ਪਟਿਆਲਾ

ਐੱਨ. ਐੱਸ. ਐੱਸ.ਵਲੰਟੀਅਰਾਂ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਵੱਖ-ਵੱਖ ਤਰੀਕਿਆਂ ਨਾਲ ਸੇਵਾਵਾਂ ਨਿਭਾਈ ਗਈ

ਪਟਿਆਲਾ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਐੱਨ. ਐੱਸ. ਐੱਸ.ਵਲੰਟੀਅਰਾਂ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਵੱਖ-ਵੱਖ ਤਰੀਕਿਆਂ ਨਾਲ ਸੇਵਾਵਾਂ ਨਿਭਾ ਕੇ ਲੋਕਤੰਤਰ ਦੀ ਇਸ ਪ੍ਰਕਿਰਿਆ ਵਿੱਚ ਆਪਣਾ ਯੋਗਦਾਨ ਪਾਇਆ ਗਿਆ।
ਯੂਨੀਵਰਸਿਟੀ ਕੈਂਪਸ ਸਮੇਤ ਵੱਖ-ਵੱਖ ਕਾਲਜਾਂ ਦੇ 150 ਤੋਂ ਵਧੇਰੇ ਵਲੰਟੀਅਰਾਂ ਵੱਲੋਂ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ। ਪੰਜਾਬ ਦੇ ਮਾਲਵਾ ਅਤੇ ਪੁਆਧ ਖੇਤਰ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚਲੇ ਚੋਣ-ਬੂਥਾਂ ਉੱਪਰ ਐੱਨ.ਐੱਸ.ਐੱਸ. ਵਲੰਟੀਅਰਾਂ ਦੀਆਂ ਟੀਮਾਂ ਤਾਇਨਾਤ ਸਨ ਜਿਨ੍ਹਾਂ ਵੱਲੋਂ ਵਿਕਲਾਂਗ, ਬਿਮਾਰ, ਬਜ਼ੁਰਗ ਆਦਿ ਉਹ ਸਭ ਵੋਟਰ, ਜੋ ਆਪਣੀ ਸਰੀਰਿਕ ਸਮਰਥਾ ਦੀ ਕਿਸੇ ਸੀਮਾ ਕਾਰਨ ਵੋਟ ਪਾਉਣ ਲਈ ਸੰਬੰਧਤ ਬੂਥ ਉੱਤੇ ਬਿਨਾ ਕਿਸੇ ਸਹਾਰੇ ਤੋਂ ਆਸਾਨੀ ਨਾਲ ਜਾਣ ਤੋਂ ਅਸਮਰੱਥ ਸਨ, ਦੀ ਮਦਦ ਕੀਤੀ ਗਈ।

ਪੰਜਾਬੀ ਯੂਨੀਵਰਸਿਟੀ ਦੇ ਐੱਨ.ਐੱਨ.ਐੱਸ. ਕੋਆਰਡੀਨੇਟਰ ਡਾ. ਮਮਤਾ ਸ਼ਰਮਾ ਵੱਲੋਂ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਦੇਸ ਦੀਆਂ ਜਮਹੂਰੀ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਦੀ ਇਸ ਪ੍ਰਕਿਰਿਆ ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਵੀ ਇਸ ਹਿਸਾਬ ਨਾਲ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਕੈਂਪਸ ਨਾਲ ਸੰਬੰਧਤ 21 ਵਲੰਟੀਅਰ, ਸਰਕਾਰੀ ਕਾਲਜ ਲੜਕੀਆਂ (ਜੀ.ਸੀ.ਜੀ.) ਪਟਿਆਲਾ ਨਾਲ ਸੰਬੰਧਤ 10 ਵਲੰਟੀਅਰ, ਪੀ.ਐੱਮ.ਐੱਨ. ਕਾਲਜ ਰਾਜਪੁਰਾ ਨਾਲ ਸੰਬੰਧਤ 55 ਵਲੰਟੀਅਰ, ਯੂਨੀਵਰਸਿਟੀ, ਕਾਲਜ ਘਨੌਰ ਨਾਲ ਸੰਬੰਧਤ 21 ਵਲੰਟੀਅਰ, ਪਬਲਿਕ ਕਾਲਜ ਸਮਾਣਾ ਨਾਲ ਸੰਬੰਧਤ 22 ਵਲੰਟੀਅਰ, ਸਰਕਾਰੀ ਬਿਕਰਮ ਕਾਲਜ ਕਾਮਰਸ ਨਾਲ ਸੰਬੰਧਤ 14 ਵਲੰਟੀਅਰ ਅਤੇ ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਨਾਲ ਸੰਬੰਧਤ ਸੱਤ ਵਲੰਟੀਅਰ ਇਨ੍ਹਾਂ ਟੀਮਾਂ ਵਿੱਚ ਸ਼ਾਮਿਲ ਸਨ ਜੋ ਇਸ ਚੋਣ ਪ੍ਰਕਿਰਿਆ ਦੌਰਾਨ ਲੋੜਵੰਦਾਂ ਦੀ ਮਦਦ ਕਰ ਰਹੀਆਂ ਸਨ।

ਓਧਰ ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ 16 ਫਰਵਰੀ 2022 ਤੋਂ 28 ਫਰਵਰੀ 2022 ਤੱਕ ਵਿਗਿਆਨ ਅਤੇ ਪੰਜਾਬੀ ਬੋਲੀ ਨੂੰ ਸਮਰਪਿਤ ਮਨਾਏ ਜਾ ਰਹੇ ਪੰਦਰਵਾੜੇ ਦੀਆਂ ਸਰਗਰਮੀਆਂ ਚੱਲ ਰਹੀਆਂ ਹਨ। ਇਨ੍ਹਾਂ ਪ੍ਰੋਗਰਾਮਾਂ ਦੀ ਲੜੀ ਵਿੱਚ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਉੱਪਰ ਹਰ ਸਾਲ ਵਾਂਗ ਇੱਕ ਵਿਸ਼ੇਸ਼ ਲੈਕਚਰ ਕਰਵਾਇਆ ਜਾਵੇਗਾ। ਇਸ ਵਾਰ ਇਹ ਲੈਕਚਰ ਉੱਘੇ ਪੰਜਾਬੀ ਨਾਟਕਕਾਰ ਅਤੇ ਪੰਜਾਬੀ ਟ੍ਰਿਬਿਊਨ ਦੇ ਮੌਜੂਦਾ ਸੰਪਾਦਕ ਸਵਰਾਜਵੀਰ ਵੱਲੋਂ ਦਿੱਤਾ ਜਾਣਾ ਹੈ। ਇਸ ਦਿਨ ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬੀ ਬੋਲੀ ਦੇ ਹਵਾਲੇ ਨਾਲ ਕੁੱਝ ਐਲਾਨ ਵੀ ਕੀਤੇ ਜਾਣੇ ਹਨ।

ਜ਼ਿਕਰਯੋਗ ਹੈ ਕਿ ਇਸ ਪੰਦਰਵਾੜੇ ਦੌਰਾਨ ਵੱਖ-ਵੱਖ ਕਿਸਮ ਦੇ ਸਮਾਗਮਾਂ ਦੀ ਇੱਕ ਲੜੀ, ਜੀਵ ਵਿਗਿਆਨ ਦੇ ਖੇਤਰ ਵਿੱਚ ਕਰਵਾਈ ਗਈ ਅੰਤਰਰਾਸ਼ਟਰੀ ਕਾਨਫਰੰਸ, ਜੋ ਕਿ ਕੌਮਾਂਤਰੀ ਸਾਇੰਸਦਾਨ ਮਰਹੂਮ ਪ੍ਰੋ. ਐਡਵਰਡ ਵਿਲਸਨ ਨੂੰ ਸਮਰਪਿਤ ਸੀ, ਨਾਲ 16 ਫਰਵਰੀ ਨੂੰ ਇਨ੍ਹਾਂ ਪ੍ਰੋਗਰਾਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ।
ਵਰਨਣਯੋਗ ਹੈ ਕਿ ਕੇਂਦਰ ਸਰਕਾਰ ਦੇ ਵਿਗਿਆਨ ਅਤੇ ਤਕਨਾਲੌਜੀ ਵਿਭਾਗ ਵੱਲੋਂ ਭਾਰਤ ਦੀ ਅਜ਼ਾਦੀ ਦੇ 75ਵੇਂ ਸਾਲ ਸੰਬੰਧੀ ਜਸ਼ਨਾਂ ਮੌਕੇ ਪੂਰੇ ਦੇਸ ਵਿਚਲੀਆਂ 75 ਚੁਣਿੰਦਾ ਥਾਵਾਂ ਉੱਪਰ ਵਿਗਿਆਨ ਹਫ਼ਤਾ ਮਨਾਇਆ ਜਾਣਾ ਹੈ। ਪੰਜਾਬ ਵਿੱਚੋਂ ਇਸ ਮਕਸਦ ਲਈ ਚੁਣੀਆਂ ਗਈਆਂ ਚਾਰ ਥਾਵਾਂ ਅਮ੍ਰਿਤਸਰ, ਜਲੰਧਰ, ਲੁਧਿਆਣਾ ਸਮੇਤ ਪਟਿਆਲਾ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ ਇਸ ਪ੍ਰੋਗਰਾਮ ਲਈ ਚੁਣਿਆ ਗਿਆ ਹੈ। ਪੰਜਾਬ ਸੂਬੇ ਵਿੱਚ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲਜੀ, ਚੰਡੀਗੜ੍ਹ ਇਨ੍ਹਾਂ ਪ੍ਰੋਗਰਾਮਾਂ ਦੀ ਸਟੇਟ ਨੋਡਲ ਏਜੰਸੀ ਹੈ।

Leave a Reply

Your email address will not be published. Required fields are marked *