ਦਸਮ ਪਾਤਸ਼ਾਹ ਦੀ ਸਖ਼ਸ਼ੀਅਤ ਨੂੰ ਫਿਲਮਾਉਣ ਦੀ ਕਿਸੇ ਨੂੰ ਆਗਿਆ ਨਹੀਂ: ਬਾਬਾ ਬਲਬੀਰ ਸਿੰਘ 96 ਕਰੋੜੀ
ਫਿਲਮ ਤੇ ਤੁਰੰਤ ਪਾਬੰਦੀ ਲਗਣੀ ਚਾਹੀਦੀ: ਦਿਲਜੀਤ ਸਿੰਘ ਬੇਦੀ

ਫਤਹਿਗੜ ਸਾਹਿਬ 1 ਅਗਸਤ (ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਡਾ. ਵਿਵੇਕ ਬਿੰਦਰਾ ਦਿੱਲੀ ਵੱਲੋਂ ਇਕ ਵੀਡੀਉ ਵਿਚ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਛੋਟੇ ਸਾਹਿਬਜਾਦਿਆਂ, ਮਾਤ ਗੁਜਰੀ ਜੀ ਦਾ ਕਾਰਟੂਨ ਐਨੀਮੇਟਿਡ ਬਣਾ ਕੇ ਸ਼੍ਰੀ ਟੋਡਰ ਮੱਲ ਜੀ ਨਾਲ ਬਚਨ ਕਰਦੇ ਵਿਖਾਏ ਜਾਣ ਤੇ ਤਿਖਾ ਪ੍ਰਤੀਕਰਮ ਪ੍ਰਗਟ ਕਰਦਿਆ ਕਿਹਾ ਕਿ ਅਜਿਹਾ ਕਰਨ ਦੀ ਕਿਸੇ ਨੂੰ ਆਗਿਆ ਨਹੀਂ ਦਿਤੀ ਜਾ ਸਕਦੀ। ਡਾ. ਵਿਵੇਕ ਬਿੰਦਰਾ ਨੇ ਕਿਸ ਸੰਸਥਾ ਦੀ ਆਗਿਆ ਨਾਲ ਅਜਿਹਾ ਅਭੱਦਰ ਕੀਤਾ ਹੈ। ਡਾ. ਵਿਵੇਕ ਦੀ ਇਸ ਵੀਡੀਉ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਵੱਜੀ ਹੈ ਤੇ ਉਨ੍ਹਾਂ ਅੰਦਰ ਭਾਰੀ ਰੋਸ ਤੇ ਰੋਹ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਇਸ ਵਿਰੁੱਧ ਸਖ਼ਤ ਕਾਰਵਾਈ ਨਾ ਕੀਤੀ ਤਾਂ ਸਿੱਖ ਸੰਗਤਾਂ ਇਸ ਵਿਰੁੱਧ ਸਖ਼ਤ ਕਾਰਵਾਈ ਲਈ ਮਜਬੂਰ ਹੋਣਗੀਆਂ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਇਸ ਵਾਇਰਲ ਵੀਡੀਉ ਤੇ ਰੋਕ ਲਗਨੀ ਚਾਹੀਦੀ ਹੈ ਅਤੇ ਡਾ: ਵਿਵੇਕ ਵੱਲੋਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਿਰੁੱਧ ਪਰਚਾ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਚੇਤਾਵਨੀ ਦਿਤੀ ਕਿ ਡਾ. ਵਿਵੇਕ ਫੋਰੀ ਤੌਰ ਤੇ ਜਨਤਕ ਮੁਆਫੀ ਮੰਗੇ।
ਨਾਲ ਹੀ ਬੁੱਢਾ ਦਲ ਦੇ ਸਕੱਤਰ ਸ: ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਕੁਝ ਫਿਰਕਾ ਪ੍ਰਸਤ ਲੁਪਤ ਤਾਕਤਾਂ ਭਾਰਤ ਅੰਦਰ ਸੋਚੀ ਸਮਝੀ ਸਾਜਿਸ ਤਹਿਤ ਧਰਮ ਦੇ ਨਾਂ ਤੇ ਨਫਰਤ ਦੇ ਲਾਂਬੂ ਲਾਉਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਬੇਹੱਦ ਅਫਸੋਸ ਦੀ ਗੱਲ ਹੈ ਕਿ ਡਾ. ਵਿਵੇਕ ਬਿੰਦਰਾ ਨਾਂ ਦੇ ਵਿਅਕਤੀ ਵੱਲੋਂ ਯੂ.ਟਿਊਬ ਤੇ ‘ਚਤੁਵਿਰਧਾ ਦਾਨ’ ਨਾਮ ਦੀ ਫਿਲਮ ਚਲਾਈ ਜਾ ਰਹੀ ਹੈ ਜਿਸ ਵਿਚ ਕਚਘੜਤ ਇਤਿਹਾਸ ਤੇ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜਾਦਿਆਂ ਦੇ ਐਨੀਮੇਟਿਡ ਚਿੱਤਰ ਬਣਾ ਕੇ ਸਿੱਖ ਹਿਰਦਿਆਂ ਨੂੰ ਵਲੂੰਧਰਿਆ ਹੈ। ਅਜਿਹੇ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਅਤੇ ਬਨਾਈ ਗਈ ਫਿਲਮ ਤੇ ਤੁਰੰਤ ਰੋਕ ਲਗਨੀ ਚਾਹੀਦੀ ਹੈ।

