ਅੰਮ੍ਰਿਤਸਰਪੰਜਾਬ

ਪੰਜਾਬ ਸਦਾਚਿਰਜੀਵੀ ਹਰੀ ਕ੍ਰਾਂਤੀ ਲਿਆ ਸਕਦਾ ਹੈ : ਡਾ. ਦਵਿੰਦਰ ਕੁਮਾਰ

ਕਿਸਾਨੀ ਨੂੰ ਬਚਾਉਣ ਲਈ ਸਿਆਸਤਦਾਨ ਤੇ ਸਮਾਜ ਹੰਭਲਾ ਮਾਰਨ : ਛੀਨਾ

ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੇ ਪੰਜਵੇਂ ਦਿਨ ਵਾਤਾਵਰਨ ਤੇ ਖੇਤ ਸੰਕਟ ਦੇ ਮਸਲਿਆਂ ਬਾਰੇ ਗੰਭੀਰ ਚਿੰਤਨ ਨੂੰ ਸਮਰਪਿਤ ਰਿਹਾ

‘ਮੇਲਾ ਚਹੁੰ ਕੂਟਾਂ ਦਾ’ ’ਚ ਮਾਝੇ, ਮਾਲਵੇ, ਦੁਆਬੇ ਅਤੇ ਪੁਆਧ ਦਾ ਸੱੱਭਿਆਚਾਰਕ ਰੰਗ

ਅੰਮ੍ਰਿਤਸਰ, 9 ਮਾਰਚ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਪੰਜਾਬ ਸਦਾਚਿਰਜੀਵੀ ਹਰੀ ਕ੍ਰਾਂਤੀ ਲਿਆ ਸਕਦਾ ਹੈ, ਇਸ ਵਾਸਤੇ ਸਿਆਸੀ ਇੱਛਾ-ਸ਼ਕਤੀ ਹੋਣੀ ਚਾਹੀਦੀ ਹੈ। ਇਹ ਵਿਚਾਰ ਖੇਤੀ ਮਸਲਿਆਂ ਦੇ ਸੰਸਰ ਪ੍ਰਸਿੱਧ ਮਾਹਿਰ ਡਾ. ਦਵਿੰਦਰ ਸ਼ਰਮਾ ਨੇ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੇ ਪੰਜਵੇਂ ਦਿਨ ਭਾਰਤ ਦੇ ਅਨਾਜ ਭੰਭਾਰ ਵਿਚ ਖੇਤੀਬਾੜੀ ਸਥਿਰਤਾ: ਵਾਤਾਵਰਣਿਕ ਪਰਿਪੇਖ ਵਿਸ਼ੇ ’ਤੇ ਬੋਲਦਿਆਂ ਪ੍ਰਗਟ ਕੀਤੇ। ਇਸ ਮੌਕੇ ਉਚੇਚੇ ਤੌਰ ’ਤੇ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਕਿਸਾਨੀ ਨੂੰ ਬਚਾਉਣ ਲਈ ਐਮ. ਐਸ. ਪੀ. ਨੂੰ ਕਾਨੂੰਨੀ ਜਾਮਾ ਪਹਿਨਾਇਆ ਜਾਵੇ। ਉਨ੍ਹਾਂ ਇਸ ਮੌਕੇ ਕਿਹਾ ਕਿ ਕਿਸਾਨੀ ਦਾ ਸਮੂਹ ਜਗਤ ’ਚ ਬਹੁਤ ਹੀ ਮਹੱਤਵਪੂਰਨ ਯੋਗਦਾਨ ਹੈ, ਇਸ ਲਈ ਕਿਸਾਨੀ ਨੂੰ ਬਚਾਉਣ ਲਈ ਸਿਆਸਤਦਾਨ ਤੇ ਸਮਾਜ ਨੂੰ ਰਲ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ ਤਾਂ ਕਿ ਕਿਸਾਨ ਦੀ ਆਮਦਨ ’ਚ ਚੌਖਾ ਵਾਧਾ ਕਰਕੇ ਇਸ ਕਿੱਤੇ ਨੂੰ ਲਾਹੇਵੰਦ ਬਣਾਇਆ ਜਾ ਸਕੇ।

ਇਸ ਤੋਂ ਪਹਿਲਾਂ ਡਾ. ਸ਼ਰਮਾ ਨੇ ਭਾਰਤ ਦੇ ਕਿਸਾਨੀ ਸੰਕਟ ਬਾਰੇ ਅੰਕੜਿਆਂ ਦੇ ਹਵਾਲੇ ਨਾਲ ਕਿਹਾ ਕਿ ਅੱਜ ਕਿਸਾਨ ਦੀ ਮਹੀਨੇਵਾਰ ਆਮਦਨ ਇੰਨੀ ਵੀ ਨਹੀਂ ਕਿ ਉਹ ਇਕ ਗਾਂ ਪਾਲ ਸਕੇ, ਫਿਰ ਉਹ ਆਪਣਾ ਪੂਰਾ ਪਰਿਵਾਰ ਕਿਵੇਂ ਪਾਲ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਘਟੋ ਘਟ ਤੀਹ ਹਜ਼ਾਰ ਰੁਪਏ ਮਹੀਨਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹਰੀ ਕ੍ਰਾਂਤੀ ਵਿਚ ਮੋਹਰੀ ਰਿਹਾ ਤੇ ਇਸ ਵਿਚ ਕਿਸਾਨਾਂ ਨੇ ਵਧ ਚੜ੍ਹ ਕੇ ਯੋਗਦਾਨ ਦਿੱਤਾ। ਪਰ ਇਸ ਵਿਚ ਕਿਸਾਨਾਂ ਨੂੰ ਸ਼ਾਮਲ ਕਰਵਾਉਣ ਲਈ ਸਰਕਾਰਾਂ ਨੇ ਵੱਡੇ ਪੱਧਰ ਦੀ ਇੱਛਾ ਸ਼ਕਤੀ ਦਿਖਾਈ ਤੇ ਬੁਨਿਆਦੀ ਢਾਂਚਾ ਉਸਾਰਨ ਵਿਚ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਤੇ ਪੰਜਾਬ ਨੂੰ ਦੂਸਰੀ ਹਰੀ ਕ੍ਰਾਂਤੀ ਦੀ ਲੋੜ ਨਹੀਂ ਹੈ, ਕਿਉਂਕਿ ਇਹ ਹਰੀ ਕ੍ਰਾਂਤੀ ਦੇ ਨਾਲ ਆਏ ਵਿਗਾੜਾਂ ਨੂੰ ਹੋਰ ਅੱਗੇ ਲੈ ਜਾਵੇਗੀ। ਜਦਕਿ ਪੰਜਾਬ ਦੇ ਵਾਤਾਵਰਨ ਨੂੰ ਮੁੜ ਸਰਜੀਤ ਕਰਨ ਲਈ ਵਾਤਾਵਰਨ ਆਧਾਰਤ ਸਦਾਚਿਰਜੀਵੀ ਹਰੀ ਕ੍ਰਾਂਤੀ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਕ੍ਰਾਂਤੀ ਲਿਆਉਣੀ ਸੰਭਵ ਹੈ ਅਤੇ ਇਸ ਲਈ ਉਸੇ ਤਰ੍ਹਾਂ ਦਾ ਵੱਡਾ ਆਰਥਕ ਤੇ ਬੁਨਿਆਦੀ ਢਾਂਚਾ ਖੜ੍ਹਾ ਕਰਨ ਦੀ ਜ਼ਿੰਮੇਵਾਰੀ ਸਰਕਾਰਾਂ ਨੂੰ ਨਿਭਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਪਰਾਲੀ ਸਾੜ੍ਹਨ ਤੇ ਪੰਜਾਬ ਦੇ ਜ਼ਮੀਨਦੋਖ਼ ਪਾਣੀ ਦੇ ਘਟਣ ਦੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਤੇ ਉਹ ਵੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਚਾਹੁੰਦੇ ਹਨ। ਪਰ ਇਸ ਸਭ ਕੁਝ ਦਾ ਭਾਰ ਇਕੱਲੇ ਕਿਸਾਨਾਂ ’ਤੇ ਛੱਡ ਦੇਣ ਨਾਲ ਇਨ੍ਹਾਂ ਮਸਲਿਆਂ ਦਾ ਹੱਲ ਨਹੀਂ ਹੋ ਸਕਦਾ।ਉਹਨਾਂ ਨੇ ਭਾਰਤ ਦੇ ਅਨਾਜ ਭੰਡਾਰ ਨੂੰ ਭਰਨ ਲਈ ਪੰਜਾਬ ਦੀ ਕਿਸਾਨੀ ਦੁਆਰਾ ਪਾਏ ਗਏ ਯੋਗਦਾਨ ਨੂੰ ਯਾਦ ਕਰਦਿਆ ਵਰਤਮਾਨ ਸਮੇਂ ਵਿਚ ਪੰਜਾਬ ਦੇ ਖੇਤੀਬਾੜੀ ਖੇਤਰ ਦੇ ਸੰਕਟ ਦੀ ਵੱਖ-ਵੱਖ ਪਰਤਾਂ ਫਰੋਲੀਆਂ।

ਇਸ ਤੋਂ ਪਹਿਲਾਂ ਪੰਜਵੇਂ ਦਿਨ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਦਿਆਂ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਖ਼ਾਲਸਾ ਕਾਲਜ ਆਪਣੀ ਪ੍ਰੰਪਰਾਵਾਂ ਅਨੁਸਾਰ ਪੰਜਾਬ ਦੇ ਵਰਤਮਾਨ ਹਾਲਾਤ ਬਾਰੇ ਵਿਚਾਰ ਚਰਚਾ ਕਰਨ ਦਾ ਕੇਂਦਰ ਬਣਿਆ ਹੋਇਆ ਹੈ। ਅਸੀਂ ਹਰ ਖੇਤਰ ਦੇ ਵਿਦਵਾਨਾਂ ਨੂੰ ਆਪਣੀ ਚਿੰਤਾ ਜਾਹਰ ਕਰਨ ਦਾ ਪਲੇਟਫਾਰਮ ਮੁਹੱਇਆ ਕਰਵਾ ਰਹੇ ਹਾਂ ਤਾਂ ਜੋ ਪੰਜਾਬ ਦੇ ਚੰਗੇਰੇ ਭਵਿੱਖ ਬਾਰੇ ਕੋਈ ਕਨਸ਼ਾ ਬਣਾ ਸਕੀਏ। ਦੁਪਹਿਰ ਸਮੇਂ ਸ਼ੁਰੂ ਹੋਏ ਦੂਸਰੇ ਪ੍ਰੋਗਰਾਮ ‘ਕਾਇਦਾ-ਏ-ਨੂਰ: ਇੱਕੀਵੀਂ ਸਦੀ (ਮਾਤ-ਭਾਸ਼ਾਵਾਂ ਨੂੰ ਸਮਰਪਿਤ ਰਿਲੀਜ਼ ਰਸਮ)’ ਵਿਚ ਵਿਦਵਾਨਾਂ ਨੇ ਪੰਜਾਬ ਦੇ ਵਰਤਮਾਨ ਸੰਕਟ ਬਾਰੇ ਵਿਚਾਰ ਚਰਚਾ ਕੀਤੀ। ਇਸ ਪ੍ਰੋਗਰਾਮ ਦੇ ਸੰਯੋਜਨ ਜਗਤ ਪੰਜਾਬੀ ਸਭਾ ਕੈਨੇਡਾ ਦੇ ਪ੍ਰਬੰਧਕ ਡਾ. ਅਜਾਇਬ ਸਿੰਘ ਚੱਠਾ ਨੇ ਕੀਤਾ। ਜਦਕਿ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਕੀਤੀ ਅਤੇ ਇਸ ਦਾ ਸੰਚਾਲਨ ਪਿ੍ਰੰ. ਬੇਅੰਤ ਕੌਰ ਸ਼ਾਹੀ ਨੇ ਕੀਤਾ। ਇਸ ਪ੍ਰੋਗਰਾਮ ਵਿਚ ਆਪਣੇ ਵਿਚਾਰ ਪੇਸ਼ ਕਰਨ ਵਾਲੇ ਵਿਦਵਾਨਾਂ ਵਿਚ ਡਾ. ਸ.ਸ. ਗਿੱਲ (ਸਾਬਕਾ ਵੀ. ਸੀ.), ਰਵਿੰਦਰ ਢਿੱਲੋਂ, ਪਿ੍ਰੰ. ਕੰਵਲਜੀਤ ਕੌਰ ਬਾਜਵਾ, ਪਿ੍ਰੰ. ਡਾ. ਰਜਿੰਦਰ ਸਿੰਘ, ਪਿ੍ਰੰ. ਬਲਦੇਵ ਸਿੰਘ, ਸਤਿੰਦਰ ਕੌਰ ਕਾਹਲੋਂ ਸ਼ਾਮਲ ਸਨ। ਵਿਦਵਾਨਾਂ ਨੇ ਕਾਇਦਾ-ਏ-ਨੂਰ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੌਰਾਨ ਲੋਕਾਂ ਨੂੰ ਅੱਖਰ-ਗਿਆਨ ਦੇਣ ਲਈ ਇਹ ਕਾਇਦਾ ਹਰ ਪਿੰਡ ਵਿਚ ਵੰਡਿਆ ਗਿਆ। ਜਿਸ ਦੀ ਵਰਤੋਂ ਕਰਕੇ ਪਿੰਡ ਦੇ ਮੋਹਤਬਰ ਪਿੰਡ ਦੇ ਪੰਜ ਵਿਅਕਤੀਆਂ ਨੂੰ ਅੱਖਰ ਗਿਆਨ ਦਿੰਦੇ। ਫਿਰ ਉਹ ਵਿਅਕਤੀ ਪੰਜ ਹੋਰ ਕਾਇਦੇ ਆਪਣੇ ਹੱਥੀਂ ਤਿਆਰ ਕਰਕੇ ਅੱਗੇ ਪੰਜ-ਪੰਜ ਹੋਰ ਵਿਅਕਤੀਆਂ ਨੂੰ ਸਿੱਖਿਅਤ ਕਰਦੇ। ਇਸ ਤਰ੍ਹਾਂ ਉਸ ਕਾਲ ਵਿਚ ਪੰਜਾਬ ਦੀ ਸਿੱਖਿਆ ਦਰ ਬਹੁਤ ਜ਼ਿਆਦਾ ਸੀ।ਇਸ ਮੌਕੇ ਰਿਲੀਜ਼ ਕੀਤੇ ਗਏ ਕਾਇਦਾ-ਏ-ਨੂਰ: ਇੱਕਵੀਂ ਸਦੀ ਬਾਰੇ ਉਨ੍ਹਾਂ ਕਿਹਾ ਕਿ ਇਹ ਕਾਇਦਾ ਨਵੀਂ ਪੀੜ੍ਹੀ ਨੂੰ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ, ਹਿੰਦੀ, ਸ਼ਾਹਮੁੱਖੀ ਤੇ ਉਰਦੂ ਸਿੱਖਣ ਵਿਚ ਮਦਦ ਕਰੇਗਾ।

ਇਸ ਮੌਕੇ ਸ: ਛੀਨਾ ਨੇ ਜਗਤ ਪੰਜਾਬੀ ਸਭਾ ਦੇ ਮੈਂਬਰਾਂ ਦੇ ਕਾਇਦਾ-ਏ-ਨੂਰ ਦੇ ਉਪਰਾਲੇੇ ਅਤੇ ਖ਼ਾਸ ਕਰਕੇ ਡਾ. ਅਜਾਇਬ ਸਿੰਘ ਚੱਠਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਇਸ ਦੇ ਰਿਲੀਜ਼ ਮੌਕੇ ਉਨ੍ਹਾਂ ਨੂੰ ਵਧਾਈ ਦਿੱਤੀ। ਸ: ਛੀਨਾ ਨੇ ਮਾਂ ਬੋਲੀ ਪੰਜਾਬੀ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਹਰੇਕ ਭਾਸ਼ਾਵਾਂ ਸਤਿਕਾਰਯੋਗ ਹਨ ਅਤੇ ਹਰ ਇਕ ਭਾਸ਼ਾ ਨੂੰ ਸਿੱਖਣਾ ਸਮੇਂ ਦੀ ਨਜਾਕਤ ਹੈ ਪਰ ਇਸ ’ਚ ਆਪਣੀ ਮਾਂ ਬੋਲੀ ਨੂੰ ਵੀ ਬਚਾਉਣ ਅਤੇ ਅਪਨਾਉਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਕਿਉਂਕਿ ਜਿਹੜੀ ਕੌਮ ਆਪਣੀ ਭਾਸ਼ਾ ਨੂੰ ਵਿਸਾਰ ਦੇਵੇ ਉਸ ਦਾ ਵਜ਼ੂਦ ਇਕ ਨਾ ਇਕ ਦਿਨ ਖ਼ਤਮ ਹੋ ਜਾਂਦਾ ਹੈ। ਬਾਅਦ ਦੁਪਹਿਰ ਹੋਏ ਪ੍ਰੋਗਰਾਮ ‘ਮੇਲਾ ਚਹੁੰ ਕੂਟਾਂ ਦਾ’ ਵਿਚ ਪੰਜਾਬ ਦੇ ਮਾਝੇ, ਮਾਲਵੇ, ਦੁਆਬੇ ਅਤੇ ਪੁਆਧ ਦੇ ਇਲਾਕੇ ਦੇ ਸਭਿਆਚਾਰਕ ਰੰਗ ਵੇਖ ਕੇ ਦਰਸ਼ਕ ਗਦਗਦ ਹੋ ਗਏ। ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਵਿਚ ਪੰਜਾਬ ਦੇ ਵੱਖ-ਵੱਖ ਖਿੱਤਿਆਂ ਦੇ ਲੋਕ-ਕਲਾਕਾਰਾਂ ਨੇ ਪਰੰਪਰਾਗਤ ਰੰਗ ਤੇ ਅੰਦਾਜ਼ ਵਿਚ ਲੋਕ ਧੁਨਾਂ ਤੇ ਤਰਜ਼ਾਂ ਦੀ ਪੇਸ਼ਕਾਰੀ ਕੀਤੀ। ਇਸ ਸਮਾਗਮ ਵਿਚ ਪੰਜਾਬ ਦੇ ਮੇਲਿਆਂ ਵਾਲਾ ਵਿਰਾਸਤੀ ਰੰਗ ਮੰਚ ’ਤੇ ਸੁਰਜੀਤ ਹੁੰਦਾ ਹੋਇਆ ਨਜ਼ਰ ਆਇਆ।

ਮੇਲੇ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਲੇ ਦੇ ਛੇਵੇਂ ਦਿਨ ਕੱਲ 10 ਮਾਰਚ ਨੂੰ ਪ੍ਰੋਗਰਾਮ ‘ਨਾਰੀ ਮਨ ਦੀਆਂ ਬਾਤਾਂ’ ਪ੍ਰੋਗਰਾਮ ਤਹਿਤ ਪੰਜਾਬੀ ਕਹਾਣੀ ਦੇ ਸੰਦਰਭ ਵਿਚ ਔਰਤ ਮਨ ਬਾਰੇ ਵਿਚਾਰ ਚਰਚਾ ਹੋਵੇਗੀ ਜਿਸ ਦੇ ਸੰਯੋਜਕ ਡਾ. ਰਮਿੰਦਰ ਕੌਰ, ਸਾਬਕਾ ਮੁਖੀ ਪੰਜਾਬੀ ਵਿਭਾਗ, ਗੁਰੂ ਨਾਨਕ ਦੇਵ ਯੂਨਵਿਰਸਿਟੀ ਹੋਣਗੇ ਅਤੇ ਇਸ ਵਿਚ ਪੰਜਾਬੀ ਦੀਆਂ ਕਹਾਣੀਕਾਰਾ ਦੀਪਤੀ ਬਬੂਟਾ, ਤਿ੍ਰਪਤਾ ਕੇ.ਸਿੰਘ, ਸੁਰਿੰਦਰ ਨੀਰ, ਅਰਵਿੰਦਰ ਧਾਲੀਵਾਲ, ਅਤੇ ਸਰਘੀ ਹਿੱਸਾ ਲੈਣਗੀਆਂ।ਇਸ ਤੋਂ ਬਾਅਦ ਸਮਕਾਲੀ ਪੰਜਾਬੀ ਕਹਾਣੀ ਸੰਵਾਦ ਪ੍ਰੋਗਰਾਮ ਵਿਚ ਡਾ. ਮਹਿਲ ਸਿੰਘ, ਸੁਕੀਰਤ, ਜਸ ਮੰਡ ਤੇ ਬਲਬੀਰ ਪਰਵਾਨਾ ਪੰਜਾਬੀਕਹਾਣੀ ਦੇ ਨਵੇਂ ਨਕਸ਼ਾਂ ਬਾਰੇ ਵਿਚਾਰ ਚਰਚਾ ਕਰਨਗੇ। ਸ਼ਾਮ ਸਮੇਂ ਕਾਲਜ ਦੇ ਵਿਦਿਆਰਥੀਆਂ ਵੱਲੋਂ ਲੋਕ ਸਾਜਾਂ ਦੀ ਜੁਗਲਬੰਦੀ ਪੇਸ਼ ਕੀਤੀ ਜਾਵੇਗੀ।

Leave a Reply

Your email address will not be published. Required fields are marked *