ਆਪ’ ਸਰਕਾਰ ਅੱਗ ਸੁਰੱਖਿਆ ਨਿਯਮਾਂ ਪ੍ਰਤੀ ਲਾਪਰਵਾਹ ਕਿਉਂ ਹੈ? – ਬਾਜਵਾ
ਚੰਡੀਗੜ੍ਹ, 15 ਮਾਰਚ (ਮਧੂਸਾਰ ਬਿਊਰੋ) ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਕਿਹਾ ਕਿ ਸੂਬੇ ਵਿੱਚ ਅੱਗ ਦੀਆਂ ਕਈ ਘਟਨਾਵਾਂ ਨੇ ਪੰਜਾਬ ਭਰ ਵਿੱਚ ਅੱਗ ਸੁਰੱਖਿਆ ਨਿਯਮਾਂ ਨੂੰ ਯਕੀਨੀ ਬਣਾਉਣ ਪ੍ਰਤੀ ‘ਆਪ’ ਸਰਕਾਰ ਦੇ ਬੇਪਰਵਾਹ ਰਵੱਈਏ ਦਾ ਪਰਦਾਫਾਸ਼ ਕੀਤਾ ਹੈ। ਲੁਧਿਆਣਾ ਵਿਖੇ ਇੱਕ ਕੱਪੜਾ ਫੈਕਟਰੀ ਵਿੱਚ ਕੱਲ੍ਹ ਵਾਪਰੀ ਅੱਗ ਦੀ ਘਟਨਾ ਦਾ ਜ਼ਿਕਰ ਕਰਦਿਆਂ ਬਾਜਵਾ ਨੇ ਕਿਹਾ ਕਿ ਸਰਕਾਰ ਪਿਛਲੀਆਂ ਘਟਨਾਵਾਂ ਤੋਂ ਸਬਕ ਕਿਉਂ ਨਹੀਂ ਸਿੱਖ ਰਹੀ ਹੈ। ਬਾਜਵਾ ਨੇ ਅਫਸੋਸ ਪ੍ਰਗਟਾਇਆ ਕਿ ਅੱਗ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਲਾਸ਼ ਨੂੰ ਵੀ ਨਹੀਂ ਪਛਾਣਾ ਵੀ ਮੁਸ਼ਕਲ ਹੋ ਗਿਆ। ਇਸ ਘਟਨਾ ਚ ਮਹਿੰਦਰ ਕੁਮਾਰ ਅਤੇ ਰਵਿੰਦਰ ਚੋਪੜਾ ਦੀ ਹਸਪਤਾਲ ਵਿਚ ਮੌਤ ਹੋ ਗਈ ਸੀ। ਅਸ਼ਵਨੀ ਕੁਮਾਰ ਅਤੇ ਗੁਲਸ਼ਨ ਕੁਮਾਰ ਦੀ ਹਾਲਤ ਲਗਾਤਾਰ ਗੰਭੀਰ ਬਣੀ ਹੋਈ ਹੈ ਕਿਉਂਕਿ ਦੋਵੇਂ ਵੈਂਟੀਲੇਟਰ ਸਪੋਰਟ ‘ਤੇ ਹਨ। ਉਨ੍ਹਾਂ ਕਿਹਾ ਅਜਿਹਾ ਲਗਦਾ ਹੈ ਕਿ ਪੰਜਾਬ ਸਰਕਾਰ ਨੇ ਕਦੇ ਵੀ ਫਾਇਰ ਸੇਫਟੀ ਦੀ ਪਾਲਣਾ ਅਤੇ ਇਸ ਦੀ ਨਿਯਮਤ ਨਿਗਰਾਨੀ ਦੀ ਮਹੱਤਤਾ ਨੂੰ ਸਮਝਿਆ ਨਹੀਂ ਹੈ ਜਾਂ ਉਹ ਕਿਸੇ ਵੱਡੀ ਘਟਨਾ ਦੀ ਉਡੀਕ ਕਰ ਰਹੀ ਸੀ। ਬਾਜਵਾ ਨੇ ਕਿਹਾ ਕਿ ਇਹ ਜਾਣਨਾ ਹੈਰਾਨੀ ਵਾਲੀ ਗੱਲ ਹੈ ਕਿ ਲੁਧਿਆਣਾ ਨਗਰ ਨਿਗਮ, ਜਿਸ ਨੂੰ ਫਾਇਰ ਬ੍ਰਿਗੇਡ ਵਿਭਾਗ ਰਾਹੀਂ ਇਮਾਰਤਾਂ ਲਈ ਅੱਗ ਦੇ ਐਨਓਸੀ ਨੂੰ ਯਕੀਨੀ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ, ਆਪਣੇ ਚਾਰ ਜ਼ੋਨਲ ਦਫਤਰਾਂ ਲਈ ਸਰਟੀਫਿਕੇਟ ਪ੍ਰਾਪਤ ਕਰਨ ਵਿੱਚ ਖੁਦ ਅਸਫਲ ਰਿਹਾ ਹੈ।
ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਤੁਰੰਤ ਉੱਚੀਆਂ ਇਮਾਰਤਾਂ, ਭੀੜ-ਭੜੱਕੇ ਵਾਲੀਆਂ ਥਾਵਾਂ, ਮਾਲਾਂ, ਫੈਕਟਰੀਆਂ, ਕੋਚਿੰਗ ਸੈਂਟਰਾਂ, ਸਰਕਾਰੀ ਇਮਾਰਤਾਂ, ਥੀਏਟਰਾਂ, ਸਕੂਲਾਂ ਆਦਿ ਦਾ ਅੱਗ ਸੁਰੱਖਿਆ ਨਿਯਮਾਂ ਦੇ ਪ੍ਰਬੰਧਾਂ ਦੀ ਘੋਖ ਕਰਵਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੂੰ ਆਡਿਟ ਰਿਪੋਰਟਾਂ ਨੂੰ ਜਨਤਕ ਖੇਤਰ ਵਿੱਚ ਸਾਂਝਾ ਕਰਨਾ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ ਫਾਇਰ ਐਨਓਸੀ ਪ੍ਰਾਪਤ ਕਰਨਾ ਹਰ ਕਿਸੇ ਲਈ ਕੈਕਵਾਕ ਨਹੀਂ ਬਣਨਾ ਚਾਹੀਦਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਇੱਕ ਸਾਲ ਦੌਰਾਨ ਅੱਗ ਸੁਰੱਖਿਆ ਨਿਯਮਾਂ ਅਤੇ ਡਿਜ਼ਾਸਟਰ ਮੈਨੇਜਮੈਂਟ ਸਬੰਧੀ ਕੀਤੀ ਗਈ ਮੀਟਿੰਗ ਬਾਰੇ ਵੀ ਸਪੱਸ਼ਟੀਕਰਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅੱਗ ਬੁਝਾਊ ਯੰਤਰ ਲਗਾਉਣ ਨਾਲ ਮਕਸਦ ਪੂਰਾ ਨਹੀਂ ਹੋਵੇਗਾ, ਸਾਰੀਆਂ ਐਸ.ਓ.ਪੀਜ਼ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਬਾਜਵਾ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਕੋਲ ਉੱਚੀਆਂ ਇਮਾਰਤਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਉੱਚਿਤ ਹਾਈਡ੍ਰੌਲਿਕ ਫਾਇਰ ਟੈਂਡਰ ਵਾਹਨ ਨਹੀਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਦਾ ਤੁਰੰਤ ਨੋਟਿਸ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਸਿੱਧੇ ਤੌਰ ‘ਤੇ ਲੋਕਾਂ ਦੀ ਸੁਰੱਖਿਆ ਨਾਲ ਜੁੜੇ ਹੋਏ ਹਨ।

