ਪੰਜਾਬਪਟਿਆਲਾ

ਵਿਸ਼ਵ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੂੰ ਸਮਰਪਿਤ ਵਾਤਾਵਰਨ ਦਿਵਸ ਦੇ ਜਸ਼ਨ

ਫਤਿਹਗਡ਼੍ਹ ਸਾਹਿਬ (/ਮਧੂਸਾਰ ਬਿਊਰੋ) ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗਡ਼੍ਹ ਸਾਹਿਬ ਵਲੋਂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਿਆਈ ਦਿਵਸ ਨੂੰ ਸਮਰਪਿਤ ਵਾਤਾਵਰਨ ਦਿਹਾੜਾ ਮਨਾਇਆ ਗਿਆ। ਇਸ ਮੌਕੇ ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਯੂਨੀਵਰਸਿਟੀ ਕੈਂਪਸ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਸੈਮੀਨਾਰ ਹਾਲ ਵਿਖੇ ਰੱਖੇ ਗਏ ਵਿਸ਼ੇਸ਼ ਸਮਾਗਮ ਦੌਰਾਨ ਵਾਈਸ-ਚਾਂਸਲਰ, ਡਾ ਪਰਿਤਪਾਲ ਸਿੰਘ ਨੇ ਦਸਿਆ ਕਿ ਪਿਛਲੇ ਕਈ ਵਰ੍ਹਿਆਂ ਤੋਂ ਯੂਨੀਵਰਸਿਟੀ ਵੱਲੋਂ ਇਸ ਪਵਿੱਤਰ ਦਿਹਾੜੇ ਨੂੰ ਵਾਤਾਵਰਨ ਨਾਲ ਜੋੜ ਕੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਸਿੱਖ ਹੋਣ ਦੇ ਨਾਤੇ ਸਾਡਾ ਕੁਦਰਤ ਨਾਲ ਸਰੀਰਕ ਅਤੇ ਆਤਮਿਕ ਸੰਬੰਧ ਹੈ। ਸਰੀਰਕ ਤੌਰ ਤੇ ਜਿੱਥੇ ਚੰਗੇ ਵਾਤਾਵਰਨ ਦੀ ਲੋੜ ਹਰ ਮਨੁੱਖ ਨੂੰ ਹੈ ਉੱਥੇ ਗੁਰਬਾਣੀ ਦਾ ਬਲਿਹਾਰੀ ਕੁਦਰਤ ਵਸਿਆ ਦਾ ਸਿਧਾਂਤ ਸਾਨੂੰ ਕੁਦਰਤ ਨਾਲ ਪਵਿੱਤਰਤਾ ਦੇ ਬੰਧਨ ਵਿਚ ਬੰਨਦਾ ਹੈ। ਇਸ ਲਈ ਹਰੇਕ ਸਿੱਖ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਵਾਤਾਵਰਨ ਨੂੰ ਬਚਾਉਣ ਲਈ ਭਰਪੂਰ ਕੋਸ਼ਿਸ਼ ਕਰੇ।

ਇਸ ਮੌਕੇ ਚੰਡੀਗੜ੍ਹ ਦੇ ਜਾਣੇ-ਪਛਾਣੇ ਵਾਤਾਵਰਨ ਪ੍ਰੇਮੀ ਡਾ ਹਰਜੀਤ ਸਿੰਘ ਢਿੱਲੋਂ ਨੇ ਪੀਪੀਟੀ ਪ੍ਰੈਜ਼ੈਂਟੇਸ਼ਨ ਰਾਹੀਂ ਵਿਦਿਆਰਥੀਆਂ ਨਾਲ ਵਾਤਾਵਰਣ ਦੇ ਮਹੱਤਵ, ਦਰਪੇਸ਼ ਚੁਣੌਤੀਆਂ ਅਤੇ ਕੀਤੇ ਜਾ ਸਕਣ ਵਾਲੇ ਉਪਰਾਲਿਆਂ ਦੀ ਵੇਰਵੇ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਚਿੰਤਾ ਜਤਾਈ ਕਿ ਜਿਸ ਢੰਗ ਨਾਲ ਵਾਤਾਵਰਨ ਪਲੀਤ ਹੋ ਰਿਹਾ ਹੈ ਇਹ ਮਨੁੱਖ ਦੀ ਹੋਂਦ ਲਈ ਵੀ ਖਤਰਾ ਬਣਦਾ ਜਾ ਰਿਹਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਵਾ, ਪਾਣੀ ਅਤੇ ਮਿੱਟੀ ਦੇ ਹੋ ਰਹੇ ਪ੍ਰਦੂਸ਼ਣ ਨੂੰ ਰੋਕਣ ਵਿਚ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਪਹੁੰਚੇ ਹੋਏ ਪਤਵੰਤਿਆਂ ਅਤੇ ਵਿਦਵਾਨ ਵਕਤਾ ਦਾ ਧੰਨਵਾਦ ਕਰਦਿਆਂ ਡੀਨ ਅਕਾਦਮਿਕ ਮਾਮਲੇ, ਡਾ ਸੁਖਵਿੰਦਰ ਸਿੰਘ ਬਿਲਿੰਗ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਹਰੇਕ ਸਾਲ ਲਗਾਏ ਜਾਂਦੇ ਨਵੇਂ ਬੂਟਿਆਂ ਵਿਚੋਂ ਪਚਾਨਵੇਂ ਫ਼ੀਸਦੀ ਬੂਟਿਆਂ ਨੂੰ ਬਚਾਉਣ ਅਤੇ ਪਾਲਣ ਦਾ ਟੀਚਾ ਮਿੱਥਿਆ ਗਿਆ ਹੈ। ਸਮਾਗਮ ਦੀ ਸ਼ੁਰੂਆਤ ਡਾ. ਜੇ. ਐਸ. ਬੱਲ, ਮੁਖੀ, ਖੇਤੀਬਾੜੀ ਮਹਿਕਮੇ ਵੱਲੋਂ ਸਵਾਗਤੀ ਸ਼ਬਦਾਂ ਨਾਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿਖੇ ਲਾਏ ਜਾ ਰਹੇ ਬੂਟਿਆਂ ਨੂੰ ਪਾਲਣ ਲਈ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਉਚੇਚੇ ਤੌਰ ਤੇ ਨਿਗਰਾਨੀ ਕੀਤੀ ਜਾਵੇਗੀ। ਸਟੇਜ ਦੀ ਕਾਰਵਾਈ ਡਾ ਹਰਦੇਵ ਸਿੰਘ, ਧਰਮ ਅਧਿਐਨ ਵਿਭਾਗ ਵੱਲੋਂ ਨਿਭਾਈ ਗਈ। ਵੱਖ ਵੱਖ ਵਿਭਾਗਾਂ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *