ਔਰਤਾਂ ਨੂੰ ਭੈਅ ਮੁਕਤ ਅਤੇ ਸੁਰੱਖਿਅਤ ਵਾਤਾਵਰਨ ਉਪਲਬਧ ਕਰਵਾਉਣਾ ਬਹੁਤ ਜਰੂਰੀ ਹੈ
ਪਟਿਆਲਾ 09 ਮਾਰਚ (ਮਧੂਸਾਰ ਬਿਊਰੋ) : ਉੱਤਰੀ ਭਾਰਤ ਦੀ ਪ੍ਰਸਿੱਧ ਨਾਟ ਸੰਸਥਾ ਕਲਾਕ੍ਰਿਤੀ ਪਟਿਆਲਾ ਨੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਸਰਕਾਰੀ ਸਟੇਟ ਕਾਲਜ ਆਫ ਐਜੂਕੇਸ਼ਨ ਵਿਖੇ ਕਾਲਜ ਪ੍ਰਬੰਧਕਾਂ ਅਤੇ ਜਿਲ੍ਹਾ ਸਵੀਪ ਦੀ ਟੀਮ ਨਾਲ ਮਿਲ ਕੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਜੋ ਕਿ ਦੋ ਦਿਨਾਂ ਮਗਰੋਂ ਸਫਲਤਾ ਨਾਲ ਕਲਾਕ੍ਰਿਤੀ ਭਵਨ ਵਿਖੇ ਸਮਾਪਤ ਹੋਇਆ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਸ੍ਰੀਮਤੀ ਗੁਰਮੀਤ ਕੌਰ ਸ਼ੇਰਗਿੱਲ, ਸਾਬਕਾ ਜੁਆਇੰਟ ਡਾਇਰੈਕਟਰ ਰੋਜ਼ਗਾਰ ਅਤੇ ਉਤਪਤੀ ਸਨ। ਜਿਹਨਾਂ ਨੇ ਇਸ ਮੌਕੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹੋਇਆ ਕਿਹਾ ਕਿ ਔਰਤ ਦੀ ਸਥਿਤੀ ਨੂੰ ਲੈ ਕੇ ਸਮਾਜ ਦੀ ਸੋਚ ਹਲੇ ਵੀ ਨਹੀਂ ਬਦਲੀ ਹੈ। ਸਮਾਜ ਅੱਜ ਵੀ ਉਹਨਾਂ ਨੂੰ ਹਰ ਜਗਾ ਤੇ ਤਿੱਖੀ ਨਜ਼ਰਾਂ ਨਾਲ ਦੇਖਦਾ ਹੈ ਅਤੇ ਸਥਿਤੀ ਉਸ ਵੇਲੇ ਹੋਰ ਵੀ ਤਰਸਯੋਗ ਬਣ ਜਾਂਦੀ ਹੈ ਜਦੋਂ ਔਰਤ ਵਿਕਲਾਂਗ ਹੈ ਜਾਂ ਕਿਸੇ ਸਮਾਜਿਕ ਅਣਹੋਨੀ ਦਾ ਸ਼ਿਕਾਰ ਹੈ। ਪਰ ਇਸ ਸਭ ਦੇ ਬਾਵਜੂਦ ਸਮੇਂ ਦੇ ਨਾਲ ਔਰਤਾਂ ਵਿੱਚ ਜਰੂਰ ਜਾਗਰੂਕਤਾ ਆਈ ਹੈ ਅਤੇ ਇਹੀ ਕਾਰਨ ਹੈ ਕਿ ਹੁਣ ਔਰਤ ਆਪਣੇ ਪੈਰਾਂ ਉੱਤੇ ਖੜੇ ਹੋਣ ਦੀ ਕੋਸ਼ਿਸ਼ ਕਰਦੀ ਹੈ।
ਇਸ ਮੌਕੇ ਪਰਮਿੰਦਰਪਾਲ ਕੌਰ, ਉੱਘੀ ਨਾਟ ਨਿਰਦੇਸ਼ਕਾ, ਲੇਖਕ, ਅਦਾਕਾਰਾ, ਨਿਰਮਾਤਾ ਅਤੇ ਸ਼ੋਸ਼ਲ ਵਰਕਰ ਨੇ ਔਰਤ ਦੀ ਅਜ਼ਾਦੀ ਨੂੰ ਬਰਕਰਾਰ ਕਰਨ ਬਾਰੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਅਤੇ ਉਹਨਾਂ ਕਿਹਾ ਕਿ ਔਰਤਾਂ ਨੂੰ ਭੈਅ ਮੁਕਤ ਅਤੇ ਸੁਰਖਿਅਤ ਵਾਤਾਵਰਣ ਉਪਲੱਬਧ ਕਰਾਉਣ ਲਈ ਬਣਾਏ ਗਏ ਕਾਨੂੰਨਾ ਨੂੰ ਸਖਤੀ ਅਤੇ ਸਹੀ ਤਰੀਕੇ ਨਾਲ ਲਾਗੂ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਅਜ਼ਾਦੀ ਮਗਰੋਂ ਦੇਸ਼ ਦੇ ਆਰਥਿਕ, ਸਮਾਜਿਕ, ਸਭਿਆਚਾਰਕ ਅਤੇ ਸਿੱਖਿਆ ਦੇ ਖੇਤਰ ਵਿੱਚ ਸ਼ਲਾਘਾਯੋਗ ਤਰੱਕੀ ਕੀਤੀ ਹੈ ਅਤੇ ਇਸ ਤਰੱਕੀ ਵਿੱਚ ਮਹਿਲਾਵਾਂ ਦਾ ਅਹਿਮ ਰੋਲ ਹੈ। ਪਰੰਤੂ ਮਹਾਤਮਾ ਗਾਂਧੀ ਦਾ ਮਹਿਲਾਵਾਂ ਨੂੰ ਪੁਰਸ਼ਾਂ ਦੇ ਬਰਾਬਰ ਹੱਕ ਦਿਵਾਉਣ ਦਾ ਸੁਪਨਾ ਅਜੇ ਵੀ ਅਧੂਰਾ ਹੈ ਜਿਸ ਨੂੰ ਹੁਣ ਪੂਰਾ ਕਰਨ ਦੀ ਬਹੁਤ ਲੋੜ ਹੈ।
ਇਸ ਮੌਕੇ ਪ੍ਰੋ. ਕਿਰਨ ਸਟੇਟ ਆਈਕਾਨ ਦੀਵਿਆਗੰਜਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣੇ ਆਪ ਨੂੰ ਕਲਾਕ੍ਰਿਤੀ ਵਲੋਂ ਸਨਮਾਨਿਤ ਹੋਣ ਮਗਰੋਂ ਸਮਾਗਮ ਨੂੰ ਸੰਬੋਧਨ ਕਰਦਿਆਂ ਆਪਣੇ ਵਿਚਾਰਾਂ ਰਾਹੀਂ ਸਰੋਤਿਆਂ ਸਾਹਮਣੇ ਰੱਖਦਿਆਂ ਆਖਿਆ ਕਿ ਔਰਤ ਹੀ ਸਮਾਜ ਦੀ ਸਿਰਜਣਾ ਕਰਦੀ ਹੈ ਅਤੇ ਪੁਰਸ਼ ਨੂੰ ਔਰਤਾਂ ਨੇ ਹੀ ਪੈਦਾ ਕੀਤਾ ਹੈ। ਅਸੀਂ ਸ਼ਕਤੀ ਦੀ ਦੁਰਵਰਤੋ ਕਰ ਰਹੇ ਹਾਂ। ਅਜੋਕੇ ਸਮਾਜ ਵਿੱਚ ਔਰਤ ਨੂੰ ਚਾਹੀਦਾ ਹੈ ਕਿ ਉਹ ਆਦਮੀਆਂ ਵਲੋਂ ਕੀਤੇ ਜਾ ਰਹੇ ਅਤਿਆਚਾਰਾਂ ਦਾ ਡੱਟ ਕੇ ਮੁਕਾਬਲਾ ਕਰੇ। ਅੱਜ ਅਸੀਂ ਇਕਵੀਂ ਸਦੀ ਵਿੱਚ ਵਿਚਰਨ ਦੀ ਗੱਲ ਕਰਦੇ ਹਾਂ ਪਰ ਖੁਦ ਨੂੰ ਅਜੇ ਵੀ ਸਮਾਜਿਕ ਬੁਰਾਈਆਂ ਤੋਂ ਵੱਖ ਨਹੀਂ ਕਰ ਸਕੇ। ਹੁਣ ਸਾਇੰਸ ਨੇ ਇਤਨੀ ਤਰੱਕੀ ਕਰਕੇ ਆਧੁਨਿਕ ਢੰਗ ਤਰੀਕੇ ਈਜਾਦ ਕਰ ਲਏ ਹਨ ਕਿ ਕੁੜੀਆ ਤੋਂ ਜਨਮ ਲੈਣ ਦਾ ਹੱਕ ਹੀ ਖੋਹ ਲਿਆ ਹੈ ਮਾਂ ਦੀ ਕੁੱਖ ਨੂੰ ਹੀ ਬੁੱਚੜਖਾਨਾ ਬਣਾ ਕੇ ਰੱਖ ਦਿੱਤਾ ਹੈ।
ਸਮਾਗਮ ਵਿੱਚ ਆਪਣਾ ਸੰਦੇਸ਼ ਦਿੰਦਿਆ ਕਲਾਕ੍ਰਿਤੀ ਦੇ ਚੇਅਰਮੈਨ ਸ੍ਰ. ਮਨਜੀਤ ਸਿੰਘ ਨਾਰੰਗ, ਆਈ.ਏ.ਐਸ. (ਰਿਟਾ:) ਅਤੇ ਅਵਤਾਰ ਸਿੰਘ ਅਰੋੜਾ ਪ੍ਰਧਾਨ ਨੇ ਕਿਹਾ ਕਿ ਬਲਾਤਕਾਰ ਅਤੇ ਪੁਰਸ਼ ਦੀ ਮਾਨਸਿਕਤਾ ਕਿਸੇ ਵੀ ਸਭਿਆਚਾਰਕ ਸਮਾਜ ਵਿੱਚ ਇਹ ਬਹੁਤ ਹੀ ਘਨੌਣੀ ਹਰਕਤ ਹੈ। ਬਲਾਤਕਾਰ ਔਰਤ ਦੀ ਸੁਰੱਖਿਆ ਨੂੰ ਲੈ ਕੇ ਕਈ ਪ੍ਰਸ਼ਨ ਖੜੇ ਕਰਦੇ ਹਨ ਕਿ ਇਹ ਘਨੋਣੀ ਹਰਕਤ ਸਮਾਜ ਵਿਚੋਂ ਕਦੋਂ ਖਤਮ ਹੋਵੇਗੀ। ਜਿਹੜੀ ਸਮੱਸਿਆ ਪਹਿਲਾਂ ਬਹੁਤ ਘੱਟ ਸੀ ਉਹ ਅੱਜ ਦੇ ਮੁਕਾਬਲੇ ਜਿਸਮਾਨੀ ਛੇੜ—ਛਾੜ, ਘਰੇਲੂ ਹਿੰਸਾ ਦਾ ਸ਼ਿਕਾਰ ਬਥੇਰੇ ਔਰਤਾਂ ਹੋ ਰਹੀਆਂ ਹਨ। ਪਰ ਅੱਜ ਦਾ ਸਮਾਂ ਇਹਨਾਂ ਖੌਫਨਾਕ ਹੈ ਕਿ ਅਜਿਹੀਆਂ ਘਟਨਾਵਾਂ ਦਾ ਕਿਸੇ ਵੀ ਉਮਰ ਵਿੱਚ ਕਿਸੇ ਵੀ ਸਮੇਂ ਕੁੱਝ ਵੀ ਵਾਪਰ ਸਕਦਾ ਹੈ।
ਇਸ ਮੌਕੇ ਕਲਾਕ੍ਰਿਤੀ ਨੇ ਸਮਾਗਮ ਵਿੱਚ ਸ਼ਿਰਕਤ ਕਰਨ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ। ਜਿਨ੍ਹਾਂ ਵਿੱਚ ਪ੍ਰੋ. ਕਿਰਨ, ਸੁਖਪ੍ਰੀਤ ਕੌਰ, ਸਨੇਹਲ, ਗੁਰਤੇਜ ਸਿੰਘ, ਮਨਪ੍ਰੀਤ ਕੌਰ, ਪ੍ਰੇਰਨਾ ਸੈਣੀ, ਭਾਵਨਾ, ਵਿਕਾਸ ਕੁਮਾਰ ਅਤੇ ਗਗਨਦੀਪ ਸਿੰਘ ਸ਼ਾਮਲ ਸਨ। ਇਸ ਮੌਕੇ ਭਾਸ਼ਨ ਪ੍ਰਤੀਯੋਗਤਾ, ਪੋਸਟਰ ਸਲੋਗਨ, ਗੀਤ ਅਤੇ ਸੰਗੀਤ ਦਾ ਵਿਸ਼ੇਸ਼ ਪ੍ਰੋਗਰਾਮ ਵੀ ਕਲਾਕਾਰਾਂ ਵੱਲੋਂ ਪੇਸ਼ ਕੀਤਾ ਗਿਆ। ਜਿਸ ਦੀ ਦਰਸ਼ਕਾਂ ਅਤੇ ਸਰੋਤਿਆਂ ਨੇ ਭਰਵੀਂ ਸ਼ਲਾਘਾ ਕੀਤੀ। ਸਮਾਗਮ ਵਿੱਚ ਇਸ ਤੋਂ ਇਲਾਵਾ ਪ੍ਰੋ. ਸੁਭਾਸ਼ ਸ਼ਰਮਾ, ਵਰਿੰਦਰ ਸਿੰਘ ਟਿਵਾਣਾ ਜਿਲ੍ਹਾ ਸਮਾਜਿਕ ਅਤੇ ਸੁਰੱਖਿਆ ਅਫਸਰ, ਪ੍ਰੋ. ਜੀਵਨ ਬਾਲਾ, ਪ੍ਰੋ: ਰੁਪਿੰਦਰ ਸਿੰਘ, ਇਜੀ: ਐਮ.ਐਮ. ਸਿਆਲ, ਗੋਪਾਲ ਸ਼ਰਮਾ, ਦੀਪਾਲੀ ਅਤੇ ਗਗਨ ਤੋਂ ਇਲਾਵਾ ਹੋਰ ਵੀ ਕਈ ਰੰਗਕਰਮੀ ਅਤੇ ਸਾਹਿਤਕਾਰ ਸ਼ਾਮਲ ਸਨ। ਇਸ ਮੌਕੇ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਮੰਚ ਸੰਚਾਲਣਾ ਬਾਖੂਬੀ ਨਿਭਾਈ।

