ਪਟਿਆਲਾ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰਾਂ ਵੱਲੋਂ ਸ਼ਿਕਾਇਤਾਂ ਦੀ ਸੁਣਵਾਈ

ਅਨੁਸੂਚਿਤ ਜਾਤੀਆਂ ਨਾਲ ਸਬੰਧਤਾਂ ਨੂੰ ਤੁਰੰਤ ਨਿਆਂ ਪ੍ਰਦਾਨ ਕਰਨਾ ਯਕੀਨੀ ਬਣਾਉਣ ਦੀ ਹਦਾਇਤ

ਕਮਿਸ਼ਨ ਮੈਂਬਰਾਂ ਵੱਲੋਂ ਵੱਖ-ਵੱਖ ਮਾਮਲਿਆਂ ਦੀ ਸੁਣਵਾਈ ਕਰਕੇ ਸਬੰਧਤ ਵਿਭਾਗਾਂ ਤੋਂ ਰਿਪੋਰਟ ਤਲਬ

ਪਟਿਆਲਾ, 27 ਅਪ੍ਰੈਲ:(ਮਧੂਸਾਰ ਬਿਊਰੋ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਪੁੱਜੀਆਂ ਸ਼ਿਕਾਇਤਾਂ ਬਾਬਤ ਸੁਣਵਾਈ ਕਰਨ ਲਈ ਕਮਿਸ਼ਨ ਦੇ ਮੈਂਬਰਾਂ ਸ੍ਰੀਮਤੀ ਪਰਮਜੀਤ ਕੌਰ ਅਤੇ ਸ੍ਰੀ ਪ੍ਰਭਦਿਆਲ ‘ਤੇ ਅਧਾਰਤ ਦੋ ਮੈਂਬਰੀ ਟੀਮ ਅੱਜ ਪਟਿਆਲਾ ਪੁੱਜੀ। ਇੱਥੇ ਸਰਕਟ ਹਾਊਸ ਵਿਖੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ਦੀ ਸੁਣਵਾਈ ਕਰਨ ਮੌਕੇ ਕਮਿਸ਼ਨ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਲੋਕਾਂ ‘ਤੇ ਕਿਸੇ ਵੀ ਤਰ੍ਹਾਂ ਦੀ ਜਿਆਦਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਸ ਲਈ ਗਰੀਬਾਂ ਤੇ ਲੋੜਵੰਦਾਂ ਨੂੰ ਰਾਜਨੀਤਿਕ ਦਖਲਅੰਦਾਜ਼ੀ ਤੋਂ ਮੁਕਤ ਨਿਆਂ ਤੁਰੰਤ ਪ੍ਰਦਾਨ ਕਰਨਾ ਯਕੀਨੀ ਬਣਾਇਆ ਜਾਵੇ। ਕਮਿਸ਼ਨ ਮੈਂਬਰਾਂ ਸ੍ਰੀਮਤੀ ਪਰਮਜੀਤ ਕੌਰ ਅਤੇ ਸ੍ਰੀ ਪ੍ਰਭਦਿਆਲ ਨੇ ਕੁਝ ਮਾਮਲਿਆਂ ‘ਚ ਪੁਲਿਸ ਤੇ ਹੋਰ ਕਈ ਵਿਭਾਗਾਂ ਵੱਲੋਂ ਰਿਪੋਰਟਾਂ ਦੇਰੀ ਨਾਲ ਭੇਜਣ ਦਾ ਵੀ ਗੰਭੀਰ ਨੋਟਿਸ ਲਿਆ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਿਆਂ ਪ੍ਰਬੰਧ ਅਜਿਹੇ ਪੁਖ਼ਤਾ ਕੀਤੇ ਜਾਣ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੂੰ ਨਿਆਂ ਲੈਣ ਲਈ ਕਮਿਸ਼ਨ ਤੱਕ ਜਾਣ ਦੀ ਲੋੜ ਹੀ ਨਾ ਪਵੇ।

ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਨੇ ਅਨੁਸੂਚਿਤ ਜਾਤੀਆਂ ਵਿਰੁੱਧ ਅੱਤਿਆਚਾਰ ਜਾਂ ਜਿਆਦਤੀ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਨਾ ਕੀਤੀ ਤਾਂ ਉਸ ਵਿਰੁੱਧ ਕਮਿਸ਼ਨ ਸਖ਼ਤ ਕਾਰਵਾਈ ਕਰੇਗਾ। ਕਮਿਸ਼ਨ ਮੈਂਬਰਾਂ ਨੇ ਇਸ ਮੌਕੇ ਨਾਭਾ ਦੇ ਪਿੰਡ ਕੁਲਾਰਾਂ ਦੀ ਵਸਨੀਕ ਹਰ ਕੌਰ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਲਈ ਦਿਤੇ ਥਾਂ ਦੇ ਬਦਲੇ ਥਾਂ ਲੈਣ, ਜੁਲਕਾਂ ਦੇ ਪਿੰਡ ਟੌਰਾਂ ਦੀ ਸੁਰਿੰਦਰ ਕੌਰ ਦੇ ਪਤੀ ਵਿਰੁੱਧ ਪੁਲਿਸ ਮਾਮਲਾ ਦਰਜ ਕਰਨ ਤੇ ਜਾਤੀ ਸੂਚਕ ਸ਼ਬਦ ਬੋਲਣ, ਧਰੇੜੀ ਜੱਟਾਂ ਦੇ ਪਰਮਿੰਦਰ ਸਿੰਘ ਦੀ ਕੁਟਮਾਰ ਤੇ ਗਾਲੀਗਲੋਚ ਆਦਿ ਦੀ ਸ਼ਿਕਾਇਤ, ਦੌਣ ਖੁਰਦ ਦੀ ਪਰਮਜੀਤ ਕੌਰ ਦੀ ਜਾਤੀ ਸੂਚਕ ਸ਼ਬਦ ਬੋਲਣ ਤੇ ਕੁੱਟਮਾਰ ਦੀ ਸ਼ਿਕਾਇਤ, ਮਵੀ ਪਿੰਡ ਦੇ ਅਵਤਾਰ ਸਿੰਘ ਦੀਆਂ ਭੇਡਾਂ ਨੂੰ ਜਹਿਰ ਦੇ ਕੇ ਮਾਰਨ ਤੇ ਜਾਤੀ ਸੂਚਕ ਸ਼ਬਦ ਬੋਲਣ ਤੋਂ ਇਲਾਵਾ ਮੌਕੇ ‘ਤੇ ਪੁੱਜੇ ਹੋਰ ਵੀ ਕਈ ਸ਼ਿਕਾਇਤ ਕਰਤਾਵਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਕੀਤੀ।

ਕਮਿਸ਼ਨ ਮੈਂਬਰਾਂ ਸ੍ਰੀਮਤੀ ਪਰਮਜੀਤ ਕੌਰ ਅਤੇ ਸ੍ਰੀ ਪ੍ਰਭਦਿਆਲ ਨੇ ਸਾਰੇ ਮਾਮਲਿਆਂ ‘ਚ ਸਮਾਂਬੱਧ ਰਿਪਰਟਾਂ ਤਲਬ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਮਾਮਲਿਆਂ ਦੀ ਗੰਭੀਰਤਾ ਨੂੰ ਦੇਖਦਿਆਂ ਇਨ੍ਹਾਂ ਬਾਰੇ ਜਮੀਨੀ ਹਕੀਕਤ ਜਾਣਨ ਲਈ ਉਨ੍ਹਾਂ ਨੇ ਸ਼ਿਕਾਇਤ ਕਰਤਾ ਧਿਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਅਤੇ ਜੇਕਰ ਕਿਸੇ ਵੀ ਮਾਮਲੇ ‘ਚ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਦੌਰਾਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਮੈਂਬਰਾਂ ਨੇ ਐਸ.ਡੀ.ਐਮਜ ਟੀ ਬੈਨਿਥ, ਅੰਕੁਰਜੀਤ ਸਿੰਘ, ਚਰਨਜੀਤ ਸਿੰਘ, ਡਾ. ਸੰਜੀਵ ਕੁਮਾਰ ਅਤੇ ਕੰਨੂੰ ਗਰਗ ਤੋਂ ਇਲਾਵਾ ਐਸ.ਪੀ. ਸਥਾਨਕ ਹਰਕੰਵਲ ਕੌਰ ਅਤੇ ਸਬੰਧਤ ਡੀ.ਐਸ.ਪੀਜ, ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਸੁਖਸਾਗਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਚੈਨ ਸਿੰਘ ਤੇ ਤਹਿਸੀਲਦਾਰਾਂ ਰਾਮ ਕਿਸ਼ਨ, ਰਣਜੀਤ ਸਿੰਘ, ਮਨਦੀਪ ਕੌਰ, ਗੁਰਲੀਨ ਕੌਰ, ਅਰਜਨ ਗਰੇਵਾਲ ਆਦਿ ਨਾਲ ਵੀ ਗੱਲਬਾਤ ਕੀਤੀ।

Leave a Reply

Your email address will not be published. Required fields are marked *