ਅੰਮ੍ਰਿਤਸਰਪੰਜਾਬਪਟਿਆਲਾ

ਸਰਹਿੰਦ ਫ਼ਤਹਿ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਨੇ ਕਰਵਾਏ ਗਤਕਾ ਮੁਕਾਬਲੇ

ਸ੍ਰੀ ਫਤਹਿਗੜ੍ਹ ਸਾਹਿਬ, 13 ਮਈ-(ਮਧੂਸਾਰ ਬਿਊਰੋ) ਸਰਹਿੰਦ ਫਤਹਿ ਦਿਵਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਗੱਤਕਾ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਪੰਜਾਬ, ਹਰਿਆਣਾ ਅਤੇ ਦਿੱਲੀ ਦੀਆਂ ਚੌਣਵੀਆਂ ਗਤਕਾ ਟੀਮਾਂ ਨੇ ਹਿੱਸਾ ਲਿਆ। ਮੁਕਾਬਲਿਆਂ ਦੀ ਆਰੰਭਤਾ ਅਰਦਾਸ ਨਾਲ ਹੋਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਤੇ ਅਕਾਲੀ ਆਗੂ ਸ. ਜਗਦੀਪ ਸਿੰਘ ਚੀਮਾ ਨੇ ਗਤਕਾ ਟੀਮਾਂ ਦੀ ਹੌਸਲਾ ਅਫਜਾਈ ਕੀਤੀ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਚਪੜਚਿੜ੍ਹੀ ਵਿਖੇ ਹਕੂਮਤ ਨੂੰ ਹਰਾ ਕੇ ਸਰਹਿੰਦ ਵਿਖੇ ਪਹੁੰਚਣ ਦੀ ਯਾਦ ਵਿਚ ਸਿੱਖ ਪੰਥ ਵੱਲੋਂ ਫਤਹਿ ਮਾਰਚ ਕੀਤਾ ਜਾਂਦਾ ਹੈ, ਜੋ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਸੰਪੂਰਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਨੌਜੁਆਨਾਂ ਅੰਦਰ ਸਿੱਖ ਸ਼ਸਤਰ ਕਲਾ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਗਤਕਾ ਮੁਕਾਬਲੇ ਕਰਵਾਏ ਜਾਂਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੁੜਨ ਦੀ ਪ੍ਰੇਰਨਾ ਕੀਤੀ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਇਤਿਹਾਸ ਦੀ ਸਾਂਝ ਪਾਈ ਅਤੇ ਗਤਕਾ ਮੁਕਾਬਲੇ ਵਿਚ ਪਹੁੰਚੀਆਂ ਟੀਮਾਂ ਨੂੰ ਜੀ ਆਇਆਂ ਕਿਹਾ। ਅੱਜ ਹੋਏ ਗਤਕਾ ਮੁਕਾਬਲਿਆਂ ਵਿਚ ਨੌਜੁਆਨਾਂ ਨੇ ਪ੍ਰਦਰਸ਼ਨ ਅਤੇ ਫਾਈਟ ਵਿਚ ਬਾਖੂਬੀ ਪੇਸ਼ਕਾਰੀ ਦਿੱਤੀ। ਗਤਕਾ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੁਨੀਵਰਸਿਟੀ ਫਤਹਿਗੜ੍ਹ ਸਾਹਿਬ, ਰਣਜੀਤ ਅਖਾੜਾ ਨਿਹੰਗ ਸਿੰਘਾਂ ਪਟਿਆਲਾ, ਬਾਬਾ ਜਿਊਨ ਸਿੰਘ ਗਤਕਾ ਅਖਾੜਾ ਪਥਰਾਲਾ, ਬਠਿੰਡਾ, ਬੀਰ ਖਾਲਸਾ ਦਲ ਅੰਬਾਲਾ, ਸੁਰਜੀਤ ਗਤਕਾ ਅਖਾੜਾ ਮੋਗਾ, ਗੁਰੂ ਹਰਿਗੋਬਿੰਦ ਗਤਕਾ ਅਖਾੜਾ, ਗੁਰੂ ਤੇਗ ਬਹਾਦਰ ਸਾਹਿਬ ਗਤਕਾ ਅਖਾੜਾ ਵੱਲ੍ਹਾ, ਬਾਬਾ ਬਿਧੀਚੰਦ ਗਤਕਾ ਅਖਾੜਾ ਅੰਮ੍ਰਿਤਸਰ, ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਾ ਮਾਣੂਕੇ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਗਤਕਾ ਅਖਾੜਾ ਪਾਉਂਟਾ ਸਾਹਿਬ, ਸ਼ਹੀਦ ਬਾਬਾ ਦੀਪ ਸਿੰਘ ਰਣਜੀਤ ਅਖਾੜਾ ਦਿੱਲੀ, ਗੁਰੂ ਹਰਿਗੋਬਿੰਦ ਸਾਹਿਬ ਗਤਕਾ ਅਖਾੜਾ ਦੀਆਂ ਟੀਮਾਂ ਨੇ ਗਤਕੇ ਦੇ ਜੌਹਰ ਵਿਖਾਏ। ਇਸ ਮੌਕੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਘੇੜਾ, ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਦੇ ਮੈਨੇਜਰ ਸ. ਨੱਥਾ ਸਿੰਘ, ਸ. ਬਲਵਿੰਦਰ ਸਿੰਘ ਭਮਾਰਸੀ, ਸ. ਗੁਰਦੀਪ ਸਿੰਘ ਸ਼ੇਖੂਪੁਰ, ਸ. ਗੁਰਤੇਜ ਸਿੰਘ ਖਾਲਸਾ, ਸ. ਗੁਰਪ੍ਰੀਤ ਸਿੰਘ ਖਾਲਸਾ, ਮਾਸਟਰ ਗੁਰਚਰਨ ਸਿੰਘ ਦਿੱਲੀ ਸ. ਸੁਪ੍ਰੀਤ ਸਿੰਘ ਗਤਕਾ ਕੋਚ ਆਦਿ ਮੌਜੂਦ ਸਨ।

Leave a Reply

Your email address will not be published. Required fields are marked *