ਪਟਿਆਲਾ

ਸਨਅਤਕਾਰ ਲੋਕਾਂ ਦੀ ਜਿੰਦਗੀ ਬਦਲਣ ਲਈ ਖ਼ਰਚਣ ਆਪਣੇ ਸੀ.ਐਸ.ਆਰ. ਫੰਡ-ਸਾਕਸ਼ੀ ਸਾਹਨੀ

ਡੀ.ਸੀ. ਨੇ ਸਨਅਤਾਂ ਨੂੰ ਸੀ.ਐਸ.ਆਰ. ਤਹਿਤ ਜ਼ਿਲ੍ਹੇ ‘ਚ ਵਿਕਸਤ ਕੀਤੇ ਜਾਣ ਵਾਲੇ ਤਰਜੀਹੀ ਪ੍ਰਾਜੈਕਟਾਂ ਤੋਂ ਜਾਣੂ ਕਰਵਾਇਆ

ਪਟਿਆਲਾ ਜ਼ਿਲ੍ਹੇ ‘ਚ ਸਿਹਤ ਤੇ ਸਿੱਖਿਆ ਸਮੇਤ 8 ਤਰਜੀਹੀ ਖੇਤਰਾਂ ਦੇ 33 ਪ੍ਰਾਜੈਕਟਾਂ ‘ਚ ਸੀ.ਐਸ.ਆਰ. ਫੰਡ ਖਰਚੇ ਜਾਣ ਦੀ ਲੋੜ-ਸਾਕਸ਼ੀ ਸਾਹਨੀ

ਪਟਿਆਲਾ, 1 ਜੂਨ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਜ਼ਿਲ੍ਹੇ ਦੇ ਸਨਅਤਕਾਰਾਂ ਨਾਲ ਮੀਟਿੰਗ ਕਰਕੇ ਉਦਯੋਗਾਂ ਵੱਲੋਂ ਸੀ.ਐਸ.ਆਰ. (ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਟੀ) ਤਹਿਤ ਖ਼ਰਚੇ ਜਾਂਦੇ ਫੰਡਾਂ ਦੇ ਬਿਹਤਰ ਨਤੀਜਿਆਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰ ਕੀਤੇ ਵੱਖ-ਵੱਖ ਤਰਜੀਹੀ ਪ੍ਰਾਜੈਕਟਾਂ ਬਾਰੇ ਜਾਣੂ ਕਰਵਾਇਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਨਅਤਾਂ ਵੱਲੋਂ ਸੀ.ਐਸ.ਆਰ. ਤਹਿਤ ਜੋ ਫੰਡ ਖਰਚੇ ਜਾਂਦੇ ਹਨ, ਉਨ੍ਹਾਂ ਦਾ ਲਾਭ ਲੋਕਾਂ ਦੀ ਜਿੰਦਗੀ ‘ਚ ਬਦਲਾਓ ਲਿਆਉਣ ਲਈ ਹੋਣਾ ਚਾਹੀਦਾ ਹੈ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਨਅਤਾਂ ਦੀ ਸਹੂਲਤ ਵਾਸਤੇ ਸਿਹਤ, ਸਿੱਖਿਆ, ਵੈਟਰਨਰੀ ਸਾਇੰਸ, ਵਾਤਾਵਰਨ ਸੰਭਾਲ, ਲੋਕ ਭਲਾਈ, ਭੋਜਨ ਸੁਰੱਖਿਆ, ਹੁਨਰ ਵਿਕਾਸ ਅਤੇ ਰੋਜ਼ਗਾਰ ਅਤੇ ਕਮਿਉਨਿਟੀ ਬਿਲਡਿੰਗ ਸੈਕਟਰਾਂ ਦੇ 33 ਪ੍ਰਾਜੈਕਟ ਤਿਆਰ ਕੀਤੇ ਹਨ, ਜਿਨ੍ਹਾਂ ਲਈ ਕਰੀਬ 4046.39 ਲੱਖ ਰੁਪਏ ਦੇ ਫੰਡ ਲੋੜੀਂਦੇ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਉਦਯੋਗਿਕ ਇਕਾਈਆਂ ਦਾ ਮਕਸਦ ਬਿਹਤਰ ਸਮਾਜ ਦੀ ਸਿਰਜਣਾ ਹੈ, ਜਿਸ ਲਈ ਜ਼ਿਲ੍ਹੇ ਅੰਦਰਲੀਆਂ ਸਨਅਤਾਂ ਪ੍ਰਸ਼ਾਸਨ ਵੱਲੋਂ ਤਿਆਰ ਵੱਖ-ਵੱਖ ਸੈਕਟਰਾਂ ਦੇ ਪ੍ਰਾਜੈਕਟਾਂ ‘ਚ ਆਪਣੀ ਰੁਚੀ ਤੇ ਸਹੂਲਤ ਮੁਤਾਬਕ ਤਜਵੀਜ਼ ਤਿਆਰ ਕਰਨ ਤਾਂ ਕਿ ਸੀ.ਐਸ.ਆਰ. ਫੰਡਾਂ ਦੀ ਸਦਵਰਤੋਂ ਨਾਲ ਲੋਕਾਂ ਦੀ ਜਿੰਦਗੀ ਬਦਲ ਸਕੇ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਵੱਲੋਂ ਕੰਪਨੀਆਂ ਦੇ ਸੀ.ਐਸ.ਆਰ. ਫੰਡਾਂ ਦੀ ਵਰਤੋਂ ‘ਚ ਕੋਈ ਦਖਲ ਅੰਦਾਜੀ ਨਹੀਂ ਕਰੇਗਾ ਸਗੋਂ ਵੱਖ-ਵੱਖ ਵਿਭਾਗਾਂ ਰਾਹੀਂ ਇਨ੍ਹਾਂ ਪ੍ਰਾਜੈਕਟਾਂ ਦੀ ਸਥਾਈ ਦੇਖਭਾਲ ਯਕੀਨੀ ਬਣਾਈ ਜਾਵੇਗੀ।

ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ ਨੇ ਜ਼ਿਲ੍ਹੇ ‘ਚ ਸੀ.ਐਸ.ਆਰ. ਫੰਡਾਂ ਨਾਲ ਕਰਵਾਏ ਜਾਣ ਵਾਲੇ ਲੋਕ ਹਿਤ ਦੇ ਕੰਮਾਂ ਦੀ ਵਿਸਥਾਰ ‘ਚ ਜਾਣਕਾਰੀ ਪ੍ਰਦਾਨ ਕੀਤੀ। ਮੀਟਿੰਗ ‘ਚ ਪੁੱਜੇ ਵੱਖ-ਵੱਖ ਸਨਅਤਕਾਰਾਂ ਅਤੇ ਉਦਯੋਗਾਂ ਦੇ ਨੁਮਾਇੰਦਿਆਂ ਨੇ ਆਪਣੇ ਸੀ.ਐਸ.ਆਰ. ਫੰਡਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰ ਕੀਤੇ ਵੱਖ-ਵੱਖ ਤਰਜੀਹੀ ਪ੍ਰਾਜੈਕਟਾਂ ‘ਚ ਲਗਾਉਣ ਦਾ ਭਰੋਸਾ ਦਿੱਤਾ। ਪੰਜਾਬ ਸੀ.ਐਸ.ਆਰ. ਅਥਾਰਟੀ ਦੇ ਸਲਾਹਕਾਰ ਐਸ.ਐਮ. ਗੋਇਲ ਨੇ ਕੰਪਨੀ ਐਕਟ ਤਹਿਤ ਸੀ.ਐਸ.ਆਰ. ਫੰਡਾਂ ਨੂੰ ਖ਼ਰਚੇ ਜਾਣ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਜੀ.ਐਮ. ਅੰਗਦ ਸਿੰਘ ਸੋਹੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *