ਐਸ.ਡੀ.ਐਮ ਪਾਤੜਾਂ ਨੇ ਕੀਤਾ ਕੇ.ਐਸ.ਬੀ. ਵਰਲਡ ਸਕੂਲ ਦਾ ਦੌਰਾ
ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਕੀਤਾ ਪ੍ਰੇਰਿਤ

ਪਾਤੜਾਂ (ਪਟਿਆਲਾ), 30 ਮਈ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਐਸ.ਡੀ.ਐਮ, ਪਾਤੜਾਂ ਨਵਦੀਪ ਕੁਮਾਰ ਨੇ ਅੱਜ ਕੇ.ਐਸ.ਬੀ. ਵਰਲਡ ਸਕੂਲ ਪਾਤੜਾਂ ਦਾ ਦੌਰਾ ਕੀਤਾ। ਇਸ ਮੌਕੇ ਉਹ ਦਸਵੀਂ ਕਲਾਸ ਦੇ ਵਿਦਿਆਰਥੀਆਂ ਨਾਲ ਰੂਬਰੂ ਹੋਏ ਅਤੇ ਉਨ੍ਹਾਂ ਨੂੰ ਚੰਗੀ ਉਚੇਰੀ ਵਿੱਦਿਆ ਹਾਸਲ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਉਨ੍ਹਾਂ ਮੁਕਾਬਲਿਆਂ ਦੀ ਪ੍ਰੀਖਿਆ ਦੀ ਤਿਆਰ ਸਬੰਧੀ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੀ.ਸੀ.ਐਸ. ਅਤੇ ਆਈ.ਏ.ਐਸ. ਦੀ ਤਿਆਰੀ ਕਰਨੀ ਇੰਨੀ ਔਖੀ ਵੀ ਨਹੀਂ ਤੇ ਆਸਾਨ ਵੀ ਨਹੀਂ ਹੈ, ਬੱਸ ਜ਼ਰੂਰਤ ਹੁੰਦੀ ਹੈ ਇੱਕ ਦ੍ਰਿੜ੍ਹ ਇਰਾਦੇ ਤੇ ਮਿਹਨਤ ਦੀ, ਨਾਲ ਹੀ, ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਸਮੇਂ, ਤੁਹਾਨੂੰ ਮਹੱਤਵਪੂਰਨ ਗਿਆਨ ਪ੍ਰਾਪਤ ਹੁੰਦਾ ਹੈ ਕਿ ਤੁਸੀਂ ਇੱਕ ਸੂਝਵਾਨ ਅਤੇ ਚੰਗੀ ਬਿਰਤੀ ਵਾਲੇ ਵਿਅਕਤੀ ਵੀ ਬਣ ਜਾਂਦੇ ਹੋ। ਜਿਸ ਨਾਲ ਤੁਸੀਂ ਆਪਣੇ ਸਾਥੀਆਂ ਅਤੇ ਪਰਿਵਾਰਕ ਮੈਂਬਰਾਂ ਅਤੇ ਸਮਾਜ ਵਿਚਕਾਰ ਮਾਣ ਮਹਿਸੂਸ ਕਰਦੇ ਹੋ।
ਅਖੀਰ ਵਿੱਚ, ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਇੱਕ ਵਾਰ ਇਨ੍ਹਾਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਪ੍ਰੇਰਿਆ ਅਤੇ ਕਿਤਾਬਾਂ ਨੂੰ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨ ਦੇ ਮਨੋਰਥ ਨਾਲ ਪੜ੍ਹਨ ਲਈ ਕਿਹਾ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ੇ ਵਰਗੀ ਅਲਾਮਤ ਤੋਂ ਦੂਰ ਰਹਿਕੇ ਸਮਾਜ ’ਚ ਆਪਣਾ ਵੱਖਰਾ ਮੁਕਾਮ ਬਣਾਉਣ ਲਈ ਵੀ ਪ੍ਰੇਰਿਤ ਕੀਤਾ। ਸਕੂਲ ਦੇ ਪ੍ਰਿੰਸੀਪਲ ਅਨੀਤਾ ਸਹੂਜਾ ਜੋ ਐਸ.ਡੀ.ਐਮ ਨਵਦੀਪ ਕੁਮਾਰ ਦੇ ਸਾਇੰਸ ਦੇ ਅਧਿਆਪਕ ਵੀ ਰਹੇ ਹਨ ਨੇ ਵਿਦਿਆਰਥੀਆਂ ਨਾਲ ਖੁਸ਼ੀ ਸਾਂਝੀ ਕਰਦਿਆ ਕਿਹਾ ਕਿ ਇੱਕ ਅਧਿਆਪਕ ਲਈ ਬਹੁਤ ਹੀ ਮਾਣ ਵਾਲਾ ਪਲ ਹੁੰਦਾ ਹੈ ਜਦ ਉਨ੍ਹਾਂ ਦਾ ਪੜਾਇਆ ਵਿਦਿਆਰਥੀ ਕਿਸੇ ਚੰਗੇ ਅਹੁਦੇ ਤੇ ਪਹੁੰਚ ਕੇ ਅਧਿਆਪਕ ਦੇ ਮੌਜੂਦਾ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਸਫ਼ਰ ਬਾਰੇ ਸੰਬੋਧਿਤ ਕਰਦਾ ਹੈ ਅਤੇ ਉਹ ਚਾਹੁੰਦੇ ਹਨ ਕਿ ਕੇ.ਐਸ.ਬੀ. ਵਰਲਡ ਸਕੂਲ ਦੇ ਸਾਰੇ ਵਿਦਿਆਰਥੀ ਆਪਣੇ ਜੀਵਨ ਵਿੱਚ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਰਹਿਣ।

