ਪਟਿਆਲਾ

ਪੰਜਾਬੀ ਯੂਨੀਵਰਸਿਟੀ ਦੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਦਾ ਘੇਰਾ ਹੋਰ ਮੋਕਲ਼ਾ

ਪਟਿਆਲਾ, 9 ਮਈ- (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਅਗਵਾਈ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਛੇੜੀ ਗਈ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਪਿਛਲੇ ਦਿਨੀਂ ਯੂਨੀਵਰਸਿਟੀ ਕੈਂਪਸ ਵਿੱਚ ਜਾਅਲ੍ਹੀ ਬਿਲਾਂ ਵਾਲੇ ਘਪਲੇ ਦਾ ਪਰਦਾਫਾਸ਼ ਕੀਤਾ ਗਿਆ ਸੀ ਜਿਸ ਦੀਆਂ ਹੋਰ ਪਰਤਾਂ ਖੋਲ੍ਹਣ ਲਈ ਹਾਲੇ ਵੀ ਜਾਂਚ ਜਾਰੀ ਹੈ। ਇਸੇ ਮੁਹਿੰਮ ਤਹਿਤ ਹੁਣ ਅਕਾਦਮਿਕ ਭ੍ਰਿਸ਼ਟਾਚਾਰ ਸਮੇਤ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੌਲਰੈਂਸ ਦੀ ਨੀਤੀ ਨੂੰ ਜਾਰੀ ਰੱਖਦਿਆਂ ਪੰਜਾਬੀ ਯੂਨੀਵਰਸਿਟੀ ਨੇ ਹਾਲ ਹੀ ਵਿੱਚ ਆਪਣੇ 16 ਮਾਨਤਾ ਪ੍ਰਾਪਤ ਕਾਲਜਾਂ ’ਤੇ ਇੱਕੋ ਸਮੇਂ ਅਚਨਚੇਤ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਡੰਮੀ ਦਾਖ਼ਲਿਆਂ ਸਮੇਤ ਵੱਖ-ਵੱਖ ਗੜਬੜੀਆਂ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਯੂਨੀਵਰਸਿਟੀ ਅਧਿਕਾਰੀਆਂ ਅਨੁਸਾਰ ਇਨ੍ਹਾਂ ਕਾਲਜਾਂ ਵਿਰੁੱਧ ਅਯੋਗ ਸਟਾਫ਼, ਗੈਰ-ਹਾਜ਼ਰ ਵਿਦਿਆਰਥੀ, ਡੰਮੀ ਅਧਿਆਪਕਾਂ, ਅਧਿਆਪਕਾਂ ਨੂੰ ਘੱਟ ਤਨਖ਼ਾਹ, ਮਾੜੇ ਬੁਨਿਆਦੀ ਢਾਂਚੇ ਆਦਿ ਸਬੰਧੀ ਕਈ ਸ਼ਿਕਾਇਤਾਂ ਮਿਲੀਆਂ ਸਨ ਅਤੇ ਸੱਚਾਈ ਦੀ ਤਹਿ ਤੱਕ ਜਾਣ ਲਈ ਛਾਪੇਮਾਰੀ ਕੀਤੀ ਗਈ ਸੀ |

ਡੀਨ ਕਾਲਜ ਡਾ: ਗੁਰਪ੍ਰੀਤ ਸਿੰਘ ਲਹਿਲ ਨੇ ਦੱਸਿਆ ਕਿ ਪਾਰਦਰਸ਼ਤਾ ਲਈ ਸਾਰੇ ਮਾਨਤਾ ਪ੍ਰਾਪਤ ਕਾਲਜਾਂ ਵਿਚਲੇ ਸਾਰੇ ਕੋਰਸਾਂ, ਵਿਦਿਆਰਥੀਆਂ ਅਤੇ ਫੈਕਲਟੀ ਬਾਰੇ ਸਰਚਯੋਗ ਸੂਚਨਾ ਹਾਲ ਹੀ ਵਿੱਚ ਕਾਲਜਾਂ ਤੋਂ ਜਾਣਕਾਰੀ ਲੈ ਕੇ ਬਣਾਏ ਗਏ ਡੇਟਾਬੇਸ ਤੋਂ ਯੂਨੀਵਰਸਿਟੀ ਦੀ ਵੈੱਬਸਾਈਟ ‘ਤੇ ਅਪਲੋਡ ਕੀਤੀ ਗਈ ਸੀ ਪਰ ਇਨ੍ਹਾਂ ਕਾਲਜਾਂ ਨੇ ਡੰਮੀ ਫੈਕਲਟੀ ਡਾਟਾ ਸਪਲਾਈ ਕੀਤਾ, ਕਿਉਂਕਿ ਛਾਪੇਮਾਰੀ ਦੌਰਾਨ ਇਨ੍ਹਾਂ ਕਾਲਜਾਂ ਵੱਲੋਂ ਡਾਟਾਬੇਸ ਵਿੱਚ ਅਪਲੋਡ ਕੀਤੇ ਗਏ ਜ਼ਿਆਦਾਤਰ ਅਧਿਆਪਕ ਗਾਇਬ ਪਾਏ ਗਏ।

ਸੀਨੀਅਰ ਪ੍ਰੋਫ਼ੈਸਰਾਂ ਦੀ ਅਗਵਾਈ ਵਿੱਚ ਪੰਜ ਟੀਮਾਂ ਨੇ ਇਨ੍ਹਾਂ ਕਾਲਜਾਂ ਉੱਤੇ ਛਾਪੇਮਾਰੀ ਕੀਤੀ ਅਤੇ ਉਨ੍ਹਾਂ ਵੱਲੋਂ ਪੇਸ਼ ਰਿਪੋਰਟਾਂ ਅਨੁਸਾਰ ਇਨ੍ਹਾਂ ਕਾਲਜਾਂ ਵਿੱਚੋਂ ਕਈਆਂ ਵਿੱਚ ਤਾਂ ਕੋਈ ਵੀ ਵਿਦਿਆਰਥੀ ਮੌਜੂਦ ਨਹੀਂ ਸੀ ਅਤੇ ਕਈਆਂ ਵਿੱਚ ਬਹੁਤ ਘੱਟ ਵਿਦਿਆਰਥੀ ਮੌਜੂਦ ਸਨ। ਛਾਪੇਮਾਰੀ ਸਮੇਂ ਸਾਰੇ ਕਾਲਜਾਂ ਵਿੱਚ ਪ੍ਰਿੰਸੀਪਲ ਦੇ ਨਾਲ-ਨਾਲ ਜ਼ਿਆਦਾਤਰ ਸਟਾਫ਼ ਮੈਂਬਰ ਵੀ ਗਾਇਬ ਪਾਏ ਗਏ। ਜ਼ਿਆਦਾਤਰ ਕਲਾਸ-ਰੂਮਾਂ ਨੂੰ ਤਾਲੇ ਲੱਗੇ ਹੋਏ ਸਨ ਅਤੇ ਇੰਝ ਜਾਪਦਾ ਸੀ ਕਿ ਲੰਬੇ ਸਮੇਂ ਤੋਂ ਇੱਥੇ ਕੋਈ ਕਲਾਸ ਨਹੀਂ ਲੱਗੀ ਅਤੇ ਇੱਕ ਕਾਲਜ ਵਿੱਚ ਤਾਂ ਕਾਲਜ ਦੇ ਗੇਟ ਨੂੰ ਵੀ ਤਾਲਾ ਲੱਗਿਆ ਹੋਇਆ ਸੀ। ਇੱਕ ਕਾਲਜ ਦੂਜੇ ਕਾਲਜ ਦੀ ਇਮਾਰਤ ਵਿੱਚ ਆਪਣੀਆਂ ਕਲਾਸਾਂ ਲਗਾ ਰਿਹਾ ਸੀ। ਕੁੜੀਆਂ ਦੇ ਇੱਕ ਕਾਲਜ ਵਿੱਚ, ਕੁੜੀਆਂ ਦੇ ਕਾਲਜ ਵਾਲੀ ਇਮਾਰਤ ਵਿੱਚ ਮੁੰਡਿਆਂ ਦਾ ਹੋਸਟਲ ਚੱਲ ਰਿਹਾ ਸੀ। ਇੱਕ ਫਿਜੀਕਲ ਐਜੂਕੇਸ਼ਨ ਕਾਲਜ ਦਾ ਐਥਲੈਟਿਕ ਟਰੈਕ ਅਣਚਾਹੇ ਘਾਹ ਅਤੇ ਜੰਗਲੀ ਬੂਟੀਆਂ ਨਾਲ ਢਕਿਆ ਹੋਇਆ ਸੀ ਅਤੇ ਐਥਲੈਟਿਕ ਟਰੈਕ ਅਤੇ ਹੋਰ ਖੇਡ ਸਹੂਲਤਾਂ ਲੰਬੇ ਸਮੇਂ ਤੋਂ ਨਿਯਮਤ ਵਰਤੋਂ ਵਿੱਚ ਨਹੀਂ ਸਨ। ਇੱਕ ਲਾਅ ਕਾਲਜ ਵਿਚ ਐੱਲ.ਐੱਲ.ਬੀ. ਕੋਰਸ ਦਾ ਕੋਈ ਵੀ ਵਿਦਿਆਰਥੀ ਹਾਜ਼ਰ ਨਹੀਂ ਸੀ, ਜਦੋਂ ਕਿ ਬੀ.ਏ.ਐਲ.ਐਲ.ਬੀ. ਕੋਰਸ ਦੇ ਬਹੁਤ ਥੋੜ੍ਹੇ ਵਿਦਿਆਰਥੀ ਦੋ ਅਯੋਗ ਅਧਿਆਪਕਾਂ ਦੁਆਰਾ ਪੜ੍ਹਾਏ ਜਾ ਰਹੇ ਸਨ, ਜਿਨ੍ਹਾਂ ਵਿੱਚੋਂ ਇੱਕ ਅਧਿਆਪਕ ਅਜੇ ਐੱਮ.ਏ. ਕਰ ਰਿਹਾ ਸੀ। ਇਸ ਤੋਂ ਇਲਾਵਾ ਇਨ੍ਹਾਂ ਕਾਲਜਾਂ ਵਿੱਚੋਂ ਕਿਸੇ ਵਿੱਚ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਹਾਜ਼ਰੀ ਦਾ ਸਹੀ ਰਿਕਾਰਡ ਨਹੀਂ ਰੱਖਿਆ ਗਿਆ ਸੀ।

ਜਿਨ੍ਹਾਂ ਕਾਲਜਾਂ ਨੂੰ ਯੂਨੀਵਰਸਿਟੀ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ, ਉਹ ਨੈਨਸੀ ਕਾਲਜ ਆਫ਼ ਐਜੂਕੇਸ਼ਨ, ਨੈਨਸੀ ਕਾਲਜ ਆਫ਼ ਲਾਅ, ਹਾਰਦਿਕ ਕਾਲਜ ਆਫ਼ ਐਜੂਕੇਸ਼ਨ, ਰਹਿਬਰ ਇੰਸਟੀਚਿਊਟ ਆਫ਼ ਐਜੂਕੇਸ਼ਨ, ਆਸਰਾ ਕਾਲਜ ਆਫ਼ ਐਜੂਕੇਸ਼ਨ, ਰਾਮ ਆਸਰਾ ਕਾਲਜ ਆਫ਼ ਐਜੂਕੇਸ਼ਨ, ਵਿਦਿਆ ਸਾਗਰ ਕਾਲਜ ਆਫ਼ ਐਜੂਕੇਸ਼ਨ, ਕਰਨਲ ਕਾਲਜ ਆਫ਼ ਐਜੂਕੇਸ਼ਨ, ਕਰਨਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਸ਼ਿਵ ਸ਼ਕਤੀ ਕਾਲਜ ਆਫ਼ ਐਜੂਕੇਸ਼ਨ ਫਾਰ ਗਰਲਜ਼, ਬਗਲਾ ਮੁਖੀ ਕਾਲਜ ਆਫ਼ ਐਜੂਕੇਸ਼ਨ, ਮਹਾਰਾਜਾ ਅਗਰਸੈਨ ਕਾਲਜ ਆਫ਼ ਐਜੂਕੇਸ਼ਨ, ਸਵਾਮੀ ਦਯਾਨੰਦ ਕਾਲਜ ਆਫ਼ ਐਜੂਕੇਸ਼ਨ, ਸਵਾਮੀ ਵਿਵੇਕਾਨੰਦ ਕਾਲਜ ਆਫ਼ ਐਜੂਕੇਸ਼ਨ, ਯੂਨੀਵਰਸ ਪ੍ਰੋਫੈਸ਼ਨਲ ਕਾਲਜ ਆਫ਼ ਐਜੂਕੇਸ਼ਨ ਅਤੇ ਆਰੀਅਨਜ਼ ਕਾਲਜ ਆਫ਼ ਐਜੂਕੇਸ਼ਨ ਹਨ।

ਜਿ਼ਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਜਾਅਲ੍ਹੀ ਬਿਲਾਂ ਵਾਲੇ ਘਪਲ਼ੇ ਦਾ ਘੇਰਾ ਤਕਰੀਬਨ ਛੇ ਲੱਖ ਤੋਂ ਸ਼ੁਰੂ ਹੋ ਕੇ 14 ਕਰੋੜ ਰੁਪਏ ਪਾਰ ਕਰ ਗਿਆ ਹੈ। ਮੁਲਜ਼ਮਾਂ ਦੀ ਗਿਣਤੀ ਤਿੰਨ ਤੋਂ ਵਧ ਕੇ 107 ਹੋ ਗਈ ਹੈ ਜਿਨ੍ਹਾਂ ਵਿੱਚੋਂ ਚਾਲ਼ੀ ਦੀ ਸ਼ਨਾਖਤ ਹੋ ਚੁੱਕੀ ਹੈ। ਸਾਲ 2018 ਤੋਂ 2021 ਤੱਕ ਦੇ ਬਿਲਾਂ ਸੰਬੰਧੀ ਸ਼ੁਰੂ ਹੋਈ ਇਹ ਜਾਂਚ 2013 ਸੈਸ਼ਨ ਦੇ ਬਿਲਾਂ ਤੱਕ ਪਹੁੰਚ ਗਈ ਹੈ। ਮੁੱਖ ਮੁਲਜ਼ਮ ਨਿਸ਼ੂ ਚੌਧਰੀ ਦੇ ਨਾਮ ਨਾਲ਼ ਜਾਣੇ ਜਾਂਦੇ ਇਸ ਭ੍ਰਿਸ਼ਟਾਚਾਰ ਕੇਸ ਵਿੱਚ ਹੁਣ ਤੱਕ ਦੀ ਜਾਂਚ ਵਿੱਚ 16 ਯੂਨੀਵਰਸਿਟੀ ਕਰਮਚਾਰੀਆਂ ਦੀ ਸ਼ਮੂਲੀਅਤ ਸਾਫ਼ ਹੋ ਚੁੱਕੀ ਹੈ। ਯੂਨੀਵਰਸਿਟੀ ਨੇ ਕਾਰਵਾਈ ਕਰਦਿਆਂ ਦਸ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਹੈ ਅਤੇ ਛੇ ਕੰਟਰੈਕਟ/ਐਡਹਾਕ/ਦਿਹਾੜੀਦਾਰ ਕਰਮਚਾਰੀਆਂ ਨੂੰ ਬਰਖ਼ਾਸਤ ਕੀਤਾ ਗਿਆ ਹੈ। ਇਸ ਕੇਸ ਵਿੱਚ ਹੁਣ ਤੱਕ ਕੁੱਲ 14 ਕਰੋੜ ਰੁਪਏ ਤੋਂ ਵਧੇਰੇ ਦਾ ਘਪਲਾ ਸਾਹਮਣੇ ਆ ਚੁੱਕਾ ਹੈ।

Leave a Reply

Your email address will not be published. Required fields are marked *