ਵਰਲਡ ਯੂਨੀਵਰਸਿਟੀ ਵੱਲੋਂ ਭਗਤ ਰਵਿਦਾਸ ਜੀ ਤੇ ਵਿਸ਼ੇਸ਼ ਲੈਕਚਰ
ਫਤਿਹਗੜ੍ਹ ਸਾਹਿਬ (ਰਮਨਦੀਪ/ਮਧੂਸਾਰ ਬਿਊਰੋ) ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਧਰਮ ਅਧਿਅਨ ਵਿਭਾਗ ਵੱਲੋਂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ‘ਭਗਤ ਰਵਿਦਾਸ ਜੀ: ਜੀਵਨ ਅਤੇ ਬਾਣੀ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਾਈਸ-ਚਾਂਸਲਰ ਡਾ. ਪਰਿਤ ਪਾਲ ਸਿੰਘ ਜੀ ਨੇ ਕਿਹਾ ਕਿ ਭਗਤ ਰਵਿਦਾਸ ਜੀ ਦਾ ਭਾਰਤੀ ਅਧਿਆਤਮ ਪਰੰਪਰਾ ਵਿਚ ਨਿਵੇਕਲਾ ਸਥਾਨ ਹੈ। ਉਨ੍ਹਾਂ ਆਖਿਆ ਕਿ ਬਰਾਬਰਤਾ, ਸਵੈਮਾਣ ਅਤੇ ਆਜ਼ਾਦ ਸਮਾਜ ਸਿਰਜਣ ਲਈ ਭਗਤ ਰਵਿਦਾਸ ਜੀ ਦੀ ਬਾਣੀ ਤੋਂ ਵਡਮੁੱਲੀ ਸੇਧ ਪ੍ਰਾਪਤ ਕੀਤੀ ਜਾ ਸਕਦੀ ਹੈ। ਸਮਾਗਮ ਦੀ ਸ਼ੁਰੂਆਤ ਡੀਨ ਅਕਾਦਮਿਕ ਮਾਮਲੇ, ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਜੀ ਆਇਆਂ ਕਹਿ ਕੇ ਕੀਤੀ। ਉਨ੍ਹਾਂ ਆਖਿਆ ਕਿ ਭਗਤ ਰਵਿਦਾਸ ਜੀ ਵਰਗੀਆਂ ਆਦਰਸ਼ ਸ਼ਖ਼ਸੀਅਤਾਂ ਸਾਡੇ ਲਈ ਹਮੇਸ਼ਾਂ ਚਾਨਣ ਮੁਨਾਰਾ ਰਹੀਆਂ ਹਨ।
ਸਮਾਗਮ ਦੇ ਮੁੱਖ ਵਕਤਾ ਪ੍ਰਿੰ. ਪ੍ਰਭਜੋਤ ਕੌਰ, ਸਾਬਕਾ ਪ੍ਰਿੰਸੀਪਲ, ਗੁਰਮਤਿ ਕਾਲਜ ਪਟਿਆਲਾ ਨੇ ਭਗਤ ਰਵਿਦਾਸ ਜੀ ਦੇ ਜੀਵਨ ਅਤੇ ਗੁਰਬਾਣੀ ਸਬੰਧੀ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ। ਉਨ੍ਹਾਂ ਆਖਿਆ ਕਿ ਸਮਾਜ ਵਿਚ ਮੌਜੂਦ ਊਚ ਨੀਚ ਮਨੁੱਖਤਾ ਦੇ ਮੱਥੇ ਉੱਪਰ ਬਹੁਤ ਵੱਡਾ ਕਲੰਕ ਹੈ। ਇਕ ਚੰਗੇ ਸਮਾਜ ਦੀ ਸਿਰਜਣਾ ਲਈ ਭਗਤ ਰਵਿਦਾਸ ਜੀ ਵੱਲੋਂ ਦਿੱਤਾ ਗਿਆ ਬੇਗਮਪੁਰੇ ਦਾ ਸਿਧਾਂਤ ਮਨੁੱਖਤਾ ਨੂੰ ਵਡਮੁੱਲੀ ਦੇਣ ਹੈ।
ਸਮਾਗਮ ਦੇ ਅਖੀਰ ਵਿੱਚ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਵਿਭਾਗ ਮੁਖੀ ਡਾ. ਕਿਰਨਦੀਪ ਕੌਰ ਜੀ ਨੇ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਹਰ ਸਾਲ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦਾ ਹੈ। ਉਨ੍ਹਾਂ ਆਖਿਆ ਕਿ ਅਜਿਹੇ ਉਪਰਾਲਿਆਂ ਰਾਹੀਂ ਜਿੱਥੇ ਵਿਦਿਆਰਥੀ ਆਪਣੇ ਵਡਮੁੱਲੇ ਵਿਰਸੇ ਤੋਂ ਜਾਣੂ ਹੁੰਦੇ ਹਨ ਉਥੇ ਗੁਰਮਤਿ ਸਿਧਾਂਤ ਨਾਲ ਉਨ੍ਹਾਂ ਦੀ ਵਿਹਾਰਕ ਸਾਂਝ ਵੀ ਬਣਦੀ ਹੈ। ਉਨ੍ਹਾਂ ਨੇ ਸਮਾਗਮ ਵਿੱਚ ਸ਼ਾਮਲ ਹੋਏ ਪਤਵੰਤਿਆਂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਅੰਕਦੀਪ ਕੌਰ ਅਟਵਾਲ, ਮੁਖੀ, ਅੰਗਰੇਜ਼ੀ ਵਿਭਾਗ ਅਤੇ ਲੋਕ ਸੰਪਰਕ ਅਫਸਰ, ਡਾ. ਸਿਕੰਦਰ ਸਿੰਘ, ਮੁਖੀ, ਪੰਜਾਬੀ ਵਿਭਾਗ ਅਤੇ ਡਾ. ਹਰਨੀਤ ਕੌਰ ਬਿਲਿੰਗ, ਇੰਚਾਰਜ, ਸਿੱਖਿਆ ਵਿਭਾਗ ਨੇ ਸ਼ਮੂਲੀਅਤ ਕੀਤੀ।

