ਕੱਚੇ ਕਰਮਚਾਰੀਆਂ ਨਾਲ ਲੁੱਟ ਖਸੁੱਟ ਕਰਨ ਵਾਲੇ ਠੇਕੇਦਾਰਾਂ ਵਿਰੁੱਧ ਕਾਨੂੰਨੀ ਕਾਰਵਾਈ ਆਦਿ ਮੰਗਾਂ ਸਬੰਧੀ ਕਮਿਸ਼ਨਰ ਨੂੰ ਸੋਂਪਿਆ ਮੰਗ ਪੱਤਰ।
ਪੇਅ ਸਲਿਪ ਬਦਲੇ ਸਫਾਈ ਕਰਮਚਾਰੀਆਂ ਤੋਂ ਕੀਤੀ ਜਾਂਦੀ ਹੈ ਰਿਸ਼ਵਤ ਦੀ ਮੰਗ — ਖੋੜਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਕੱਚੇ ਆਊਟ ਸੋਰਸਿੰਗ ਸਫਾਈ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਪਿਛਲੇ ਬਕਾਇਆ ਦੀ ਲੁੱਟ ਖਸੁੱਟ ਕਰਨ ਵਾਲੇ ਠੇਕੇਦਾਰਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ, ਸੇਵਾ ਮੁਕਤ ਹੋਏ ਕਰਮਚਾਰੀਆਂ ਦੀ ਬਣਦੀ ਬਕਾਇਆ ਰਾਸ਼ੀ ਸਿੱਧੀ ਉਹਨਾਂ ਦੇ ਖਾਤਿਆਂ *ਚ ਪਾਉਣ, ਸਲਾਨਾ ਈ.ਪੀ.ਐਫ. ਦੀ ਰਿਪੋਰਟ ਸਾਰੇ ਕਰਮਚਾਰੀਆਂ ਨੂੰ ਦੇਣ, ਪੇਅ ਸਲੀਪ ਬਦਲੇ ਮੰਗੀ ਜਾਣ ਵਾਲੀ ਰਿਸ਼ਵਤ ਨੂੰ ਤੁਰੰਤ ਬੰਦ ਕਰਵਾਉਣ ਅਤੇ ਡਿਊਟੀ ਦੌਰਾਨ ਸਫਾਈ ਕਰਮਚਾਰੀਆਂ ਦੀ ਮੌਤ ਹੋ ਜਾਣ ਉਪਰੰਤ ਉਨਾਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ ਤੇ ਪੱਕੀ ਨੌਕਰੀਆਂ ਦੇਣ ਆਦਿ ਮੰਗਾਂ ਸਬੰਧੀ ਭਾਰਤੀਯ ਵਾਲਮੀਕਿ ਧਰਮ ਸਮਾਜ ਦੇ ਰਾਸ਼ਟਰੀ ਸਲਾਹਕਾਰ ਵੀਰ ਪ੍ਰੇਮ ਖੋੜਾ ਦੀ ਅਗਵਾਈ ਵਿੱਚ ਇੱਕ ਮੰਗ ਪੱਤਰ ਨਗਰ ਨਿਗਮ ਕਮਿਸ਼ਨਰ ਕੇਸ਼ਵ ਹਿੰਗੋਨੀਆ ਨੂੰ ਸੌਂਪਿਆ ਗਿਆ। ਜਿਸ ਵਿੱਚ ਪੁਰਜੋਰ ਮੰਗ ਕਰਦਿਆਂ ਵੀਰ ਪ੍ਰੇਮ ਖੋੜਾ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਕਿਸੇ ਵੀ ਸਫਾਈ ਕਰਮਚਾਰੀ ਨੂੰ ਤਰਸ ਦੇ ਆਧਾਰ ਤੇ ਇੱਕ ਵੀ ਨੌਕਰੀ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਆਉਟ ਸੋਰਸਿੰਗ ਸਫਾਈ ਕਰਮਚਾਰੀਆਂ ਨਾਲ ਬੀਤੇ ਸਮੇਂ ਤੋਂ ਠੇਕੇਦਾਰਾਂ ਵੱਲੋਂ ਬਹੁਤ ਲੁੱਟ ਖਸੁੱਟ ਕੀਤੀ ਗਈ ਹੈ, ਇਨ੍ਹਾਂ ਕਰਮਚਾਰੀਆਂ ਦੀ ਪੀ.ਐਫ. ਦੀ ਰਾਸ਼ੀ ਨੂੰ ਜਿਹੜੇ ਠੇਕੇਦਾਰ ਡਕਾਰ ਗਏ ਹਨ,
ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੇ ਜਿਹੜੇ ਠੇਕੇਦਾਰ ਪੈਸੇ ਲੈ ਕੇ ਭੱਜ ਗਏ ਇਨ੍ਹਾਂ ਤੋਂ ਕਰਮਚਾਰੀਆਂ ਨੂੰ ਪੈਸੇ ਦੀ ਵਾਪਸੀ ਕਰਵਾਈ ਜਾਵੇ। ਇਸ ਸਬੰਧੀ ਜੇ ਕਿਸੇ ਵੀ ਨਗਰ ਨਿਗਮ ਅਧਿਕਾਰੀ ਦੀ ਮਿਲੀ ਭੁਗਤ ਸਾਹਮਣੇ ਆਉਂਦੀ ਹੈ ਤਾਂ ਉਸ ਉੱਤੇ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਉਪਰੰਤ ਪ੍ਰੇਮ ਖੋੜਾ ਨੇ ਦੱਸਿਆ ਕਿ ਜਦੋਂ ਵੀ ਕਿਸੇ ਨਿਗਮ ਕਰਮਚਾਰੀ ਵਲੋਂ ਆਪਣੀ ਜਰੂਰਤ ਅਨੁਸਾਰ ਪੇਅ ਸਲੀਪ ਮੰਗੀ ਜਾਂਦੀ ਹੈ ਤਾਂ ਉਹਨਾਂ ਕੋਲੋ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਤੇ ਸਫਾਈ ਕਰਮਚਾਰੀਆਂ ਨੂੰ ਖਜਲ ਖੁਆਰੀ ਪ੍ਰੇਸ਼ਾਨੀਆਂ ਲਈ ਮਜਬੂਰ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਬਣੀ ਆਪਦੀ ਸਰਕਾਰ ਵਲੋਂ ਜਿਹੜੀ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੀ ਮੁਹਿੰਮ ਛੇੜੀ ਗਈ ਹੈ ਉਸਦੇ ਤਹਿਤ ਨਗਰ ਨਿਗਮ ਵਿੱਚ ਵੀ ਭ੍ਰਿਸ਼ਟਾਚਾਰੀਆਂ ਤੇ ਸ਼ਿਕੰਜਾ ਕੱਸਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਜਿਹੜੇ ਸਫਾਈ ਕਰਮਚਾਰੀਆਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ ਤੇ ਪੱਕੀ ਨੌਕਰੀਆਂ ਦਿੱਤੀਆਂ ਜਾਣ ਇਸ ਮੌਕੇ ਰਾਜੇਸ਼ ਸਭਰਵਾਲ, ਸੋਨੂੰ ਮਾਜਰੀ, ਜਸਵੰਤ ਸਿੰਘ ਸੰਤ, ਦੀਪਕ ਵਾਲਮੀਕਿ, ਸੋਨੂੰ ਭਲਵਾਨ, ਰਾਹੁਲ ਕੰਡੇਰ, ਸੀਮਾ ਵੈਦ, ਵਿਕਾਸ ਅਟਵਾਲ, ਲਾਲੀ, ਸੁਖਬੀਰ ਸਿੰਘ, ਮਿਤੀ ਸਿਰਸਵਾਲ, ਲਾਡੀ ਸਭਰਵਾਲ, ਸ਼ਮੀ, ਮਨੋਹਰ ਕੁਮਾਰ ਆਦਿ ਹਾਜਰ ਸਨ।

