ਬੀਐੱਸਐੱਫ ਦੇ ਸੈਕਟਰ ਹੈੱਡਕੁਆਰਟਰ ਖਾਸਾ ’ਚ ਜਵਾਨ ਵੱਲੋਂ ਸਾਥੀਆਂ ’ਤੇ ਗੋਲੀਬਾਰੀ, 5 ਮੌਤਾਂ ਤੇ ਕਈ ਜ਼ਖ਼ਮੀ
ਅੰਮ੍ਰਿਤਸਰ/ਅਟਾਰੀ, 6 ਮਾਰਚ (ਮਧੂਸਾਰ ਬਿਊਰੋ) ਬੀਐੱਸਐੱਫ ਦੇ ਖਾਸਾ ਹੈੱਡਕੁਆਰਟਰ ਵਿੱਚ ਬੀਐੱਸਐੱਫ ਦੇ ਜਵਾਨ ਵੱਲੋਂ ਆਪਣੇ ਸਾਥੀਆਂ ’ਤੇ ਗੋਲੀ ਚਲਾਉਣ ਕਾਰਨ ਪੰਜ ਜਵਾਨਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚ ਗੋਲੀ ਚਲਾਉਣ ਵਾਲਾ ਜਵਾਨ ਵੀ ਸ਼ਾਮਲ ਹੈ। ਮਿਲੀ ਜਾਣਕਾਰੀ ਅਨੁਸਾਰ ਸੀਮਾ ਸੁਰੱਖਿਆ ਬਲ ਦੇ ਅੰਮ੍ਰਿਤਸਰ ਸੈਕਟਰ ਹੈੱਡਕੁਆਰਟਰ ਖਾਸਾ ਵਿਖੇ ਡਿਊਟੀ ਨਿਭਾਅ ਰਹੇ 144ਵੀਂ ਬਟਾਲੀਅਨ ਜਵਾਨ ਸਤੁੱਪਾ ਨੇ ਕਥਿਤ ਤੌਰ ’ਤੇ ਵੱਧ ਡਿਊਟੀ ਲਏ ਜਾਣ ਤੋਂ ਤੰਗ ਆ ਕੇ ਆਪਣੀ ਸਰਕਾਰੀ ਰਾਈਫ਼ਲ ਨਾਲ ਅੰਨ੍ਹੇਵਾਹ ਗੋਲੀਆਂ ਚਲਾਈਆਂ।
ਜ਼ਖ਼ਮੀ ਜਵਾਨਾਂ ਨੂੰ ਇਲਾਜ ਲਈ ਅੰਮ੍ਰਿਤਸਰ ਸਥਿਤ ਆਈਵੀਵਾਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਜਵਾਨਾਂ ਵਿੱਚ ਗੋਲੀਆਂ ਚਲਾਉਣ ਵਾਲਾ ਸਤੁੱਪਾ ਐੱਸ. ਕਿਲਰਾਗੀ, ਹੈੱਡ ਕਾਂਸਟੇਬਲ ਡੀਐੱਸ ਤੋਰਸਕਰ, ਹੈੱਡ ਕਾਂਸਟੇਬਲ ਬਲਜਿੰਦਰ ਕੁਮਾਰ ਅਤੇ ਸੀਟੀ ਰਤਨ ਚੰਦ ਤੇ ਹੈੱਡ ਕਾਂਸਟੇਬਲ ਰਾਮਵਿਨੋਧ ਸਿੰਘ ਸ਼ਾਮਲ ਹਨ। ਸੀਟੀ ਨਿਹਾਲ ਸਿੰਘ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਇਲਾਜ ਅਧੀਨ ਹੈ।

