ਅੰਮ੍ਰਿਤਸਰਪੰਜਾਬ

ਕੇਂਦਰੀ ਕਾਨੂੰਨ ਮੰਤਰੀ ਰਿਜਿਜੂ ਨਾਲ ਮੁਲਾਕਾਤ ਕਰਦਿਆਂ ਡਾ: ਰਾਜੂ ਨੇ ਕੇਜਰੀਵਾਲ ਖਿਲਾਫ ਪੁਲਿਸ ਕਾਰਵਾਈ ਬਾਰੇ ਕੀਤੀ ਚਰਚਾ।

ਦੇਸ਼ ਦੇ ਪ੍ਰਧਾਨ ਮੰਤਰੀ ਖਿਲਾਫ ਕੇਜਰੀਵਾਲ ਦੀਆਂ ਹਰਕਤਾਂ ਬਰਦਾਸ਼ਤ ਨਹੀਂ : ਡਾ. ਜਗਮੋਹਨ ਸਿੰਘ ਰਾਜੂ ।

ਅੰਮ੍ਰਿਤਸਰ 13 ਮਈ (ਮਧੂਸਾਰ ਬਿਊਰੋ) ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਜਗਮੋਹਨ ਸਿੰਘ ਰਾਜੂ ਸਾਬਕਾ ਆਈ ਏ ਐਸ ਨੇ ਅੱਜ ਦਿੱਲੀ ਵਿਖੇ ਕੇਂਦਰੀ ਕਾਨੂੰਨ ਮੰਤਰੀ ਸ਼੍ਰੀ ਕਿਰਨ ਰਿਜਿਜੂ ਨਾਲ ਮੁਲਾਕਾਤ ਕੀਤੀ। ਡਾ: ਰਾਜੂ ਨੇ ਕਾਨੂੰਨ ਮੰਤਰੀ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੀਆਂ ਗਈਆਂ ਇਤਰਾਜ਼ਯੋਗ ਗ਼ਲਤ ਬਿਆਨੀਆਂ ਨੂੰ ਲੈ ਕੇ ਕੇਜਰੀਵਾਲ ਦੇ ਖਿਲਾਫ ਬੀਤੇ ਦਿਨੀਂ ਮੁਹਾਲੀ ਵਿਖੇ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਬਰਾਂਚ ਕੋਲ ਦਾਇਰ ਕੀਤੀ ਗਈ ਪੁਲਿਸ ਸ਼ਿਕਾਇਤ ਦੇ ਮਾਮਲੇ ਵਿੱਚ ਅਗਲੀ ਕਾਰਵਾਈ ਬਾਰੇ ਵਿਚਾਰ ਵਟਾਂਦਰਾ ਕੀਤਾ। ਡਾ: ਰਾਜੂ ਨੇ 9 ਮਈ ਨੂੰ ਮੋਹਾਲੀ ਵਿਖੇ ਕੇਜਰੀਵਾਲ ਵਿਰੁੱਧ ਦਿੱਤੀ ਗਈ ਸ਼ਿਕਾਇਤ ਦੇ ਬਾਵਜੂਦ ਇਸ ‘ਤੇ ਕਾਰਵਾਈ ਕਰਨ ਵਿਚ ਪੰਜਾਬ ਪੁਲਿਸ ਦੇ ਵੱਲੋਂ ਦਿਖਾਈ ਜਾ ਰਹੀ ਢਿੱਲਮੱਠ ਅਤੇ ਅਵੇਸਲੇਪਣ ਬਾਰੇ ਕੇਂਦਰੀ ਕਾਨੂੰਨ ਮੰਤਰੀ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਸ਼ਿਕਾਇਤ ਮਿਲਣ ਬਾਰੇ ਤਾਂ ਮੰਨਦੀ ਹੈ ਪਰ ਠੋਸ ਸਬੂਤਾਂ ਦੇ ਬਾਵਜੂਦ ਅਜੇ ਤੱਕ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ।

ਇਸ ਬਾਰ ਭਾਜਪਾ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਵੱਲੋਂ ਦਿੱਤੀ ਗਈ ਜਾਣਕਾਰੀ ’ਚ ਡਾ: ਰਾਜੂ ਨੇ ਪ੍ਰੈੱਸ ਨੂੰ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਜਨਤਕ ਰੈਲੀਆਂ ਅਤੇ ਸੋਸ਼ਲ ਮੀਡੀਆ ’ਤੇ ਕਈ ਵਾਰ ਇਤਰਾਜ਼ਯੋਗ ਭਾਸ਼ਾ ਦੀ ਹੀ ਵਰਤੋਂ ਨਹੀਂ ਕੀਤੀ ਸਗੋਂ ਲੋਕਾਂ ਵੱਲੋਂ ਚੁਣੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ’ਤੇ ਦੇਸ਼-ਧ੍ਰੋਹੀ ਦੇ ਬੇਬੁਨਿਆਦ ਇਲਜ਼ਾਮਾਂ ਰਾਹੀਂ ਆਮ ਲੋਕਾਂ ਅਤੇ ਫ਼ੌਜੀ ਜਵਾਨਾਂ ਵਿਚ ਭੜਕਾਹਟ ਪੈਦਾ ਕਰਨ ਦੀ ਕੋਸ਼ਿਸ਼ ਕਰਦਿਆਂ ਰਾਸ਼ਟਰੀ ਸੁਰੱਖਿਆ ਨੂੰ ਵੀ ਖ਼ਤਰੇ ਵਿਚ ਪਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ ਰਿਹਾ। ਭਾਜਪਾ ਆਗੂ ਡਾ: ਰਾਜੂ ਨੇ ਅੱਗੇ ਕਿਹਾ ਕਿ ਕੇਜਰੀਵਾਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਇਰ, ਮਨੋਰੋਗੀ, ਪਾਕਿਸਤਾਨ ਅਤੇ ਅਤਿਵਾਦੀਆਂ ਨਾਲ ਸੈਟਿੰਗ ਵਰਗੇ ਇਤਰਾਜ਼ਯੋਗ, ਗੁਮਰਾਹਕੁਨ, ਬੇਬੁਨਿਆਦ ਅਤੇ ਭੜਕਾਊ ਬਿਆਨਾਂ ਰਾਹੀਂ ਸਮਾਜ ਵਿਚ ਨਫ਼ਰਤ ਫੈਲਾਉਣ, ਸ਼ਾਂਤੀ ਭੰਗ ਕਰਨ ਅਤੇ ਅਰਾਜਕਤਾ ਪੈਦਾ ਕਰਨ ਦੀ ਕੋਸ਼ਿਸ਼ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ’ਆਪ’ ਦੀ ਸਰਕਾਰ ’ਚ ਪੰਜਾਬ ਵਿਚ ਪੁਲੀਸ ਦਾ ਸਿਆਸੀ ਕਰਨ ਹੋ ਚੁੱਕਿਆ ਹੈ। ਪੁਲੀਸ ਦੀ ਵਰਤੋਂ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਕਰਨ ਦੀ ਥਾਂ ਮਿਹਨਤਕਸ਼ ਆਮ ਲੋਕਾਂ, ਸਰਕਾਰੀ ਕਰਮਚਾਰੀਆਂ ਤੇ ਸਿਆਸੀ ਵਿਰੋਧੀਆਂ ਨੂੰ ਡਰਾਉਣ, ਧਮਕਾਉਣ ਤੇ ਦਬਾਉਣ ਲਈ ਕੀਤੀ ਜਾ ਰਹੀ ਹੈ। ਡਾ: ਰਾਜੂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਖਿਲਾਫ ਕੇਜਰੀਵਾਲ ਦੀਆਂ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਅਤੇ ਉਹ ਕੇਜਰੀਵਾਲ ਖਿਲਾਫ ਕਾਰਵਾਈ ਕਰਾਉਣ ਤੋਂ ਪਿੱਛੇ ਨਹੀਂ ਹਟਣਗੇ। ਕੈਪਸ਼ਨ : ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨਾਲ ਮੁਲਾਕਾਤ ਕਰਦਿਆਂ ਭਾਜਪਾ ਆਗੂ ਡਾ: ਜਗਮੋਹਨ ਸਿੰਘ ਰਾਜੂ ਨੇ ਕੇਜਰੀਵਾਲ ਖਿਲਾਫ ਪੁਲਿਸ ਕਾਰਵਾਈ ਬਾਰੇ ਕੀਤੀ ਚਰਚਾ।

Leave a Reply

Your email address will not be published. Required fields are marked *