ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸੀਐਸਐਸਟੀ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਵਿੱਚ ਗਿਆਨ ਵਿਗਿਆਨ ਦੀਆਂ ਸ਼ਬਦਾਵਲੀਆਂ ਦੇ ਨਿਰਮਾਣ ਲਈ ਵਰਕਸ਼ਾਪ ਦਾ ਅਰੰਭ
ਪਟਿਆਲਾ (ਮਧੂਸਾਰ ਬਿਊਰੋ) ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਅਗਵਾਈ ਵਿੱਚ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ “ਪੰਜਾਬੀ ਭਾਸ਼ਾ ਵਿੱਚ ਗਿਆਨ ਵਿਗਿਆਨ ਦੀਆਂ ਸ਼ਬਦਾਵਲੀਆਂ ਦਾ ਨਿਰਮਾਣ” ਵਿਸ਼ੇ ਤੇ Commission for Scientific & Technical Terminology, New Delhi ਦੇ ਸਹਿਯੋਗ ਨਾਲ ਇਕ ਸੱਤ ਰੋਜ਼ਾ ਵਰਕਸ਼ਾਪ ਦਾ ਆਯੋਜਨ ਮਿਤੀ 07 ਮਾਰਚ 2022 ਤੋਂ 13 ਮਾਰਚ 2022 ਤੱਕ ਕੀਤਾ ਜਾ ਰਿਹਾ ਹੈ। ਡਾ. ਸੁਰਜੀਤ ਸਿੰਘ ਮੁਖੀ ਪੰਜਾਬੀ ਵਿਭਾਗ ਨੇ ਦੱਸਿਆ ਕਿ ਪੰਜਾਬੀ ਭਾਸ਼ਾਈ ਸਮਾਜ ਅਤੇ ਭਾਸ਼ਾਈ ਇਤਿਹਾਸ ਹੋਣ ਦੇ ਬਾਵਜ਼ੂਦ ਪੰਜਾਬੀ ਭਾਸ਼ਾ ਨੂੰ ਜਦੋਂ ਵੀ ਗਿਆਨ ਵਿਗਿਆਨ ਦੀ ਭਾਸ਼ਾ ਜਾਂ ਉਚੇਰੀ ਸਿੱਖਿਆ ਦੇ ਵਿੱਚ ਮਾਧਿਅਮ ਦੇ ਤੌਰ ਤੇ ਵਰਤਣ ਦੀ ਗੱਲ ਚਲਦੀ ਹੈ ਤਾਂ ਹਮੇਸ਼ਾ ਹੀ ਇਸ ਵਿੱਚ ਮਿਆਰੀ ਅਧਿਐਨ ਸਮੱਗਰੀ ਦੀ ਘਾਟ ਰੜਕਦੀ ਹੈ ਜਿਸ ਕਰਕੇ ਪੰਜਾਬੀ ਭਾਸ਼ਾ ਨੂੰ ਉਚੇਰੀ ਸਿਖਿਆ ਵਿੱਚ ਮਾਧਿਅਮ ਦੇ ਤੌਰ ਤੇ ਵਰਤਣ ਤੋਂ ਟਾਲਾ ਵੱਟ ਲਿਆ ਜਾਂਦਾ ਹੈ।
ਇਸ ਲਈ ਇਸ ਖੇਤਰ ਵਿੱਚ ਵੱਧ ਤੋਂ ਵੱਧ ਸ੍ਰੋਤ ਸਮੱਗਰੀ ਤਿਆਰ ਕਰਨ ਦੀ ਜ਼ਰੂਰਤ ਹੈ। ਡਾ. ਸੁਰਜੀਤ ਲੀਅ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਉਚੇਰੀ ਸਿੱਖਿਆ ਵਿੱਚ ਪੰਜਾਬੀ ਭਾਸ਼ਾ ਨੂੰ ਬਤੌਰ ਮਾਧਿਅਮ ਵਰਤਣ ਲਈ ਸ੍ਰੋਤ ਸਮੱਗਰੀ ਨੂੰ ਤਿਆਰ ਕਰਨ ਲਈ ਮੁੱਢਲੇ ਤੌਰ ਤੇ ਵਿਗਿਆਨ ਦੇ ਵਿਸ਼ਿਆਂ ਦੀਆਂ ਤਕਨੀਕੀ ਸ਼ਬਦਾਵਲੀਆਂ ਦੀ ਵੱਡੀ ਅਣਹੋਂਦ ਹੈ। ਇਸ ਅਣਹੋਂਦ ਨੂੰ ਪੂਰਿਆ ਕਰਨ ਲਈ ਵਿਸ਼ਿਆਂ ਨੂੰ ਤਰਤੀਬ ਬਾਰ ਚੁਣਕੇ ਉਨ੍ਹਾਂ ਵਿਚਲੀ ਸ਼ਬਦਾਵਲੀ ਦਾ ਪੰਜਾਬੀ ਭਾਸ਼ਾ ਵਿੱਚ ‘ਤਤਸਮ’ ਅਤੇ ‘ਤਦਭਵੀ’ ਰੂਪ ਵਿੱਚ ਵੱਡਾ ਭੰਡਾਰ ਤਿਆਰ ਕਰਨ ਦੀ ਅਤਿ ਜ਼ਰੂਰਤ ਹੈ। ਡਾ. ਜੋਗਾ ਸਿੰਘ ਨੇ ਕਿਹਾ ਕਿ ਜਦੋਂ ਵੀ ਪੰਜਾਬੀ ਭਾਸ਼ਾ ਵਿੱਚ ਵਿਗਿਆਨ ਦੇ ਅਧਿਐਨ ਅਤੇ ਅਧਿਆਪਨ ਨੂੰ ਉਤਸ਼ਾਹਿਤ ਕਰਨ ਦਾ ਸਵਾਲ ਉੱਠਦਾ ਹੈ ਤਾਂ ਇਨ੍ਹਾਂ ਭਾਸ਼ਾਵਾਂ ਵਿੱਚ ਵੱਖ-ਵੱਖ ਵਿਸ਼ਿਆਂ ਲਈ ਢੁਕਵੀਆਂ ਪੁਸਤਕਾਂ ਦੀ ਉਪਲਬਧਤਾ ਨਾ ਹੋਣ ਵੱਲ ਧਿਆਨ ਖਿੱਚਿਆ ਜਾਂਦਾ ਹੈ। ਅਜਿਹੀਆਂ ਪੁਸਤਕਾਂ ਲਿਖਣ ਵਿੱਚ ਮੁੱਖ ਰੁਕਾਵਟ ‘ਮਿਆਰੀ ਤਕਨੀਕੀ ਸ਼ਬਦਾਵਲੀ’ ਦੀ ਘਾਟ ਹੈ।
ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਰਾਜਵਿੰਦਰ ਸਿੰਘ ਨੇ ਵਰਕਸ਼ਾਪ ਦੀ ਰੂਪਰੇਖਾ ਅਤੇ ਮੰਤਵ ਬਾਰੇ ਬੋਲਦਿਆਂ ਕਿ ਪੰਜਾਬੀ ਭਾਸ਼ਾ ਨੂੰ ਉਚੇਰੀ ਸਿੱਖਿਆ ਦੇ ਵਿੱਚ ਮਾਧਿਅਮ ਦੇ ਤੌਰ ਤੇ ਵਰਤਣ ਲਈ ਤਿਆਰ ਕੀਤੀ ਜਾਣ ਵਾਲੀ ਸ੍ਰੋਤ ਸਮੱਗਰੀ ਲਈ ਵੱਖ-ਵੱਖ ਵਿਸ਼ਿਆਂ ਦੀਆਂ ਤਕਨੀਕੀ ਸ਼ਬਦਾਵਲੀਆਂ ਤਿਆਰ ਕਰਨ ਲਈ ਇਸ ਵਰਕਸ਼ਾਪ ਦੌਰਾਨ ਕਾਰਜਪ੍ਰਣਾਲੀ ਅਤੇ ਇੰਜੀਨੀਰਿੰਗ ਦੇ ਵਿਸ਼ਿਆਂ ਦੀ ਸ਼ਬਦਾਵਲੀ ਤੇ ਕੰਮ ਕੀਤਾ ਜਾਵੇਗਾ। ਇਸ ਵਰਕਸ਼ਾਪ ਨੂੰ ਵਿਧੀਵਤ ਤੌਰ ਤੇ ਚਲਾਉਣ ਲਈ ਡਾ. ਅਸ਼ੋਕ ਸਵੇਲਟਕਰ ਅਤੇ ਡਾ. ਸ਼ਲਿੰਦਰ ਸਿੰਘ ਵਿਸ਼ੇਸ਼ ਤੌਰ ਤੇ Commission for Scientific & Technical Terminology, New Delhi ਪਹੁੰਚੇ ਹੋਏ ਹਨ।
ਉਪਰੋਕਤ ਤੋਂ ਇਲਾਵਾ ਵਰਕਸ਼ਾਪ ਵਿੱਚ ਉੱਘੇ ਭਾਸ਼ਾ ਵਿਗਿਆਨੀਆਂ ਡਾ. ਜੋਗਾ ਸਿਘ, ਡਾ. ਬਲਦੇਵ ਸਿੰਘ ਚੀਮਾ, ਡਾ. ਦੇਵਿੰਦਰ ਸਿੰਘ ਡਾ. ਰਾਜਵੰਤ ਕੌਰ ਪੰਜਾਬੀ, ਡਾ. ਗੁਰਸੇਵਕ ਸਿੰਘ ਲੰਬੀ, ਡਾ. ਜਸਵੀਰ ਕੌਰ ਤੋਂ ਇਲਾਵਾ ਇੰਜੀਨੀਅਰਿੰਗ ਦੇ ਦੀਆਂ ਵੱਖੋ-ਵੱਖ ਸਖਾਵਾਂ ਨਾਲ ਸੰਬੰਧਿਤ ਵਿਸ਼ਾ ਮਾਹਿਰਾਂ ਡਾ. ਨਵਦੀਪ ਸਿੰਘ, ਐੱਨਆਈਟੀ ਜਲੰਧਰ, ਡਾ. ਗੁਰਮੀਤ ਕੌਰ, ਡਾ. ਚਰਨੀਤ ਸਿੰਘ, ਡਾ. ਵਿਲੀਅਮਜੀਤ ਸਿੰਘ, ਇੰਜ. ਚਰਨਜੀਵ ਸਿੰਘ, ਡਾ. ਰਮਨਦੀਪ ਕੌਰ, ਡਾ. ਮਨਿੰਦਰ ਸਿੰਘ, ਡਾ. ਅਰਵਿੰਦ ਢੀਂਗਰਾ ਨੇ ਭਾਗ ਲਿਆ। ਵਰਕਸ਼ਾਪ ਦੇ ਪਹਿਲੇ ਦਿਨ ਡਾ. ਸੁਖਵਿੰਦਰ ਸਿੰਘ ਸੰਘਾ, ਡਾ. ਬਲਦੇਵ ਸਿੰਘ ਕੰਦੋਲਾ ਅਤੇ ਸ਼ਿੰਦਰਪਾਲ ਸਿੰਘ ਪੰਜਾਬੀ ਵਿਕਾਸ ਮੰਚ, ਯੂ.ਕੇ. ਵੱਲੋਂ ਵਰਕਸ਼ਾਪ ਵਿੱਚ ਆਨਲਾਈਨ ਜੁੜਕੇ ਪੰਜਾਬੀ ਭਾਸ਼ਾ ਲਈ ਤਕਨੀਕੀ ਸ਼ਬਦਾਵਲੀਆਂ ਦੇ ਨਿਰਮਾਣ ਲਈ ਆਪਣੇ ਤਜ਼ਰਬੇ ਅਤੇ ਕਾਰਜਪ੍ਰਣਾਲੀ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ।

