿਹਾਤੀ ਦੇ ਵਿਕਾਸ ਅਤੇ ਹੋਰ ਸਮੱਸਿਆਵਾਂ ਦਾ ਪਹਿਲ ਦਾ ਅਧਾਰ ‘ਤੇ ਹੱਲ ਕੀਤਾ ਜਾਵੇਗਾ। ਬਿੱਟੂ ਚੱਠਾ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਵੱਖ-ਵੱਖ ਇਲਾਕਿਆਂ ਅੰਦਰ ਕੀਤੀਆਂ ਮੀਟਿੰਗਾਂ ਦੌਰਾਨ ਕੀਤਾ।
ਜਸਪਾਲ ਸਿੰਘ ਬਿੱਟੂ ਚੱਠਾ ਨੇ ਕਿਹਾ ਕਿ ਪਟਿਆਲਾ ਦਿਹਾਤੀ ਦੇ ਏਰੀਆਂ ਵਿੱਚ ਜਦੋਂ ਵੀ ਉਨ੍ਹਾਂ ਵੱਲੋਂ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ ਤਾਂ ਲੋਕਾਂ ਦੀਆਂ ਵੱਡੀਆਂ ਸਮੱਸਿਆਵਾਂ ਉਨ੍ਹਾਂ ਨੂੰ ਵੇਖਣ ਲਈ ਮਿਲਦੀਆਂ ਹਨ ਤੇ ਹਰ ਕੋਈ ਕਾਂਗਰਸ ਨੂੰ ਕੋਸ ਰਿਹਾ ਹੈ ਕਿਉਂਕਿ ਕਾਂਗਰਸ ਨੇ ਆਪਣੇ ਸਾਢੇ ਪੰਜ ਸਾਲ ਸਿਰਫ਼ ਲੋਕਾਂ ਨੂੰ ਝੂਠ ਬੋਲਕੇ ਹੀ ਕੱਢ ਦਿੱਤੇ। ਇਸ ਲਈ ਅਕਾਲੀ ਦਲ ਬਸਪਾ ਦੀ ਸਰਕਾਰ ਪੰਜਾਬ ਅੰਦਰ ਲਿਆਉਣ ਲਈ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਲੋਕ ਹੁਣ ਪੂਰੀ ਤਰ੍ਹਾ ਜਾਗਰੂਕ ਹੋ ਚੁੱਕੇ ਹਨ, ਜੋਕਿ ਸਿਰਫ਼ ਅਕਾਲੀ ਦਲ ਤੇ ਬਸਪਾ ਦਾ ਸਾਥ ਦੇ ਰਹੇ ਹਨ। ਇਸ ਲਈ ਵਿਰੋਧੀ ਪਾਰਟੀਆਂ ਦਾ ਹੁਣ ਪੰਜਾਬ ਅੰਦਰ ਕੋਈ ਵੀ ਅਧਾਰ ਨਹੀਂ ਰਿਹਾ। ਉਨ੍ਹਾਂ ਆਖਿਆ ਕਿ ਅਕਾਲੀ ਦਲ ਬਸਪਾ ਦੀ ਜਿੱਤ ਤੋਂ ਬਾਅਦ ਸੱਤਾ ‘ਚ ਆਉਂਦਿਆਂ ਹੀ ਪਟਿਆਲਾ ਦਿਹਾਤੀ ਦੇ ਸਮੁੱਚੇ ਇਲਾਕਿਆਂ ਦਾ ਹੁੰਝਾ ਫੇਰ ਵਿਕਾਸ ਕਰਵਾਇਆ ਜਾਵੇਗਾ ਅਤੇ ਲੋਕਾਂ ਨੂੰ ਹਰ ਸੁੱਖ-ਸੁਵਿਧਾ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਵਿਧਾਨ ਸਭਾ ਚੋਣਾਂ ‘ਚ ਲੋਕ ਅਕਾਲੀ ਦਲ ਬਸਪਾ ਦੀ ਜਿੱਤ ਲਈ ਮੋਹਰ ਲਗਾਉਣ ਲਈ ਪੁਰੀ ਤਰ੍ਹਾਂ ਤਿਆਰ ਹਨ। ਇਸ ਮੌਕੇ ਹਰਜਿੰਦਰ ਸਿੰਘ, ਕਰਨੈਲ ਸਿੰਘ, ਸੁਰਜੀਤ ਸਿੰਘ, ਦਰਸ਼ਨ ਸਿੰਘ, ਅੱਛਰਾ ਸਿੰਘ, ਜਗਦੇਵ ਸਿੰਘ, ਦਰਬਾਰਾ ਸਿੰਘ, ਗੁਰਮੀਤ ਸਿੰਘ, ਪਵਨ ਕੁਮਾਰ, ਜਗਦੀਪ ਸਿੰਘ, ਸਤਿਨਾਮ ਸਿੰਘ ਆਦਿ ਮੌਜੂਦ ਸਨ।

