ਮਹਿਲਾ ਕਿਸਾਨ ਯੂਨੀਅਨ ਨੇ ਮੋਦੀ ਤੋਂ ਐੱਮ.ਐੱਸ.ਪੀ. ਦੀ ਮੰਗ ਲਈ ਡੀਸੀ ਨੂੰ ਦਿੱਤਾ ਮੰਗ ਪੱਤਰ
ਕਣਕ ਦੀ ਉਪਜ ਘਟਣ ਲਈ ਕੇਂਦਰ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਵੇ : ਬੀਬੀ ਰਾਜਵਿੰਦਰ ਕੌਰ ਰਾਜੂ

ਜਲੰਧਰ 15 ਅਪ੍ਰੈਲ (ਮਧੂਸਾਰ ਬਿਊਰੋ) ਮਹਿਲਾ ਕਿਸਾਨ ਯੂਨੀਅਨ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਐੱਮ.ਐੱਸ.ਪੀ. ਮੰਗ ਹਫਤਾ ਮਨਾਉਂਦੇ ਹੋਏ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨੂੰ ਭੇਜੇ ਜਾਣ ਵਾਲਾ ਮੰਗ ਪੱਤਰ ਅੱਜ ਡਿਪਟੀ ਕਮਿਸ਼ਨਰ ਜਲੰਧਰ ਦੇ ਨੁਮਾਇੰਦੇ ਨੂੰ ਉਨ੍ਹਾਂ ਦੇ ਦਫਤਰ ਵਿਖੇ ਸੌਂਪਿਆ। ਨਾਲ ਹੀ ਉਨ੍ਹਾਂ ਕੇਂਦਰ ਤੋਂ ਮੰਗ ਕੀਤੀ ਕਿ ਵੱਧ ਗਰਮੀ ਕਾਰਨ ਕਣਕਾਂ ਦਾ ਝਾੜ ਘਟਣ ਤੇ ਦਾਣੇ ਮਾਜੂ ਪੈਣ ਕਰਕੇ ਕਿਸਾਨਾਂ ਨੂੰ 500 ਰੁਪਏ ਪ੍ਰਤੀ ਕੁਇੰਟਲ ਮੁਆਵਜਾ ਤੁਰੰਤ ਦੇਣ ਦਾ ਐਲਾਨ ਕੀਤਾ ਜਾਵੇ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਦੱਸਿਆ ਕਿ ਦੇਸ ਭਰ ਦੇ ਕਿਸਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠਾਂ ਪੂਰੇ ਭਾਰਤ ਵਿੱਚ 11 ਅਪ੍ਰੈਲ ਤੋਂ 17 ਅਪ੍ਰੈਲ ਤੱਕ ਐਮ.ਐਸ.ਪੀ. ਹਫ਼ਤਾ ਮਨਾਇਆ ਜਾ ਰਿਹਾ ਹੈ ਇਸੇ ਸੰਦਰਭ ਵਿੱਚ ਮਹਿਲਾ ਕਿਸਾਨ ਯੂਨੀਅਨ ਨੇ ਮੰਗ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਦੇਸ ਦੇ ਹਰ ਤਰਾਂ ਦੇ ਕਿਸਾਨਾਂ ਦੀਆਂ ਸਾਰੀਆਂ ਪੈਦਾਵਾਰੀ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਡਾ. ਸਵਾਮੀਨਾਥਨ ਅਤੇ ਰਮੇਸ਼ ਚੰਦ ਕਮੇਟੀ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਸੀ-2+50% ਦੇ ਫਾਰਮੁਲੇ ਮੁਤਾਬਿਕ ਦੇਣ ਦੀ ਕਾਨੂੰਨੀ ਗਾਰੰਟੀ ਤੇ ਜਿਨਸਾਂ ਖਰੀਦਣ ਲਈ ਐਮ.ਐਸ.ਪੀ. ਗਾਰੰਟੀ ਕਾਨੂੰਨ ਬਣਾਇਆ ਜਾਵੇ।
ਬੀਬੀ ਰਾਜੂ ਨੇ ਇਹ ਵੀ ਮੰਗ ਕੀਤੀ ਕਿ ਕੇਂਦਰ ਵੱਲੋਂ 23 ਫ਼ਸਲਾਂ ਲਈ ਐਲਾਨੇ ਜਾਂਦੇ ਐਮ.ਐਸ.ਪੀ. ਤੋਂ ਇਲਾਵਾ ਬਾਕੀ ਬਚਦੀਆਂ ਤਮਾਮ ਫ਼ਸਲਾਂ/ਪੈਦਾਵਾਰਾਂ ਜਿਵੇਂ ਕਿ ਸਬਜ਼ੀਆਂ, ਫ਼ਲ, ਦੁੱਧ ਅਤੇ ਮੱਛੀ ਆਦਿ ਲਈ ਵੀ ਘੱਟੋ-ਘੱਟ ਸਮਰਥਨ ਕੀਮਤ ਦਾ ਐਲਾਨ ਕੀਤਾ ਜਾਵੇ ਅਤੇ ਉਸੇ ਕੀਮਤ ‘ਤੇ ਹੀ ਪੈਦਾਵਾਰ ਖਰੀਦਣ ਦੀ ਗਾਰੰਟੀ ਕੀਤੀ ਜਾਵੇ।
ਮਹਿਲਾ ਕਿਸਾਨ ਯੂਨੀਅਨ ਨੇ ਕੇਂਦਰ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਐਤਕੀ ਵੱਧ ਗਰਮੀ ਕਾਰਨ ਕਣਕ ਦੇ ਝਾੜ ਵਿੱਚ ਆਈ ਕਮੀ ਅਤੇ ਦਾਣੇ ਮਾਜੂ ਰਹਿਣ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਕਿਸਾਨਾਂ ਨੂੰ 500 ਰੁਪਏ ਪ੍ਰਤੀ ਕੁਇੰਟਲ ਮੁਆਵਜਾ ਦਿੱਤਾ ਜਾਵੇ ਅਤੇ ਨਿਰਧਾਰਤ ਖਰੀਦ ਮਾਪਦੰਡਾਂ ਵਿੱਚ ਲੋੜ ਅਨੁਸਾਰ ਛੋਟ ਦਿੰਦਿਆਂ ਮੰਡੀਆਂ ਵਿੱਚੋਂ ਦਾਣੇ-ਦਾਣੇ ਦੀ ਸਰਕਾਰੀ ਖਰੀਦ ਯਕੀਨੀ ਬਣਾਈ ਜਾਵੇ।
ਮਹਿਲਾ ਕਿਸਾਨ ਨੇਤਾ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਇਸ ਵਾਰ ਹਾੜੀ ਦੇ ਸੀਜਨ ਦੌਰਾਨ ਰਿਕਾਰਡਤੋੜ ਗਰਮੀ ਪੈਣ ਕਾਰਨ ਕਣਕ ਦੀ ਪੈਦਾਵਾਰ ਪ੍ਰਭਾਵਿਤ ਹੋਈ ਹੈ ਜਿਸ ਕਰਕੇ ਹਰ ਕਿਸਾਨ ਨੂੰ ਪ੍ਰਤੀ ਏਕੜ ਪੰਜ ਤੋਂ ਅੱਠ ਕੁਇੰਟਲ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਵੱਡਾ ਨੁਕਸਾਨ ਹੋਇਆ ਹੈ। ਇਸ ਤਰਾਂ ਕਿਸਾਨਾਂ ਦੀ ਆਮਦਨ ਵਧਣ ਦੀ ਬਜਾਏ ਘਟ ਗਈ ਹੈ। ਉਨ੍ਹਾਂ ਕੇਂਦਰ ਤੋਂ ਮੰਗ ਕੀਤੀ ਹੈ ਕਿ ਸੂਬੇ ਦੇ ਕਿਸਾਨਾਂ ਨੂੰ ਨੁਕਸਾਨ ਦੀ ਪੂਰਤੀ ਲਈ ਤੁਰੰਤ ਆਰਥਿਕ ਮੁਆਵਜੇ ਦਾ ਐਲਾਨ ਕੀਤਾ ਜਾਵੇ।
ਬੀਬੀ ਰਾਜੂ ਨੇ ਕਿਹਾ ਕਿ ਭਾਰਤੀ ਖ਼ੁਰਾਕ ਨਿਗਮ ਕਣਕ ਦੇ ਸੁੰਗੜੇ ਦਾਣੇ ਵਾਲੀ ਖਰੀਦੀ ਹੋਈ ਜਿਣਸ ਦੀ ‘ਸਿੱਧੀ ਡਲਿਵਰੀ’ ਲੈਣ ਤੋਂ ਇਨਕਾਰੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਝਾੜ ਘੱਟ ਨਿਕਲਣ ਕਾਰਨ ਪ੍ਰੇਸ਼ਾਨ ਹਨ ਉਥੇ ਕੇਂਦਰ ਸਰਕਾਰ ਦੇ ਨਵੇਂ ਫੈਸਲੇ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਿੱਚ ਹੋਰ ਵਾਧਾ ਕਰ ਦਿੱਤਾ ਹੈ ਅਤੇ ਖਰੀਦੀ ਹੋਈ ਕਣਕ ਨਾ ਚੁੱਕੇ ਜਾਣ ਕਰਕੇ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗ ਚੁੱਕੇ ਹਨ।
ਮਹਿਲਾ ਨੇਤਾ ਬੀਬੀ ਰਾਜੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਮੰਗ ਕੀਤੀ ਹੈ ਕਿ ਉਹ ਤੁਰੰਤ ਦਖ਼ਲ ਦੇ ਕੇ ਕੇਂਦਰ ਸਰਕਾਰ ਨੂੰ ਕਣਕ ਦੀ ਘੱਟ ਪੈਦਾਵਾਰ ਹੋਣ ਕਾਰਨ ਮੁਆਵਜਾ ਦੇਣ ਲਈ ਜ਼ੋਰ ਪਾਉਣ ਅਤੇ ਕਿਸਾਨਾਂ ਨੂੰ ਮੰਡੀਆਂ ਅੰਦਰ ਕਣਕ ਵੇਚਣ ਵਿੱਚ ਆ ਰਹੀ ਵੱਡੀ ਪਰੇਸ਼ਾਨੀ ਤੋਂ ਬਚਾਉਣ ਅਤੇ ਸੁਚਾਰੂ ਖਰੀਦ ਕਰਵਾਈ ਜਾਵੇ।
ਮੰਗ ਪੱਤਰ ਦੇਣ ਮੌਕੇ ਹੋਰਨਾਂ ਤੋਂ ਇਲਾਵਾ ਯੂਨੀਅਨ ਦੀ ਜਨਰਲ ਸਕੱਤਰ ਦਵਿੰਦਰ ਕੌਰ, ਪਰਮਵੀਰ ਕੌਰ, ਕੁਲਵਿੰਦਰ ਕੌਰ, ਰਾਜਬੀਰ ਕੌਰ, ਜਸਨਪ੍ਰੀਤ ਕੌਰ, ਦਲਜਿੰਦਰ ਕੌਰ, ਹਰਮੇਸ ਕੌਰ, ਬਲਜੀਤ ਕੌਰ, ਜਸਵਿੰਦਰ ਕੌਰ, ਸਨਦੀਪ ਕੌਰ, ਮਨਜੀਤੀ, ਪਰਮਜੀਤ ਕੌਰ, ਕਮਲੇਸ, ਰਾਣੀ, ਰਾਜਵਿੰਦਰ ਕੌਰ ਸੇਰਗਿੱਲ, ਕਿਰਪਾਲ ਕੌਰ, ਹਰਮੀਤ ਕੌਰ, ਪਰਮਜੀਤ ਕੌਰ, ਹਰਨਿੰਦਰ ਕੌਰ, ਸਲਿੰਦਰ ਕੌਰ, ਰਾਜ ਕੌਰ, ਸਾਤੀ ਦੇਵੀ ਵੀ ਮੌਜੂਦ ਸਨ।

