ਡਾ. ਗੁਰਤੇਜ ਸਿੰਘ ਠੀਕਰੀਵਾਲਾ ਦੀ ਪੁਸਤਕ “ਸਾਕਾ ਸ੍ਰੀ ਨਨਕਾਣਾ ਸਾਹਿਬ ਸਮਕਾਲੀ ਅਖ਼ਬਾਰਾਂ ਦੀ ਜ਼ੁਬਾਨੀ” ਲੋਕ ਅਰਪਣ ਸਮਾਰੋਹ
ਪਟਿਆਲਾ (ਮਧੂਸਾਰ ਬਿਊਰੋ) ਵਾਈਸ-ਚਾਂਸਲਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਰਪ੍ਰਸਤੀ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵੱਲੋਂ ਡਾ. ਗੁਰਤੇਜ ਸਿੰਘ ਠੀਕਰੀਵਾਲਾ ਦੀ ਪੁਸਤਕ “ਸਾਕਾ ਸ੍ਰੀ ਨਨਕਾਣਾ ਸਾਹਿਬ ਸਮਕਾਲੀ ਅਖ਼ਬਾਰਾਂ ਦੀ ਜ਼ੁਬਾਨੀ” ਲੋਕ ਅਰਪਣ ਸਮਾਰੋਹ ਨੂੰ ਸਮਰਪਿਤ ਪ੍ਰੋਗਰਾਮ ਮਿਤੀ 25.03.2022 ਨੂੰ ਕਰਵਾਇਆ ਗਿਆ ਜਿਸ ਵਿਚ ਵਾਈਸ-ਚਾਂਸਲਰ ਸਾਹਿਬ ਨੇ ਆਪਣੇ ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਇਤਿਹਾਸ ਸਾਡੀ ਨੌਜਵਾਨ ਪੀੜੀ ਨੂੰ ਸਿੱਖ ਵਿਰਾਸਤ ਨਾਲ ਜੋੜਨ ਦਾ ਕਾਰਜ ਕਰਦਾ ਹੈ। ਉਨ੍ਹਾਂ ਨੇ ਇਤਿਹਾਸ ਲਿਖਣ ਸਮੇਂ ਦਰਪੇਸ਼ ਚੁਣੌਤੀਆਂ ਦੇ ਸਨਮੁੱਖ ਨਵੀਆਂ ਦਿਸ਼ਾਵਾਂ ਵਿਚ ਖੋਜ ਕਰਨ ਤੇ ਜ਼ੋਰ ਦਿੱਤਾ। ਵਿਭਾਗ ਦੇ ਮੁਖੀ ਡਾ.ਮਲਕਿੰਦਰ ਕੌਰ ਨੇ ਆਏ ਸਮੂਹ ਵਿਦਵਾਨ ਵਕਤਿਆਂ ਅਤੇ ਸ੍ਰੋਤਿਆਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਲੇਖਕ ਨੂੰ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਇਹ ਪੁਸਤਕ ਖੋਜਾਰਥੀਆਂ ਲਈ ਹਵਾਲਾ ਪੁਸਤਕ ਦੇ ਤੌਰਤੇ ਵਰਤੀ ਜਾਵੇਗੀ।
ਡਾ.ਪਰਮਵੀਰ ਸਿੰਘ ਨੇ ਕਿਹਾ ਕਿ ਸਾਕਾ ਨਨਕਾਣਾ ਸਾਹਿਬ ਅੱਜ ਵੀ ਸਾਨੂੰ ਆਪਣੇ ਗੁਰਧਾਮਾਂ ਦੀ ਸੇਵਾ-ਸੰਭਾਲ ਕਰਨ ਦੀ ਪ੍ਰੇਰਣਾ ਦਿੰਦਾ ਹੈ ਅਤੇ ਇਹ ਪੁਸਤਕ ਵੀ ਸਾਨੂੰ ਇਹੋ ਪ੍ਰੇਰਣਾ ਦਿੰਦੀ ਹੈ ਜੋ ਨਿਤ ਸੁਰਜੀਤ ਹੁੰਦੀ ਰਹੇਗੀ। ਡਾ. ਕੁਲਵਿੰਦਰ ਸਿੰਘ ਨੇ ਪੁਸਤਕ ਵਿਚ ਦਿਤੇ ਹਵਾਲਿਆਂ ਅਤੇ ਚਿੱਠੀਆਂ ਦੀ ਖੂਬ ਪ੍ਰਸੰਸਾ ਕੀਤੀ ਅਤੇ ਆਖਿਆ ਕਿ ਸਾਨੂੰ ਇਨ੍ਹਾਂ ਦੇ ਵਿਸਤਾਰ ਅਤੇ ਖੋਜ ਵਿਚ ਹੋਰ ਅੱਗੇ ਜਾਣਾ ਚਾਹੀਦਾ ਹੈ। ਪ੍ਰੋਫ਼ੈਸਰ ਕਿਰਪਾਲ ਸਿੰਘ ਬਡੂੰਗਰ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਨੌਜਵਾਨ ਪੀੜੀ ਨੂੰ ਸਿੱਖ ਇਤਿਹਾਸ ਨੂੰ ਨਿਠ ਕੇ ਵਾਚਣਾ ਚਾਹੀਦਾ ਹੈ। ਡਾ. ਸੁਰਜੀਤ ਸਿੰਘ ਭੱਟੀ ਨੇ ਗੁਰਦੁਆਰਾ ਪ੍ਰਬੰਧ ਨੂੰ ਯੋਗ ਹੱਥਾਂ ਵਿਚ ਲਿਆਉਣ ਲਈ ਅਜੋਕੀ ਨੌਜਵਾਨ ਪੀੜੀ ਨੂੰ ਅੱਗੇ ਆਉਣ ਦਾ ਸੱਦਾ ਦਿਤਾ।
ਅੰਤ ਵਿਚ ਡਾ.ਗੁਰਤੇਜ ਸਿੰਘ ਨੇ ਸਮਾਗਮ ਵਿਚ ਪਹੁੰਚੇ ਸਮੂਹ ਅਧਿਆਪਕਾਂ, ਵਿਦਿਆਰਥੀਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਕਿਤਾਬ ਦੀ ਰਚਨਾ ਬਾਰੇ ਜਾਣ ਪਛਾਣ ਕਰਵਾਉਂਦਿਆਂ ਇਸ ਦੇ ਵਿਭਿੰਨ ਪਹਿਲੂਆਂ ਤੇ ਝਾਤ ਪੁਆਈ ਕਿ ਦੇਸ਼ ਦੀ ਅਜ਼ਾਦੀ ਦੀ ਲਹਿਰ ਤੇ ਅਕਾਲੀ ਲਹਿਰ ਦੇ ਅੰਤਰ ਨੂੰ ਸਮਝਕੇ ਹੀ ਸਾਕਾ ਸ੍ਰੀ ਨਨਕਾਣਾ ਸਾਹਿਬ ਨੂੰ ਸਹੀ ਸੰਦਰਭ ਵਿਚ ਜਾਣਿਆ ਜਾ ਸਕਦਾ ਹੈ। ਪ੍ਰੋ.ਬਲਵਿੰਦਰਜੀਤ ਕੌਰ ਭੱਟੀ, ਡਾ.ਦਲਜੀਤ ਸਿੰਘ, ਡਾ.ਸੁਮਨਪ੍ਰੀਤ ਕੌਰ, ਡਾ.ਦਿਲਵਰ ਸਿੰਘ, ਡਾ. ਕਮਲਜੀਤ ਸਿੰਘ ਟਿੱਬਾ ਤੇ ਸ.ਜਗਜੀਤ ਸਿੰਘ ਠੀਕਰੀਵਾਲਾ ਨੇ ਉਚੇਚੇ ਤੌਰਤੇ ਸ਼ਿਰਕਤ ਕੀਤੀ। ਇਸ ਸਮੇਂ ਵਿਭਾਗੀ ਸਮੂਹ ਸਟਾਫ਼ ਤੇ ਖੋਜਾਰਥੀ ਹਾਜ਼ਰ ਰਹੇ।

