ਨਸ਼ਾ ਮੁਕਤ ਸਮਾਜ ਸਿਰਜਣ ਲਈ ਸਾਂਝੀ ਰਣਨੀਤੀ ‘ਤੇ ਅਮਲ ਕੀਤਾ ਜਾਵੇਗਾ-ਸਾਕਸ਼ੀ ਸਾਹਨੀ
ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਖ਼ੁਦ ਪਿੰਡਾਂ ‘ਚ ਜਾ ਕੇ ਨਸ਼ਿਆਂ ਵਿਰੁੱਧ ਕਰਨਗੇ ਲਾਮਬੰਦੀ
ਪਟਿਆਲਾ, 21 ਅਪ੍ਰੈਲ:(ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ ਨਸ਼ਾ ਮੁਕਤ ਸਮਾਜ ਸਿਰਜਣ ਲਈ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ‘ਚ ਇੱਕ ਵਿਆਪਕ ਮੁਹਿੰਮ ਵਿੱਢੀ ਜਾਵੇਗੀ, ਜਿਸ ਲਈ ਸਾਂਝੀ ਰਣਨੀਤੀ ‘ਤੇ ਅਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ ਨਸ਼ਾ ਮੁਕਤ ਪਿੰਡ ਵਜੋਂ ਮਤੇ ਪੁਆਉਣ ਲਈ ਵੀ ਪ੍ਰਸ਼ਾਸਨਿਕ ਯਤਨ ਤੇਜ ਕੀਤੇ ਜਾਣਗੇ। ਅੱਜ ਇੱਥੇ ਜ਼ਿਲ੍ਹਾ ਅਧਿਕਾਰੀਆਂ ਨਾਲ ਵੱਖ-ਵੱਖ ਸਰਕਾਰੀ ਯੋਜਨਾਵਾਂ ਤੇ ਪ੍ਰੋਗਰਾਮਾਂ ਦੀ ਸਮੀਖਿਆ ਕਰਦਿਆਂ ਇੱਕ ਬੈਠਕ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ਾ ਮੁਕਤ ਪਿੰਡ ਬਣਾਉਣ ਲਈ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ, ਡੀ.ਐਸ.ਪੀਜ, ਬੀ.ਡੀ.ਪੀ.ਓਜ ਤੇ ਥਾਣਾ ਮੁਖੀਆਂ ਸਮੇਤ ਐਸ.ਐਮ.ਓਜ ਨਾਲ ਬੈਠਕ ਕਰਕੇ ਰਣਨੀਤੀ ਬਣਾਉਣਗੇ। ਇਸ ਦੌਰਾਨ ਉਹ ਖ਼ੁਦ ਅਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪਿੰਡਾਂ ਵਿੱਚ ਜਾ ਕੇ ਲਾਮਬੰਦੀ ਕਰਨਗੇ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਪਹਿਲਾਂ ਚੱਲ ਰਹੇ ਡੈਪੋ ਤੇ ਬਡੀ ਪ੍ਰੋਗਰਾਮਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ ਅਤੇ ਕੋਈ ਇੱਕ ਪਿੰਡ ਗ੍ਰਹਿਣ ਕਰਕੇ ਨਸ਼ਾ ਕਰਨ ਦੇ ਆਦੀ ਵਿਅਕਤੀਆਂ ਦੇ ਮੁੜ ਵਸੇਬੇ ਲਈ ਨਸ਼ਾ ਮੁਕਤੀ ਕੇਂਦਰਾਂ ਦੀ ਸਹਾਇਤਾ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਮੁੱਖ ਤਰਜੀਹ ਹੈ ਕਿ ਨਸ਼ਾ ਕਰਦੇ ਵਿਅਕਤੀਆਂ ਤੋਂ ਨਸ਼ੇ ਦੀ ਲਤ ਛੁਡਾ ਕੇ ਉਨ੍ਹਾਂ ਨੂੰ ਸਿਹਤਮੰਦ ਬਣਾਇਆ ਜਾਵੇ। ਇਸ ਮੌਕੇ ਏ.ਡੀ.ਸੀ. (ਵਿਕਾਸ) ਗੌਤਮ ਜੈਨ, ਏ.ਡੀ.ਸੀ (ਜ) ਗੁਰਪ੍ਰੀਤ ਸਿੰਘ ਥਿੰਦ, ਸਮੂਹ ਐਸ.ਡੀ.ਐਮਜ, ਸਹਾਇਕ ਕਮਿਸ਼ਨਰ (ਜ) ਕਿਰਨ ਸ਼ਰਮਾ, ਡੀ.ਐਸ.ਪੀ. ਸਥਾਨਕ ਨੇਹਾ ਅਗਰਵਾਲ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਅਤੇ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਵੀ ਮੌਜੂਦ ਸਨ।

