ਪਟਿਆਲਾ

ਪੀ.ਆਰ.ਟੀ.ਸੀ ਦੀ ਐਕਸ਼ਨ ਕਮੇਟੀ ਵਲੋਂ ਤਨਖਾਹ—ਪੈਨਸ਼ਨ ਦਾ ਭੁਗਤਾਨ ਨਾ ਹੋਣ ਤੇ ਸਮੁੱਚੀਆਂ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਵਿਰੁੱਧ ਜੋਰਦਾਰ ਮੁਜਾਹਰਾ ਕੀਤਾ

ਪਟਿਆਲਾ 15 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਅੱਜ ਇੱਥੇ ਪਟਿਆਲਾ ਵਿਖੇ ਪੀ.ਆਰ.ਟੀ.ਸੀ. ਵਿੱਚ ਕੰਮ ਕਰਦੀਆਂ ਛੇ ਕਰਮਚਾਰੀ ਜਥੇਬੰਦੀਆਂ ਦੀ ਐਕਸ਼ਨ ਕਮੇਟੀ ਵਲੋਂ ਵਰਕਰਾਂ ਦੀ ਤਨਖਾਹ—ਪੈਨਸ਼ਨ ਦਾ ਭੁਗਤਾਨ ਨਾ ਹੋਣ ਸਬੰਧੀ, ਬਠਿੰਡਾ ਵਿਖੇ ਟਿਕਟ ਮਸ਼ੀਨਾਂ ਰਾਹੀਂ ਹੋਏ ਬਹੁ ਕਰੋੜੀ ਸਕੈਂਡਲ, ਕੰਟਰੈਕਟ ਵਰਕਰਾਂ ਨੂੰ ਰੈਗੂਲਰ ਕਰਨਾ, ਕਿਲੋਮੀਟਰ ਸਕੀਮ ਅਧੀਨ ਪ੍ਰਾਈਵੇਟ ਬੱਸਾਂ ਪਾਉਣ ਦੇ ਵਿਰੋਧ ਵਿੱਚ ਅਤੇ ਵਰਕਰਾਂ ਦੀਆਂ ਹੋਰ ਅਨੇਕਾਂ ਮੰਗਾਂ ਸਬੰਧੀ ਸੈਕੜੇ ਸਰਗਰਮ ਵਰਕਰਾਂ ਅਤੇ ਸਮੁੱਚੀਆਂ ਜਥੇਬੰਦੀਆਂ ਦੀ ਲੀਡਰਸ਼ਿਪ ਵਲੋਂ ਕਨਵੈਨਸ਼ਨ ਕਰਨ ਉਪਰੰਤ ਬਜਾਰਾਂ ਵਿਚੋਂ ਦੀ ਰੋਸ ਮਾਰਚ ਕਰਦੇ ਹੋਏ ਬਸ ਸਟੈਂਡ ਪਟਿਆਲਾ ਦੇ ਅੰਦਰ ਵੜ੍ਹਕੇ ਪੰਜਾਬ ਸਰਕਾਰ ਵਿਰੁੱਧ ਜੋਰਦਾਰ ਮੁਜਾਹਰਾ ਕੀਤਾ। ਇਸ ਕਨਵੈਨਸ਼ਨ ਅਤੇ ਰੋਸ ਮਾਰਚ ਦੀ ਅਗਵਾਈ ਸਰਵ ਸ੍ਰੀ ਨਿਰਮਲ ਸਿੰਘ ਧਾਲੀਵਾਲ ਕਨਵੀਨਰ ਅਤੇ ਮੈਂਬਰਾਨ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਸੁੱਚਾ ਸਿੰਘ, ਗੁਰਜੰਟ ਸਿੰਘ, ਉਤਮ ਸਿੰਘ ਬਾਗੜੀ ਅਤੇ ਮੁਹੰਮਦ ਖਲੀਲ ਕਰ ਰਹੇ ਸਨ।

ਰੋਸ ਮਾਰਚ ਕਰਨ ਤੋਂ ਪਹਿਲਾਂ ਕੀਤੀ ਗਈ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਕਨਵੀਨਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਅਤੇ ਮੈਬਰਾਨ ਸਰਵ ਸ੍ਰੀ ਗੰਡਾ ਸਿੰਘ, ਹਰਪ੍ਰੀਤ ਸਿੰਘ ਖਟੜਾ, ਸੁੱਚਾ ਸਿੰਘ, ਗੁਰਜੰਟ ਸਿੰਘ ਅਤੇ ਮੁਹੰਮਦ ਖਲੀਲ ਨੇ ਕਿਹਾ ਕਿ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ ਹੈ ਉਦੋ ਤੋ ਹੀ ਪੀ.ਆਰ.ਟੀ.ਸੀ. ਦੇ ਵਰਕਰਾਂ ਦੇ ਅਤੇ ਸੇਵਾ ਮੁਕਤ ਕਰਮਚਾਰੀਆਂ ਨੂੰ ਤਨਖਾਹ ਅਤੇ ਪੈਨਸ਼ਨ ਸਮੇਂ ਸਿਰ ਨਹੀਂ ਮਿਲ ਰਹੀ ਹਰ ਮਹੀਨੇ ਤਿੰਨ—ਤਿੰਨ ਹਫਤੇ ਲੇਟ ਅਦਾਇਗੀ ਕੀਤੀ ਜਾਂਦੀ ਹੈ। ਜਿਸ ਕਾਰਨ ਵਰਕਰਾਂ ਨੂੰ ਘਰ ਦਾ ਗੁਜਾਰਾ ਚਲਾਉਣ ਵਿੱਚ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੋਣ ਦਾ ਵੱਡਾ ਕਾਰਨ ਪੰਜਾਬ ਸਰਕਾਰ ਵਲੋਂ ਪੀ.ਆਰ.ਟੀ.ਸੀ. ਨੂੰ ਔਰਤਾਂ, ਪੁਲੀਸ ਮੁਲਾਜਮਾਂ ਅਤੇ ਵਿਦਿਆਰਥੀਆਂ ਦੇ ਮੁਫਤ ਅਤੇ ਰਿਆਇਤੀ ਸਫਰ ਸਹੂਲਤਾਂ ਬਦਲੇ ਪੈਸੇ ਨਾ ਦੇਣਾ ਹੈ। ਜਿਹੜਾ ਕਿ ਘੱਟੋ—ਘੱਟ 200 ਕਰੋੜ ਰੁਪਏ ਪੀ.ਆਰ.ਟੀ.ਸੀ. ਦੇ ਸਰਕਾਰ ਵੱਲ ਖੜੇ ਹਨ। ਪਰ ਸਰਕਾਰ ਇਸ ਨੂੰ ਅਣਗੌਲਿਆ ਕਰਕੇ ਵਰਕਰਾਂ ਦਾ ਜੀਣਾ ਦੁੱਭਰ ਕਰ ਰਹੀ ਹੈ। ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਅਤੇ ਬਠਿੰਡਾ ਜਿਲੇ ਦੇ ਪੁਲੀਸ ਪ੍ਰਸ਼ਾਸ਼ਨ ਦੀ ਜੋਰਦਾਰ ਨਿਖੇਧੀ ਕਰਦਿਆਂ ਆਗੂਆਂ ਨੇ ਕਿਹਾ ਕਿ ਬਠਿੰਡਾ ਵਿਖੇ 25 ਕਰੋੜ ਤੋਂ ਵੱਧ ਦਾ ਟਿਕਟ ਸਕੈਂਡਲ ਸਾਹਮਣੇ ਆਇਆ ਪਰ ਇੱਕ ਮਹੀਨਾ ਹੋ ਚੁੱਕਿਆ ਹੈ ਇਸ ਸਕੈਂਡਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਕਮਜੋਰ ਐਫ.ਆਈ.ਆਰ. ਜਾਣ ਬੁੱਝ ਕੇ ਦਰਜ ਕਰਵਾਈ ਗਈ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ। ਜਨਰਲ ਮੈਨੇਜਰ ਬਠਿੰਡਾ ਦੀ ਇਸ ਸਕੈਂਡਲ ਵਿੱਚ ਸ਼ੱਕੀ ਭੂਮਿਕਾ ਹੋਣ ਦੇ ਬਾਵਜੂਦ ਉਸ ਵਿਰੁੱਧ ਐਕਸ਼ਨ ਨਹੀਂ ਲਿਆ ਗਿਆ। ਪੰਜਾਬ ਸਰਕਾਰ, ਟਰਾਂਸਪੋਰਟ ਮੰਤਰੀ ਅਤੇ ਸਕੱਤਰ ਟਰਾਂਸਪੋਰਟ ਵਲੋਂ ਵੀ ਇਸ ਸਕੈਂਡਲ ਨੂੰ ਨਜ਼ਰ ਅੰਦਾਜ ਕੀਤਾ ਹੋਇਆ ਹੈ।

ਆਗੂਆਂ ਨੇ ਮੰਗ ਕੀਤੀ ਕਿ ਇਸ ਸਕੈਂਡਲ ਦੀ ਜਾਂਚ ਲਈ ਸਮੁੱਚਾ ਕੇਸ ਸੀ.ਬੀ.ਆਈ. ਜਾਂ ਪੰਜਾਬ ਦੇ ਚੀਫ ਵਿਜੀਲੈਂਸ ਡਾਇਰੈਕਟਰ ਨੂੰ ਸੌਂਪਿਆ ਜਾਣਾ ਚਾਹੀਦਾ ਹੈ ਤਾਂ ਕਿ ਇਸ ਸਕੈਂਡਲ ਨਾਲ ਸਬੰਧਤ ਸਾਰੇ ਦੋਸ਼ੀ ਸਾਹਮਣੇ ਲਿਆਦੇ ਜਾ ਸਕਣ। ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਲੋਮੀਟਰ ਸਕੀਮ ਅਧੀਨ ਪੀ.ਆਰ.ਟੀ.ਸੀ. ਵਿੱਚ ਬੱਸਾਂ ਪਾਉਣ ਦੇ ਟੈਂਡਰ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਪ੍ਰਕਿਰਿਆ ਰਾਹੀਂ ਅਸਿੱਧੇ ਢੰਗ ਨਾਲ ਪ੍ਰਾਈਵੇਟ ਬਸ ਮਾਲਕਾਂ ਦੀਆਂ ਬੱਸਾਂ ਪੀ.ਆਰ.ਟੀ.ਸੀ. ਦੇ ਫਲੀਟ ਵਿੱਚ ਸ਼ਾਮਲ ਹੋ ਜਾਂਦੀਆਂ ਹਨ। ਜਿਸ ਕਾਰਨ ਬੜੇ ਸਾਜਸੀ ਢੰਗ ਨਾਲ ਪੀ.ਆਰ.ਟੀ.ਸੀ. ਦਾ ਨੁਕਸਾਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਨੁਕਸਦਾਰ ਐਗਰੀਮੈਂਟਾਂ ਰਾਹੀਂ ਬੱਸਾਂ ਦੇ ਮਾਲਕ ਭਾਰੀ ਫਾਇਦਾ ਲੈਣ ਵਿੱਚ ਕਾਮਯਾਬ ਹੋ ਜਾਂਦੇ ਹਨ। ਅਜਿਹੀਆਂ ਬੱਸਾਂ ਦੇ ਸੰਚਾਲਨ ਵਿੱਚ ਵੀ ਭਾਰੀ ਗੜਬੜ ਹੁੰਦੀ ਹੈ। ਆਗੂਆਂ ਨੇ ਮੰਗ ਕੀਤੀ ਕਿ ਪੀ.ਆਰ.ਟੀ.ਸੀ. ਵਲੋਂ ਆਪਣੀ ਮਾਲਕੀ ਵਾਲੀਆਂ ਬੱਸਾ ਹੀ ਪਾਈਆਂ ਜਾਣ। ਉਪਰੋਕਤ ਤੋਂ ਇਲਾਵਾ ਕੰਟਰੈਕਟ ਵਰਕਰਾਂ ਨੂੰ ਰੈਗੂਲਰ ਕਰਨਾ, ਵਰਕਰਾਂ ਦੇ ਵਿੱਤੀ ਬਕਾਏ ਅਦਾ ਕਰਨਾ, ਵਰਕਰਾਂ ਨਾਲ ਡਿਪੂਆਂ ਵਿੱਚ ਜਨਰਲ ਮੈਨੇਜਰਾਂ ਵਲੋਂ ਕੀਤਾ ਜਾਂਦਾ ਵਿਤਕਰਾ ਬੰਦ ਕਰਵਾਉਣਾ ਆਦਿ ਮੰਗਾਂ ਮੰਨੇ ਜਾਣ ਤੇ ਜੋਰ ਦਿੰਦਿਆ ਐਕਸ਼ਨ ਕਮੇਟੀ ਨੇ ਕਿਹਾ ਕਿ ਜੇਕਰ ਮੈਨੇਜਮੈਂਟ ਅਤੇ ਸਰਕਾਰ ਵੱਲੋਂ ਪੀ.ਆਰ.ਟੀ.ਸੀ. ਦੇ ਮਸਲਿਆਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ 21 ਜੁਲਾਈ ਨੂੰ ਸਮੁੱਚੇ ਕਰਮਚਾਰੀ ਇੱਕ ਰੋਜਾ ਹੜਤਾਲ ਕਰਨਗੇ, ਜਿਸਦੀ ਜਿੰਮੇਵਾਰੀ ਸਰਕਾਰ ਅਤੇ ਮੈਨੇਜਮੈਂਟ ਦੀ ਹੋਵੇਗੀ।

Leave a Reply

Your email address will not be published. Required fields are marked *