ਖ਼ਾਲਸਾ ਕਾਲਜ ਪਟਿਆਲਾ ਵਿਖੇ ਮਨਾਇਆ ਗਿਆ ਲੋਹੜੀ ਦਾ ਤਿਉਹਾਰ
ਪਟਿਆਲਾ 12 ਜਨਵਰੀ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵਿਖੇ ਆਪਸੀ ਭਾਈਚਾਰੇ ਦੀ ਸਾਂਝ ਦਾ ਪ੍ਰਤੀਕ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਧਰਮਿੰਦਰ ਸਿੰਘ ਉੱਭਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਲੋਹੜੀ ਦੀ ਧੂਣੀ ਵਿੱਚ ਤਿਲ ਸੁੱਟ ਕੇ ਜ਼ਿੰਦਗੀ ਵਿੱਚੋਂ ਆਲਸ ਨੂੰ ਦੂਰ ਕਰਨ ਅਤੇ ਕੰਮ ਕਰਨ ਲਈ ਹਮੇਸ਼ਾ ਤਤਪਰ ਰਹਿਣ ਦਾ ਪ੍ਰਣ ਕੀਤਾ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸੰਬੋਧਿਤ ਹੁੰਦੇ ਹੋਏ ਲੋਹੜੀ ਦੇ ਤਿਉਹਾਰ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਇਸ ਤਿਉਹਾਰ ਨੂੰ ਬਦੀ ਉੱਪਰ ਨੇਕੀ ਦੀ ਜਿੱਤ ਦਾ ਤਿਉਹਾਰ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸਾਨੂੰ ਜੀਵਨ ਵਿੱਚ ਹਮੇਸ਼ਾਂ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਦੇ ਸੁਪਨੇ ਦੇਖਣੇ ਚਾਹੀਦੇ ਹਨ ਅਤੇ ਮਿਹਨਤ ਲਗਨ ਤੇ ਸਿਰੜ ਨਾਲ ਹਰ ਸੁਪਨਾ ਸਾਕਾਰ ਹੋ ਜਾਂਦਾ ਹੈ। ਡਾ.ਉੱਭਾ ਨੇ ਇਹ ਵੀ ਕਿਹਾ ਕਿ ਜੀਵਨ ਵਿਚੋਂ ਅਕੁਸ਼ਲਤਾਵਾਂ ਖ਼ਤਮ ਕਰਕੇ ਹਮੇਸ਼ਾਂ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ ਅਤੇ ਸੱਭਿਆਚਾਰ ਨਾਲ ਜੁੜੇ ਤਿਉਹਾਰ ਮਨਾ ਕੇ ਅਜੋਕੀ ਪੀੜ੍ਹੀ ਨੂੰ ਵਿਰਸੇ ਨਾਲ ਜੁੜੇ ਰਹਿਣ ਲਈ ਮਾਰਗ-ਦਰਸ਼ਨ ਕਰਦੇ ਰਹਿਣਾ ਚਾਹੀਦਾ ਹੈ।
ਡਾ. ਹਰਵਿੰਦਰ ਕੌਰ ਡੀਨ ਸਭਿਆਚਾਰਕ ਸਰਗਰਮੀਆਂ ਦੀ ਸੁਚੱਜੀ ਅਗਵਾਈ ਅਧੀਨ ਇਹ ਸਮਾਗਮ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਮੇਸ਼ਾਂ ਹੀ ਅਜਿਹੇ ਵੱਖ ਵੱਖ ਸਮਾਗਮ ਕਰਨ ਦੀ ਕੋਸ਼ਿਸ਼ ਰਹਿੰਦੀ ਹੈ ਜਿਨ੍ਹਾਂ ਦੇ ਜ਼ਰੀਏ ਵਿਦਿਆਰਥੀ ਆਪਣੇ ਸਭਿਆਚਾਰ ਨਾਲ ਸਾਂਝ ਰੱਖਣ ਅਤੇ ਸੰਭਾਲੀ ਵੀ ਰੱਖਣ।
ਇਸ ਸਮਾਗਮ ਦੌਰਾਨ ਪੰਜਾਬੀ ਵਿਭਾਗ ਅਧੀਨ ਚੱਲ ਰਹੇ ਪੰਜਾਬੀ ਜ਼ਰਨਿਲਿਜ਼ਮ ਕੋਰਸ ਦੇ ਵਿਦਿਆਰਥੀਆਂ ਵੱਲੋਂ ਲੋਹੜੀ ਦੇ ਤਿਉਹਾਰ ਸੰਬੰਧੀ ਆਪਸੀ ਸੰਵਾਦ ਰਚਾਇਆ ਗਿਆ। ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਪਰਮਜੀਤ ਕੌਰ ਨੇ ਲੋਹੜੀ ਦੇ ਤਿਉਹਾਰ ਦੀ ਇਤਿਹਾਸਕ ਮਹਤੱਤਾ ਦੱਸਦੇ ਹੋਏੇ ਇਸ ਦਾ ਅਜੋਕੇ ਯੁੱਗ ਵਿੱਚ ਸਥਾਨ, ਅਹਿਮੀਅਤ ਬਾਰੇ ਵਿਚਾਰ ਪ੍ਰਗਟ ਕੀਤੇ। ਕਾਮਰਸ ਐਂਡ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਲੋਕ ਗੀਤ ਗਾ ਕੇ ਇਸ ਤਿਉਹਾਰ ਨਾਲ ਜੁੜੀ ਖ਼ੁਸ਼ੀ ਸਾਂਝੀ ਕੀਤੀ ਅਤੇ ਲੋਹੜੀ ਦੇ ਤਿਉਹਾਰ ਨਾਲ ਸੰਬੰਧਤ ਕਲਾਤਮਿਕ ਤਸਵੀਰਾਂ ਵੀ ਬਣਾਈਆਂ ਗਈਆਂ। ਐੱਨ.ਐੱਸ.ਐੱਸ. ਵਿਭਾਗ ਦੇ ਵਿਦਿਆਰਥੀਆਂ ਵੱਲੋਂ ਚੈਰੀਟੇਬਲ ਸਕੂਲ ਐੱਸ.ਐੱਸ.ਟੀ. ਨਗਰ ਪਟਿਆਲਾ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਬੂਟ ਜੁਰਾਬਾਂ ਖਾਣ-ਪੀਣ ਦੀ ਵਸਤਾਂ ਅਤੇ ਹੋਰ ਲੋੜੀਂਦੀ ਸਮੱਗਰੀ ਦਿੱਤੀ ਗਈ। ਕਾਲਜ ਦੇ ਵਿਦਿਆਰਥੀ ਅਮਨਦੀਪ ਸਿੰਘ ਰਵਨੀਤ ਕੌਰ ਮਨੀਸ਼ਾ ਮਨਜੋਤ ਕੌਰ ਬਿਕਰਮਜੀਤ ਸਿੰਘ ਗੁਰਪ੍ਰੀਤ ਸਿੰਘ ਦਲਜੀਤ ਸਿੰਘ ਅਰਜਨ ਸਿੰਘ ਸਤਵਿੰਦਰ ਸਿੰਘ ਗੁਰਪ੍ਰੀਤ ਸਿੰਘ ਅਤੇ ਸੰਗੀਤ ਵਿਭਾਗ ਦੇ ਹੋਰ ਵਿਦਿਆਰਥੀਆਂ ਵੱਲੋਂ ਗੀਤ ਪੇਸ਼ ਕੀਤੇ ਗਏ। ਮੰਚ ਦਾ ਸੰਚਾਲਨ ਪ੍ਰੋ. ਜਸਪ੍ਰੀਤ ਕੌਰ ਨੇ ਕੀਤਾ।

