16ਵਾਂ ਗੁਰਮਤਿ ਸੰਗੀਤ ਉਤਸਵ ਕਰਵਾਇਆ ਗਿਆ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ 16ਵਾਂ ਗੁਰਮਤਿ ਸੰਗੀਤ ਉਤਸਵ ਗੁਰਮਤਿ ਸੰਗੀਤ ਭਵਨ ਵਿਖੇ ਭਾਈ ਜੁਵਾਲਾ ਸਿੰਘ ਜੀ ਰਾਗੀ ਆਡੀਟੋਰੀਅਮ ਵਿੱਚ ਕਰਵਾਇਆ ਗਿਆ। ਸ਼ੁਰੂ ਵਿਚ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਚੇਅਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਦੱਸਦਿਆਂ ਸਮੂਹ ਸੰਗਤ ਦਾ ਸੁਆਗਤ ਕੀਤਾ। ਉਤਸਵ ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਕੁਲਦੀਪ ਸਿੰਘ, ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਹਜ਼ੂਰੀ ਰਾਗੀ ਭਾਈ ਜਸਪ੍ਰੀਤ ਸਿੰਘ, ਗੁਰਦੁਆਰਾ ਦੂਖਨਿਵਾਰਨ ਸਾਹਿਬ ਲੁਧਿਆਣਾ ਤੋਂ ਹਜ਼ੂਰੀ ਰਾਗੀ ਭਾਈ ਪ੍ਰਭਵੀਰ ਸਿੰਘ ਅਤੇ ਸੰਗੀਤ ਵਿਭਾਗ ਦੇ ਖੋਜਾਰਥੀ ਭਾਈ ਜਸਪ੍ਰੀਤ ਸਿੰਘ ਦੇ ਜੱਥਿਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਰਾਗਾਤਮਕ ਕੀਰਤਨ ਕੀਤਾ ਗਿਆ। ਸਮਾਗਮ ਦੌਰਾਨ ਵਾਈਸ-ਚਾਂਸਲਰ ਪ੍ਰੋਫ਼ੈਸਰ ਅਰਵਿੰਦ ਵੱਲੋਂ ਪ੍ਰਿੰਸੀਪਲ ਬਲਦੇਵ ਸਿੰਘ ਦਿੱਲੀ ਗੁਰਮਤਿ ਸੰਗੀਤ ਘਰਾਣਾ ਦੇ ਪਰਿਵਾਰ ਨੂੰ ਗੁਰਮਤਿ ਸੰਗੀਤ ਦੇ ਖੇਤਰ ਵਿਚ ਪਾਏ ਉੱਘੇ ਯੋਗਦਾਨ ਲਈ ਜੀ.ਐਸ. ਰੇਡੀਏਟਰਜ਼, ਲੁਧਿਆਣਾ ਦੇ ਵਿੱਤੀ ਸਹਿਯੋਗ ਨਾਲ ਗਿਆਨੀ ਭਗਤ ਸਿੰਘ ਮੈਮੋਰੀਅਲ ਅਵਾਰਡ, ਦੁਸ਼ਾਲਾ ਅਤੇ 31,000/- ਰੁਪਏ ਦੀ ਨਕਦ ਰਾਸ਼ੀ ਪ੍ਰਦਾਨ ਕੀਤੀ ਗਈ।
ਗੁਰਮਤਿ ਗਿਆਨ ਆਨ ਲਾਈਨ ਸਟੱਡੀ ਸੈਂਟਰ ਦੇ ਇੰਚਾਰਜ ਡਾ. ਪਰਮੀਤ ਕੌਰ ਨੇ ਪ੍ਰਿੰ. ਬਲਦੇਵ ਸਿੰਘ ਜੀ ਦੀ ਸਾਈਟੇਸ਼ਨ ਪੜ੍ਹੀ। ਵਰਣਨਯੋਗ ਹੈ ਕਿ ਸਾਲ 2011 ਤੋਂ ਗੁਰਮਤਿ ਸੰਗੀਤ ਦੇ ਖੇਤਰ ਵਿਚ ਯੋਗਦਾਨ ਪਾਉਣ ਵਾਲੇ ਕੀਰਤਨ ਘਰਾਣਿਆਂ ਨੂੰ ਇਹ ਅਵਾਰਡ ਪ੍ਰਦਾਨ ਕੀਤੇ ਜਾ ਰਹੇ ਹਨ ਜਿਹਨਾਂ ਵਿਚ ਭਾਈ ਧਰਮ ਸਿੰਘ ਜ਼ਖਮੀ, ਭਾਈ ਸੰਤਾ ਸਿੰਘ, ਭਾਈ ਦਿਲਬਾਗ ਸਿੰਘ-ਗੁਲਬਾਗ ਸਿੰਘ, ਭਾਈ ਪਿਆਰਾ ਸਿੰਘ, ਭਾਈ ਚਤਰ ਸਿੰਘ-ਭਾਈ ਮਨਸ਼ਾ ਸਿੰਘ, ਭਾਈ ਚੰਨਣ ਸਿੰਘ ਮਜਬੂਰ ਆਦਿ ਸ਼ਾਮਲ ਹਨ। ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਅਤੇ ਵਿਸ਼ੇਸ਼ ਮਹਿਮਾਨਾਂ ਵਲੋਂ ਰਾਗੀ ਜੱਥਿਆਂ ਨੂੰ ਸਿਰੋਪਾਓ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ। ਅੰਤ ਵਿੱਚ ਡਾ. ਹਰਮਿੰਦਰ ਕੌਰ ਵੱਲੋਂ ਸਮੂਹ ਕੀਰਤਨੀਆਂ ਅਤੇ ਸੰਗਤ ਦਾ ਧੰਨਵਾਦ ਕੀਤਾ ਗਿਆ। ਗੁਰਮਤਿ ਸੰਗੀਤ ਉਤਸਵ ਦੌਰਾਨ ਡਾ. ਨਿਵੇਦਿਤਾ ਸਿੰਘ, ਡਾ. ਮਲਕਿੰਦਰ ਕੌਰ, ਡਾ. ਕੰਵਲਜੀਤ ਸਿੰਘ, ਡਾ. ਕਰਮਜੀਤ ਕੌਰ, ਸ. ਪਰਮਜੀਤ ਸਿੰਘ, ਸ. ਅਵਤਾਰ ਸਿੰਘ ਸ. ਜਸਬੀਰ ਸਿੰਘ ਜਵੱਦੀ, ਹੋਰ ਫ਼ੈਕਲਟੀ ਮੈਂਬਰ, ਵਿਦਿਆਰਥੀ ਅਤੇ ਖੋਜਾਰਥੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ।

