ਅਜੀਤਪਾਲ ਸਿੰਘ ਕੋਹਲੀ ਦੀ ਜਿੱਤ ’ਤੇ ਵਕੀਲ ਭਾਈਚਾਰਾ ਬਾਗੋ ਬਾਗ
ਆਪ ਪਾਰਟੀ ਦੀ ਸਰਕਾਰ ਬਣਨ ਨਾਲ ਆਸਾਂ ਨੂੰ ਪਿਆ ਬੂਰ : ਵਕੀਲ ਸੁਖਜਿੰਦਰ ਸਿੰਘ
ਪਟਿਆਲਾ (ਮਧੂਸਾਰ ਬਿਊਰੋ) ਆਪ ਆਦਮੀ ਪਾਰਟੀ ਦੀ ਸੀਟ ਜਿੱਤਣ ਤੋਂ ਬਾਅਦ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਵਿਧਾਇਕ ਬਣਨ ਤੋਂ ਬਾਅਦ ਜਿਥੇ ਹਰ ਵਰਗ ਵਿਚ ਖੁਸ਼ੀ ਪਾਈ ਜਾ ਰਹੀ ਹੈ, ਉਥੇ ਹੀ ਵਕੀਲ ਭਾਈਚਾਰਾ ਵੀ ਬਾਗੋ ਬਾਗ ਨਜ਼ਰ ਆ ਰਿਹਾ ਹੈ। ਅਜੀਤਪਾਲ ਸਿੰਘ ਕੋਹਲੀ ਦੇ ਜਿੱਤਣ ਮਗਰੋਂ ਵਕੀਲ ਭਾਈਚਾਰੇ ਨੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਅਤੇ ਮੁਬਾਰਕਾਂ ਦਿੱਤੀਆਂ।

ਇਸ ਮੌਕੇ ਸੀਨੀਅਰ ਵਕੀਲ ਸੁਖਜਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਆਮ ਆਦਮੀ ਪਾਰਟੀ ਵਿਚੋਂ ਇਕ ਕਿਰਨ ਨਜ਼ਰ ਆ ਰਹੀ ਹੈ ਅਤੇ ਅਜੀਤਪਾਲ ਸਿੰਘ ਕੋਹਲੀ ਦੇ ਵਿਧਾਇਕ ਬਣਨ ਨਾਲ ਆਸਾਂ ਅਤੇ ਉਮੀਦਾਂ ਨੂੰ ਵੀ ਬੂਰ ਪਿਆ ਹੈ। ਉਨ੍ਹਾਂ ਕਿਹਾ ਕਿ ਲੰਮਾ ਸਮਾਂ ਰਵਾਇਤੀ ਪਾਰਟੀਆਂ ਵੱਲੋਂ ਉਤਰ ਕਾਟੋ ਮੈਂ ਚੜਾਂ ਅਨੁਸਾਰ ਸਮੇਂ ਸਮੇਂ ’ਤੇ ਰਾਜ ਕੀਤਾ ਗਿਆ, ਪ੍ਰੰਤੂ ਦੋਵੇਂ ਪਾਰਟੀਆਂ ਨੇ ਲੋਕਾਂ ਦੀ ਵੋਟ ਦਾ ਮੁਲ ਨਹੀਂ ਪਾਇਆ। ਉਨ੍ਹਾਂ ਕਿਹਾ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਇਕ ਵਾਰ ਉਤਰੀ ਹੋਈ ਗੱਡੀ ਮੁੜ ਲੀਹ ’ਤੇ ਪੈਣ ਦੀ ਆਸ ਜਾਗੀ ਹੈ। ਵਕੀਲ ਸੁਖਜਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਅਜੀਤਪਾਲ ਸਿੰਘ ਕੋਹਲੀ ਆਪਣੀ ਚੰਗੀ ਕਾਰਗੁਜ਼ਾਰੀ ਵਿਖਾਉਣਗੇ।

