ਪੰਜਾਬਪਟਿਆਲਾ

ਪੰਜਾਬੀ ਯੂਨੀਵਰਸਿਟੀ ਨੂੰ ਹਾਸਿਲ ਹੋਏ ਤਿੰਨ ਵੱਡੇ ਪ੍ਰਾਜੈਕਟਾਂ (ਮੇਜਰ ਪ੍ਰਜੈਕਟਸ) ਦੇ ਸੰਬੰਧ ਵਿੱਚ ਪ੍ਰੈੱਸ ਮਿਲਣੀ ਦਾ ਆਯੋਜਨ

ਪਟਿਆਲਾ (ਮਧੂਸਾਰ ਬਿਊਰੋ) ਪੰਜਾਬੀ ਭਾਸ਼ਾ ਨੂੰ ਸਮੇਂ ਦੇ ਹਾਣ ਦੀ ਬਣਾਉਣ ਲਈ ਇਸ ਨੂੰ ਨਵੀਂ ਤਕਨਾਲੌਜੀ ਅਤੇ ਨਵੇਂ ਵਿਸਿ਼ਆਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ” ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਕੀਤੀ ਗਈ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਜਿ਼ਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਨੂੰ ਭਾਰਤ ਸਰਕਾਰ ਵੱਲੋਂ ਹਾਸਿਲ ਹੋਏ ਤਿੰਨ ਵੱਡੇ ਪ੍ਰਾਜੈਕਟਾਂ (ਮੇਜਰ ਪ੍ਰਜੈਕਟਸ) ਦੇ ਸੰਬੰਧ ਵਿੱਚ ਇਹ ਇਸ ਪ੍ਰੈੱਸ ਮਿਲਣੀ ਦਾ ਆਯੋਜਨ ਕੀਤਾ ਗਿਆ ਸੀ। ਪੰਜਾਬੀ ਯੂਨੀਵਰਸਿਟੀ ਦੇਸ ਦੀ ਇਕਲੌਤੀ ਸਟੇਟ ਯੂਨੀਵਰਸਿਟੀ ਹੈ ਜੋ 40 ਕਰੋੜ ਤੋਂ ਵਧੇਰੇ ਫ਼ੰਡਿੰਗ ਵਾਲ਼ੇ ਇਨ੍ਹਾਂ ਪ੍ਰਾਜੈਕਟਾਂ ਵਿੱਚ ਸ਼ਾਮਿਲ ਹੈ ਜੋ ਕਿ ਵੱਖ-ਵੱਖ ਆਈ.ਆਈ.ਟੀਜ਼ ਅਤੇ ਆਈ.ਆਈ.ਆਈ.ਟੀਜ਼ (ਟ੍ਰਿਪਲ ਆਈ.ਟੀਜ਼) ਦੇ ਸਹਿਯੋਗ ਨਾਲ ਮੁਕੰਮਲ ਕੀਤੇ ਜਾਣੇ ਹਨ।

ਪ੍ਰੋ. ਅਰਵਿੰਦ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਜੋ ਅਹਿਮ ਕਦਮ ਉੁਠਾਏ ਜਾਣੇ ਜ਼ਰੂਰੀ ਹਨ ਉਨ੍ਹਾਂ ਵਿੱਚ ਇੱਕ ਕਦਮ ਇਹ ਵੀ ਹੈ ਕਿ ਇੰਜਨੀਅਰਿੰਗ ਅਤੇ ਮੈਡੀਕਲ ਦੇ ਖੇਤਰ ਦੀ ਪੜ੍ਹਾਈ ਪੰਜਾਬੀ ਭਾਸ਼ਾ ਵਿੱਚ ਵੀ ਉਪਲਬਧ ਹੋਵੇ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਅਧਿਐਨ ਸਮੱਗਰੀ ਪੰਜਾਬੀ ਯੂਨੀਵਰਸਿਟੀ ਵੱਲੋਂ ਤਿਆਰ ਕਰਵਾਈ ਜਾ ਸਕਦੀ ਹੈ; ਪਰ ਅਜਿਹੀ ਸਮੱਗਰੀ ਨੂੰ ਪੈਦਾ ਕਰਨ ਦਾ ਤਦ ਹੀ ਲਾਭ ਹੋ ਸਕਦਾ ਹੈ ਜੇਕਰ ਇਸ ਦੀ ਵਰਤੋਂ ਲਈ ਲੋੜੀਂਦੇ ਕੋਰਸ ਉਪਲਬਧ ਹੋਣ। ਉਨ੍ਹਾਂ ਕਿਹਾ ਕਿ ਅਸੀਂ ਜਲਦੀ ਹੀ ਪੰਜਾਬ ਸਰਕਾਰ ਨੂੰ ਇਸ ਬਾਰੇ ਇੱਕ ਤਜਵੀਜ਼ ਬਣਾ ਕੇ ਵੀ ਭੇਜ ਰਹੇ ਹਾਂ ਕਿ ਸੂਬੇ ਵਿੱਚ ਕਿਸੇ ਇੱਕ ਥਾਂ ਪ੍ਰੀਖਣ ਵਜੋਂ ਅਜਿਹੇ ਕੋਰਸ ਪੰਜਾਬੀ ਮਾਧਿਅਮ ਵਿੱਚ ਸ਼ੁਰੂ ਕੀਤੇ ਜਾਣ। ਪਰ ਅਜਿਹੇ ਕੋਰਸ ਸ਼ੁਰੂ ਕਰਨ ਦਾ ਲਾਭ ਵੀ ਤਦ ਹੀ ਹੋਵੇਗਾ ਜੇਕਰ ਇਨ੍ਹਾਂ ਨੂੰ ਮੁਕੰਮਲ ਕਰਨ ਵਾਲਿਆਂ ਨੂੰ ਸੂਬੇ ਵਿੱਚ ਰੁਜ਼ਗਾਰ ਦੇ ਮੌਕਿਆਂ ਵਿੱਚ ਕੋਈ ਵਿਸ਼ੇਸ਼ ਤਰਜੀਹ/ਪਹਿਲ ਦਿੱਤੀ ਜਾਵੇ। ਅਜਿਹਾ ਕਰਨ ਉੱਤੇ ਹੀ ਵਿਦਿਆਰਥੀਆਂ ਦੀ ਰੁਚੀ ਅਜਿਹੇ ਕੋਰਸਾਂ ਵੱਲ ਹੋ ਸਕਦੀ ਹੈ।

ਪ੍ਰੋ. ਅਰਵਿੰਦ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੰਜਾਬੀ ਭਾਸ਼ਾ ਦੇ ਤਕਨੀਕੀ ਪੱਖ ਨੂੰ ਮਜ਼ਬੂਤ ਕਰਨ ਲਈ ਸਫਲਤਾਪੂਰਵਕ ਕੰਮ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਗਏ ਮਸ਼ੀਨੀ ਲਿਪਾਂਤਰਣ ਦੇ ਸਾਫ਼ਟਵੇਅਰ ‘ਅੱਖਰ’ ਦੀ ਵਰਤੋਂ ਕਰਦਿਆਂ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਦਾ ਸ਼ਾਹਮੁਖੀ ਲਿਪੀ ਰੂਪ ਜਲਦੀ ਹੀ ਪ੍ਰਕਾਸਿ਼ਤ ਕਰਵਾਇਆ ਜਾ ਰਿਹਾ ਹੈ। ਡੀਨ ਕਾਲਜ ਵਿਕਾਸ ਕੌਂਸਲ ਪ੍ਰੋ. ਗੁਰਪ੍ਰੀਤ ਸਿੰਘ ਲਹਿਲ, ਜਿਨ੍ਹਾਂ ਦੀ ਅਗਵਾਈ ਵਿੱਚ ਇਹ ਪ੍ਰਾਜੈਕਟ ਨੇਪਰੇ ਚਾੜ੍ਹੇ ਜਾਣੇ ਹਨ, ਵੱਲੋਂ ਦੱਸਿਆ ਗਿਆ ਕਿ ਇਹ ਪਹਿਲੀ ਵਾਰ ਹੈ ਕਿ ਆਈ.ਆਈ.ਟੀਜ਼ ਅਤੇ ਟ੍ਰਿਪਲ ਆਈ.ਟੀਜ਼ ਦੇ ਨਾਲ਼ ਕਿਸੇ ਸਟੇਟ ਯੂਨੀਵਰਸਿਟੀ ਨੂੰ ਇਸ ਪੱਧਰ ਦੇ ਤਿੰਨ ਮੇਜਰ ਪ੍ਰਾਜੈਕਟਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਭਾਸ਼ਾ ਦੇ ਤਕਨੀਕੀ ਪੱਖਾਂ ਨੂੰ ਮਜ਼ਬੂਤ ਕਰਨ ਲਈ ਕੀਤੇ ਗਏ ਸਫਲ ਕਾਰਜਾਂ ਨੂੰ ਧਿਆਨ ਵਿੱਚ ਰਖਦੇ ਹੋਏ ਇਹ ਪ੍ਰਾਜੈਕਟ ਪ੍ਰਾਪਤ ਹੋਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਗਏ ‘ਅੱਖਰ’ ਜਿਹੇ ਪ੍ਰੋਗਰਾਮਾਂ ਦੇ ਬਰਾਬਰ ਦਾ ਕੋਈ ਸਾਫ਼ਟਵੇਅਰ ਹਿੰਦੀ ਜਾਂ ਹੋਰ ਭਾਸ਼ਾ ਵਿੱਚ ਵੀ ਉਪਲਬਧ ਨਹੀਂ ਹੈ।

ਇਸ ਪ੍ਰੋਗਰਾਮ ਦੀ ਸਫਲਤਾ ਤੋਂ ਬਾਅਦ ਸਿੰਧੀ, ਹਿੰਦੀ ਅਤੇ ਉਰਦੂ ਜਿਹੀਆਂ ਭਾਸ਼ਾਵਾਂ ਦੇ ਲਿਪਾਂਤਰਣ ਨਾਲ ਜੁੜੇ ਪ੍ਰਾਜੈਕਟ ਵੀ ਪੰਜਾਬੀ ਯੂਨੀਵਰਸਿਟੀ ਨੂੰ ਮਿਲੇ ਸਨ ਜੋ ਕਿ ਵੱਖ-ਵੱਖ ਕਾਰਪੋਰੇਟੀ ਅਦਾਰਿਆਂ ਵਿੱਚ ਸਫਲਤਾਪੂਰਵਕ ਚੱਲ ਰਹੇ ਹਨ। ਇਸ ਉਪਰੰਤ ਹੁਣ ਭਾਰਤ ਸਰਕਾਰ ਵੱਲੋਂ ਮਿਲੇ ਇਨ੍ਹਾਂ ਤਿੰਨ ਪ੍ਰਾਜੈਕਟਾਂ ਰਾਹੀਂ 16 ਭਾਸ਼ਾਵਾਂ, ਜਿਨ੍ਹਾਂ ਵਿੱਚ ਪੰਜਾਬੀ, ਸਿੰਧੀ, ਉਰਦੂ, ਕਸ਼ਮੀਰੀ, ਬਲੋਚੀ, ਪਸ਼ਤੋ, ਸੰਸਕ੍ਰਿਤ ਆਦਿ ਭਾਸ਼ਾਵਾਂ ਸ਼ਾਮਿਲ ਹਨ, ਦੇ ‘ਮਸ਼ੀਨੀ ਅਨੁਵਾਦ’, ‘ਮਸ਼ੀਨੀ ਲਿਪਾਂਤਰਣ’ ਅਤੇ ‘ਓਪਟੀਕਲ ਕਰੈਕਟਰ ਰੀਕੋਗਨੀਸ਼ਨ’ ਦੇ ਖੇਤਰ ਵਿੱਚ ਕੰਮ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ ਨਾਲ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ ਕਿਉਂਕਿ ਤਕਨੀਕੀ ਪੱਖ ਅਤੇ ਭਾਸ਼ਾਵਾਂ ਦੇ ਪੱਖ ਨਾਲ ਬਹੁਤ ਸਾਰੇ ਮਾਹਿਰਾਂ/ਵਿਦਿਆਰਥੀਆਂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਭਾਸ਼ਾਵਾਂ ਲਈ ਪੰਜਾਬ ਤੋਂ ਇਲਾਵਾ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਭਾਰਤ ਦੇ ਮਹਾਰਾਸ਼ਟਰ ਤੱਕ ਦੇ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ।

Leave a Reply

Your email address will not be published. Required fields are marked *