ਖੂਨ ਨਾਲ ਲੱਥ-ਪੱਥ ਮਿਲੀ ਅਲਟੋ ਕਾਰ, ਹੋ ਸਕਦਾ ਕਤਲ..!
ਪਟਿਆਲਾ 12 ਜੂਨ (ਮਧੂਸਾਰ ਬਿਊਰੋ) ਸੂਬੇ ’ਚ ਵੱਧ ਰਹੀ ਕਤਲੋਗਾਰ, ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨਾਲ ਅਮਨ ਕਾਨੂੰਨ ਦੀ ਵਿਵਸਥਾ ਦਿਨ ਬ ਦਿਨ ਵਿਗੜਦੀ ਜਾ ਰਹੀ ਹੈ। ਸਿੱਧੂ ਮੂਸੇਵਾਲਾ ਦੀ ਘਟਨਾ ਤੋਂ ਬਾਅਦ ਵੀ ਘਟਨਾਵਾਂ ਰੁਕਦੀਆਂ ਨਜ਼ਰ ਨਹੀਂ ਆ ਰਹੀਆਂ। ਪਟਿਆਲਾ ’ਚ ਦੇਰ ਰਾਤ ਮੁਹਮੰਦ ਕਾਸਿਮ ਨਾਂ ਦੇ ਵਿਅਕਤੀ ਦਾ ਭੇਦਭਰੇ ਹਾਲਾਤਾਂ ’ਚ ਕਤਲ ਹੋਣ ਦਾ ਸ਼ੱਕ ਦੱਸਿਆ ਜਾ ਰਿਹਾ, ਜੋ ਬਲਬੀਰ ਕਾਲੋਨੀ ਦਾ ਰਹਿਣ ਵਾਲਾ। ਜਾਣਕਾਰੀ ਅਨੁਸਾਰ ਅਰਬਨ ਅਸਟੇਟ ਪਟਿਆਲਾ ਸਰਹਿੰਦ ਬਾਈਪਾਸ ’ਤੇ ਅਲਟੋ ਕਾਰ ਖੂਨ ਨਾਲ ਲੱਥ ਪੱਥ ਹਾਲਾਤ ’ਚ ਦੇਖੀ ਗਈ ਮਿਲੀ ਹੈ।
ਡੀਐਸਪੀ ਮੋਹਿਤ ਅਗਰਵਾਲ ਅਤੇ ਥਾਣਾ ਇੰਚਾਰਜ ਗੁਰਇਕਬਾਲ ਸਿੰਘ ਸਿਕੰਦ ਵੱਲੋਂ ਘਟਨਾ ਸਥਾਨ ’ਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਪਰਿਵਾਰ ਵੱਲੋਂ ਮਿਸਿੰਗ ਦੀ ਸ਼ਿਕਾਇਤ ਪੁਲਿਸ ਕੋਲ ਦਿੱਤੀ ਗਈ ਹੈ ਅਤੇ ਪਤਨੀ ਨੇ ਦੱਸਿਆ ਮੁਹੰਮਦ ਕਾਸਿਮ ਫੋਰਡ ਕੰਪਨੀ ’ਚ ਸੇਲਜਮੈਨ ਵਜੋਂ ਕੰਮ ਕਰਦਾ ਸੀ। ਡੀਐਸਪੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਅਲਟੋ ਕਾਰ ਖੂਨ ਨਾਲ ਲੱਥ ਪੱਥ ਵੇਖੀ ਜਾ ਰਹੀ। ਜਾਂਚ ਚੱਲ ਰਹੀ ਹੈ ਅਤੇ ਪੁਲਿਸ ਨੇ ਕਤਲ ਹੋਣ ਦਾ ਸ਼ੱਕ ਪ੍ਰਗਟ ਕੀਤਾ ਹੈ।

