ਨਮਨ ਸਿੰਗਲਾ ਦੀ ਮਿਹਨਤ ਪਟਿਆਲਾ ਦੇ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ-ਸਾਕਸ਼ੀ ਸਾਹਨੀ
ਡਿਪਟੀ ਕਮਿਸ਼ਨਰ ਵੱਲੋਂ ਯੂ.ਪੀ.ਐਸ.ਸੀ. ਦੀ ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕਰਨ ਵਾਲੇ ਪਟਿਆਲਾ ਦੇ ਨੌਜਵਾਨ ਨਮਨ ਸਿੰਗਲਾ ਤੇ ਉਸਦੇ ਮਾਪਿਆਂ ਨਾਲ ਮੁਲਾਕਾਤ

ਪਟਿਆਲਾ, 1 ਜੂਨ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਯੂ.ਪੀ.ਐਸ.ਸੀ. ਦੀ ਵਕਾਰੀ ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕਰਕੇ ਪਟਿਆਲਾ ਸਮੇਤ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਵਾਲਾ ਨੌਜਵਾਨ ਨਮਨ ਸਿੰਗਲਾ ਜ਼ਿਲ੍ਹੇ ਦੇ ਸਮੂਹ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਹੈ। ਡਿਪਟੀ ਕਮਿਸ਼ਨਰ ਨੇ ਅੱਜ ਸਵੇਰੇ ਇੱਥੇ ਆਪਣੇ ਦਫ਼ਤਰ ਵਿਖੇ ਯੂ.ਪੀ.ਐਸ.ਸੀ. ਸਿਵਲ ਸੇਵਾਵਾਂ ਦੀ ਪ੍ਰੀਖਿਆ ਵਿੱਚ ਪਹਿਲੀ ਕੋਸ਼ਿਸ਼ ‘ਚ ਮੁਲਕ ‘ਚੋਂ 47ਵਾਂ ਸਥਾਨ ਹਾਸਲ ਕਰਨ ਵਾਲੇ ਨਮਨ ਸਿੰਗਲਾ ਅਤੇ ਉਸਦੇ ਮਾਪਿਆਂ, ਨੀਰਜ ਸਿੰਗਲਾ ਅਤੇ ਮੋਨਿਕਾ ਸਿੰਗਲਾ ਨਾਲ ਮੁਲਾਕਾਤ ਕਰਕੇ ਨਮਨ ਦੀ ਇਸ ਸਫ਼ਲਤਾ ਲਈ ਵਧਾਈ ਦਿੱਤੀ।
ਨਮਨ ਸਿੰਗਲਾ ਵੱਲੋਂ ਇਹ ਦੱਸੇ ਜਾਣ ‘ਤੇ ਕਿ ਉਸਨੇ ਭਾਰਤੀ ਵਿਦੇਸ਼ ਸੇਵਾ (ਆਈ.ਐਫ.ਐਸ.) ਕਾਡਰ ਚੁਣਿਆ ਹੈ, ‘ਤੇ ਸਾਕਸ਼ੀ ਸਾਹਨੀ ਨੇ ਕਿਹਾ ਕਿ ਅੱਜ ਵਿਦੇਸ਼ਾਂ ਵਿੱਚ ਵੱਸਦੇ ਭਾਰਤੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਣ ਵਿੱਚ ਭਾਰਤੀ ਵਿਦੇਸ਼ ਸੇਵਾ (ਆਈ.ਐਫ.ਐਸ.) ਦੇ ਕਾਡਰ ਦਾ ਵੱਡਾ ਯੋਗਦਾਨ ਹੈ। ਡਿਪਟੀ ਕਮਿਸ਼ਨਰ ਨੇ ਨਮਨ ਸਿੰਗਲਾ ਦੀ ਪ੍ਰਾਪਤੀ ਦੀ ਖੁਸ਼ੀ ਵਿੱਚ ਉਸ ਦਾ ਅਤੇ ਪਰਿਵਾਰਕ ਮੈਂਬਰਾਂ ਦਾ ਮੂੰਹ ਮਿੱਠਾ ਵੀ ਕਰਵਾਇਆ ਅਤੇ ਉਮੀਦ ਜ਼ਾਹਰ ਕੀਤੀ ਕਿ ਨਮਨ ਸਿੰਗਲਾ ਆਪਣੀ ਵਚਨਬੱਧਤਾ ਅਤੇ ਜਜ਼ਬੇ ਨਾਲ ਪੰਜਾਬ ਅਤੇ ਪਟਿਆਲਾ ਦੇ ਗੌਰਵ ਵਿੱਚ ਵਾਧਾ ਕਰੇਗਾ।
23 ਸਾਲਾ ਨੌਜਵਾਨ ਨਮਨ, ਜੋ ਭਾਰਤ ਦੇ ਆਲਮੀ ਵਿਕਾਸ ਸਫਰ ਵਿੱਚ ਮਹੱਤਵਪੂਰਨ ਰੋਲ ਅਦਾ ਕਰਨ ਦੇ ਮਕਸਦ ਨਾਲ ਆਈ.ਐਫ.ਐਸ. ਵਿਚ ਆਉਣਾ ਚਾਹੁੰਦਾ ਹੈ, ਨੇ ਡਿਪਟੀ ਕਮਿਸ਼ਨਰ ਨਾਲ ਆਪਣੀ ਖਾਹਿਸ਼ਾਂ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ ਉਹ ਫਰੈਂਚ ਭਾਸ਼ਾ ਸਿਖੇਗਾ। ਡਿਪਟੀ ਕਮਿਸ਼ਨਰ ਨੇ ਉਸ ਨੂੰ ਪਟਿਆਲਾ ਦੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿੱਚ ਮੁਕਾਬਲੇ ਦੇ ਇਮਤਿਹਾਨ ਦੇਣ ਦੇ ਚਾਹਵਾਨ ਨੌਜਵਾਨਾਂ ਲਈ ਵਿਸ਼ੇਸ਼ ਲੈਕਚਰ ਦੇਣ ਲਈ ਵੀ ਆਖਿਆ, ਜਿਸ ਲਈ ਨਮਨ ਸਿੰਗਲਾ ਨੇ ਆਪਣੀ ਸਹਿਮਤੀ ਪ੍ਰਗਟਾਈ। ਨਮਨ ਸਿੰਗਲਾ ਦੇ ਪਿਤਾ ਨੀਰਜ ਸਿੰਗਲਾ ਤੇ ਮਾਤਾ ਨੇ ਉਸ ਵੱਲੋਂ ਕੀਤੀ ਗਈ ਸਖਤ ਮਿਹਨਤ ਬਾਬਤ ਜਾਣਕਾਰੀ ਦਿੱਤੀ। ਇਸ ਮੌਕੇ ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ ਵੀ ਮੌਜੂਦ ਸਨ।

