ਪਟਿਆਲਾ ਜ਼ੋਨ ਦਾ ਅੰਤਰ-ਕਾਲਜ ਜੋਗ੍ਰਾਫਿਕਲ ਕੁਇਜ਼ ਕਰਾਇਆ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਮਹਿੰਦਰਾ ਜੋਗ੍ਰਾਫਿਕਲ ਸੁਸਾਇਟੀ ਵੱਲੋਂ ਐਸੋਸੀਏਸ਼ਨ ਆਫ ਪੰਜਾਬ ਜਾਗਰਾਫਰ ਦੇ ਸਹਿਯੋਗ ਨਾਲ ਸਰਕਾਰੀ ਮਹਿੰਦਰਾ ਕਾਲਜ ਵਿੱਚ ਪ੍ਰਿੰਸਿਪਲ ਡਾ ਸਿਮਰਤ ਕੌਰ ਦੀ ਅਗਵਾਈ ਹੇਠ ਅੰਤਰ-ਕਾਲਜ ਜਿਓਗ੍ਰਾਫੀਕਲ ਕੁਇਜ਼ ਕਰਵਾਇਆ ਗਿਆ। ਇਸ ਕੁਇੱਜ਼ ਵਿੱਚ ਪਟਿਆਲਾ ਅਤੇ ਪਟਿਆਲਾ ਦੇ ਆਸ-ਪਾਸ ਦੇ ਕਾਲਜਾਂ ਦੀ ਨੌਂ ਟੀਮਾਂ ਨੇ ਹਿੱਸਾ ਲਿਆ। ਡਾ. ਧਰਮ ਸਿੰਘ, ਰਜਿਸਟਰਾਰ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਤੋਂ ਮੁੱਖ ਮਹਿਮਾਨ ਵੱਜੋਂ ਪੁੱਜੇ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋਫੈਸਰ ਬਰਜਿੰਦਰ ਸਿੰਘ ਪ੍ਰੋਗਰਾਮ ਤੇ ਵਿਸ਼ੇਸ਼ ਮਹਿਮਾਨ ਸਨ। ਉਨ੍ਹਾਂ ਨੇ ਬੱਚਿਆਂ ਦੀ ਹੌਂਸਲਾ ਅਫਜਾਈ ਕਰਦਿਆਂ ਆਖਿਆ ਕਿ ਅਜਿਹੇ ਕੰਪੀਟਿਸ਼ਨ ਅੱਜ ਦੀ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੇ ਹਨ ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪ੍ਰੋਫ਼ੈਸਰ ਕਮਲਜੀਤ ਕੌਰ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਲਿਖਤੀ ਪ੍ਰੀਖਿਆ ਦਾ ਨਤੀਜਾ ਦੱਸ ਕੇ ਕੁਇੱਜ਼ ਸ਼ੁਰੂ ਕਰਾਇਆ। ਪ੍ਰੋਫੈਸਰ ਰਣਦੀਪ ਸਿੰਘ ਨੇ ਕੁਇੱਜ਼ ਮਾਸਟਰ ਦੀ ਭੂਮਿਕਾ ਨਿਭਾਈ ਅਤੇ ਪ੍ਰੋਫੈਸਰ ਸੁਖਪ੍ਰੀਤ ਸਿੰਘ ਨੇ ਸਟੇਜ ਸੰਭਾਲਿਆ। ਕੁਇੱਜ਼ ਵਿਚ ਜੇਤੂ ਖਾਲਸਾ ਕਾਲਜ ਦੀ ਟੀਮ ਰਹੀ ਅਤੇ ਦੂਜਾ ਸਥਾਨ ਮੋਦੀ ਕਾਲਜ ਦੀ ਟੀਮ ਨੇ ਹਾਸਲ ਕੀਤਾ। ਅੰਤ ਵਿੱਚ ਪ੍ਰੋਫੈਸਰ ਪਵਿੱਤਰ ਪੁਨੀਤ ਕੌਰ ਨੇ ਆਏ ਹੋਏ ਸਾਰੇ ਮਹਿਮਾਨਾਂ, ਟੀਮਾਂ, ਉਨ੍ਹਾਂ ਦੇ ਇੰਚਾਰਜ, ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਵਿਭਾਗ ਦੇ ਮੁਖੀ ਪ੍ਰੋਫੈਸਰ ਨਵਜੋਤ ਸਿੰਘ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈਆਂ ਦਿੱਤੀਆਂ ਅਤੇ ਬਾਕੀ ਟੀਮਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

