ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਬਾਬਾ ਸਾਹਿਬ ਸਿੰਘ ਕਲਾਧਾਰੀ ਦੀ 80ਵੀਂ ਬਰਸੀ 30 ਜੁਲਾਈ ਨੂੰ ਤਲਵੰਡੀ ਸਾਬੋ ਵਿਖੇ ਮਨਾਈ ਜਾਵੇਗੀ
ਤਲਵੰਡੀ ਸਾਬੋ: 22 ਜੁਲਾਈ (ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦੇ 11ਵੇਂ ਜਥੇਦਾਰ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਕਲਾਧਾਰੀ ਦੀ 80ਵੀਂ ਸਲਾਨਾ ਬਰਸੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ, ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਦੀ ਅਗਵਾਈ ਹੇਠ ਗੁਰਦੁਆਰਾ ਬੇਰ ਸਾਹਿਬ ਦੇਗਸਰ ਪਾ: ਦਸਵੀਂ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਣਗੇ।ਇਸ ਸਬੰਧੀ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਅਤੇ ਬਾਬਾ ਜੱਸਾ ਸਿੰਘ ਨੇ ਸਾਝੇ ਤੌਰ ਤੇ ਦੱਸਿਆ ਕਿ 28 ਜੁਲਾਈ ਬੁੱਧਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਵੇਗੀ ਜਿਸ ਦੇ ਭੋਗ 15 ਸਾਵਣ 30 ਜੁਲਾਈ ਸ਼ੁਕਰਵਾਰ ਨੂੰ ਪਾਏ ਜਾਣਗੇ।ਭੋਗ ਉਪਰੰਤ ਸਜੇ ਦਿਵਾਨਾਂ ਵਿਚ ਪੰਥ ਪ੍ਰਸਿੱਧ ਰਾਗੀ ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਪੰਥ ਦੇ ਪ੍ਰਸਿੱਧ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਤੇ ਕਥਾਵਾਚਕ ਸੰਗਤਾਂ ਨੂੰ ਗੁਰਬਾਣੀ ਗੁਰ-ਇਤਿਹਾਸ ਨਾਲ ਜੋੜਣਗੇ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਇਤਿਹਾਸ ਵਿੱਚ ਜਥੇਦਾਰ ਬਾਬਾ ਸਾਹਿਬ ਸਿੰਘ ਦਾ ਅਹਿਮ ਸਥਾਨ ਹੈ।
ਬਾਬਾ ਸਾਹਿਬ ਸਿੰਘ ਕਲਾਧਾਰੀ ਜੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਗਿਆਰਵੇਂ ਜਥੇਦਾਰ ਹੋਏ ਹਨ।ਬਾਬਾ ਸਾਹਿਬ ਸਿੰਘ ਨੇ ਆਪਣੇ ਸਮੇਂ ਵਿੱਚ ਦਲ ਪੰਥ ਦੇ ਵਿਕਾਸ ਲਈ ਅਹਿਮ ਕਾਰਜ ਕੀਤੇ ਹਨ।ਬਾਬਾ ਸਾਹਿਬ ਸਿੰਘ 15 ਸਾਵਣ ਸੰਨ 1942 ਨੂੰ ਅਕਾਲ ਚਲਾਣਾ ਕਰ ਗਏ।ਉਨਾਂ ਹੋਰ ਦੱਸਿਆ ਕਿ ਉਨ੍ਹਾਂ ਦੀ ਯਾਦ ਵਿੱਚ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਵਿੱਚ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ, ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਾਹਿਬਾਨ ,ਸੰਤ ਮਹਾਂਪੁਰਸ਼ ਅਤੇ ਨਿਹੰਗ ਸਿੰਘ ਛਾਉਂਣੀਆਂ ਦੇ ਮੁੱਖ ਸੇਵਾਦਾਰ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨਗੇ।ਉਨ੍ਹਾਂ ਦਸਿਆ ਕਿ ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਵਿਸ਼ੇਸ਼ ਤੌਰ ਤੇ ਅੰਮਿ੍ਰਤ ਸੰਚਾਰ ਸਮਾਗਮ ਵੀ ਹੋਵੇਗਾ।ਗੁਰੂ ਦੇ ਜਹਾਜੇ ਚੜ੍ਹਨ ਵਾਲੇ ਪ੍ਰਾਣੀ ਸਮੇਂ ਸਿਰ ਪਹੁੰਚ ਕੇ ਗੁਰੂ ਦੀ ਬਖਸ਼ਿਸ਼ ਖੰਡੇ ਬਾਟੇ ਦੀ ਪਾਹਲ ਪ੍ਰਾਪਤ ਕਰਨ।ਉਨ੍ਹਾਂ ਨੇ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।ਤਿੰਨੇ ਦਿਨ ਧਾਰਮਿਕ ਦੀਵਾਨ ਸੱਜਣਗੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ।ਨਿਹੰਗ ਸਿੰਘ ਫੌਜਾਂ ਦੇ ਲਾਇਸੈਂਸ ਵੀ ਨਵੇਂ ਬਣਾਏ ਜਾਣਗੇ।ਉਨ੍ਹਾਂ ਕਿਹਾ ਕਿ 30 ਜੁਲਾਈ ਨੂੰ ਨੀਲਾਂਬਰੀ ਨਿਸ਼ਾਨ ਸਾਹਿਬਾਨ ਦੀ ਤਾਬਿਆਂ ਅਤੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਮਹੱਲਾ ਕੱਢਿਆ ਜਾਵੇਗਾ।ਗੁਰੂ ਦੀਆਂ ਲਾਡਲੀਆਂ ਫੌਜਾਂ ਪੁਰਾਤਨ ਰਵਾਇਤ ਮੁਤਾਬਕ ਪੂਰੇ ਜਾਹੋ ਜਲਾਲ ਦੇ ਨਾਲ ਘੋੜ ਦੋੜ, ਨੇਜੇਬਾਜ਼ੀ ਅਤੇ ਕਈ ਕਈ ਘੋੜਿਆਂ ਦੀ ਸਵਾਰੀ, ਤੀਰ ਅੰਦਾਜ਼ੀ ਅਤੇ ਗਤਕੇ ਦੇ ਜੋਹਰ ਦਿਖਾਉਣਗੇ।ਉਪਰੰਤ ਜਥੇਦਾਰ ਬਲਬੀਰ ਸਿੰਘ ਜੇਤੂਆਂ ਨੂੰ ਇਨਾਮਾਂ ਦੀ ਬਖਸ਼ਿਸ਼ ਕਰਨਗੇ।

