ਐੱਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬੀ ਯੂਨੀਵਰਸਿਟੀ ਦੇ ਮਾਹਿਰਾਂ ਨਾਲ਼ ਕੀਤੀ ਮੀਟਿੰਗ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਯੂਨੀਵਰਸਿਟੀ ਅਤੇ ਸਰਕਾਰ ਦਾ ਤਾਲਮੇਲ ਨੀਤੀ ਬਣਾਉਣ ਤੱਕ ਜਾਂਦਾ ਹੈ। ਇਹ ਗੱਲ ਪੰਜਾਬ ਸਰਕਾਰ ਦੇ ਐੱਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਅਤੇ ਕੇਂਦਰਾਂ ਦੇ ਮੁਖੀਆਂ ਨਾਲ ਆਪਣੇ ਮਹਿਕਮੇ ਨਾਲ ਜੁੜਦੇ ਮੁੱਦਿਆਂ ਉੱਤੇ ਕੀਤੀ ਲੰਮੀ ਵਿਚਾਰ-ਚਰਚਾ ਦੌਰਾਨ ਸਾਹਮਣੇ ਆਈ। ਇਸ ਮੀਟਿੰਗ ਦੌਰਾਨ ਮੰਤਰੀ ਵੱਲੋਂ ਇਹ ਸਮਝਣ ਦਾ ਯਤਨ ਕੀਤਾ ਗਿਆ ਕਿ ਯੂਨੀਵਰਸਿਟੀ ਦੇ ਕਿਹੜੇ-ਕਿਹੜੇ ਵਿਭਾਗ ਉਨ੍ਹਾਂ ਦੇ ਮਹਿਕਮੇ ਨਾਲ ਜੁੜਦੇ ਕਿਹੜੇ-ਕਿਹੜੇ ਕੰਮ ਵਿੱਚ ਸਹਾਈ ਹੋ ਸਕਦੇ ਹਨ। ਤਕਰੀਬਨ ਡੇਢ ਘੰਟਾ ਚੱਲੀ ਇਸ ਮੀਟਿੰਗ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਏ. ਕੇ. ਤਿਵਾੜੀ, ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੁਪਮਾ, ਡੀਨ ਅਲੂਮਨੀ ਡਾ. ਸਤਨਾਮ ਸਿੰਘ ਸੰਧੂ, ਕਰੈਸਟ (ਪੇਂਡੂ ਕਾਰੋਬਾਰੀ ਪਹਿਲਕਦਮੀ ਅਤੇ ਹੁਨਰ ਵਿਕਾਸ ਕੇਂਦਰ) ਦੇ ਡਾਇਰੈਕਟਰ ਡਾ. ਦਵਿੰਦਰ ਸਿੰਘ ਸਿੱਧੂ ਅਤੇ ਕਰੈਸਪ (ਪੰਜਾਬ ਦਾ ਵਣ-ਤ੍ਰਿਣ ਜੀਵ-ਜੰਤ ਮੁੜ ਬਹਾਲੀ ਕੇਂਦਰ) ਦੇ ਡਾਇਰੈਕਟਰ ਡਾ. ਹਿਮੇਂਦਰ ਭਾਰਤੀ, ਈ. ਐੱਮ.ਆਰ. ਸੀ. (ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ) ਦੇ ਡਾਇਰੈਕਟਰ ਦਲਜੀਤ ਅਮੀ ਅਤੇ ਡਾ. ਭੀਮਇੰਦਰ ਸਿੰਘ ਸ਼ਾਮਿਲ ਰਹੇ। ਇੱਥੇ ਹਾਜ਼ਰ ਸਭ ਸ਼ਖ਼ਸੀਅਤਾਂ ਨੇ ਆਪਣੇ ਵਿਭਾਗ ਦੇ ਕੰਮ ਦੇ ਹਵਾਲੇ ਨਾਲ ਐੱਨ. ਆਰ. ਆਈ. ਮਾਮਲਿਆਂ ਬਾਰੇ ਮਹਿਕਮੇ ਦੇ ਹਵਾਲੇ ਨਾਲ ਗੱਲਬਾਤ ਕੀਤੀ ਅਤੇ ਦੋਹਾਂ ਧਿਰਾਂ ਦੇ ਆਪਸ ਵਿੱਚ ਜੁੜ ਕੇ ਕੰਮ ਕਰਨ ਬਾਰੇ ਅੰਦਾਜ਼ੇ ਪ੍ਰਗਟ ਕੀਤੇ ਗਏ।
ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐੱਨ.ਆਰ.ਆਈ. ਮਾਮਲਿਆਂ ਦੀ ਪੇਚੀਦਗੀ ਬਾਰੇ ਗੱਲ ਕਰਦਿਆਂ ਦੱਸਿਆ ਕਿ ਇੱਕੋ ਕੰਮ ਵੱਖੋ ਵੱਖਰੇ ਮਹਿਕਮਿਆਂ ਵਿੱਚ ਵੰਡਿਆ ਹੋਣ ਕਾਰਨ ਕਈ ਕਿਸਮ ਦੀਆਂ ਔਕੜਾਂ ਆਉਂਦੀਆਂ ਹਨ।
ਇਸੇ ਤਰੀਕੇ ਨਾਲ਼ ਉਨ੍ਹਾਂ ਨੇ ਪਿੰਡਾਂ ਦੇ ਵਿਕਾਸ, ਚੌਗਿਰਦੇ ਅਤੇ ਹੋਰ ਮੁੱਦਿਆਂ ਉੱਤੇ ਚਰਚਾ ਕੀਤੀ ਜਿਨ੍ਹਾਂ ਉੱਤੇ ਬੋਲਦਿਆਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਇਨ੍ਹਾਂ ਸਾਰੇ ਮੁੱਦਿਆਂ ਉੱਤੇ ਪੰਜਾਬੀ ਯੂਨੀਵਰਸਿਟੀ ਆਪਣੇ ਮਾਹਿਰਾਂ ਰਾਹੀਂ ਸਲਾਹ ਦੇ ਸਕਦੀ ਹੈ। ਡੀਨ ਵਿਦਿਆਰਥੀ ਭਲਾਈ ਵਿਭਾਗ ਪ੍ਰੋ. ਅਨੁਪਮਾ, ਜੋ ਕਿ ਅਰਥ ਸ਼ਾਸਤਰ ਵਿਭਾਗ ਨਾਲ ਸੰਬੰਧਤ ਹਨ, ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਨ੍ਹਾਂ ਦਾ ਵਿਭਾਗ ਪੰਜਾਬ ਸਰਕਾਰ ਲਈ ਵੱਖਰੇ-ਵੱਖਰੇ ਕੰਮ ਕਰਨ ਵਿੱਚ ਸ਼ਾਮਿਲ ਰਿਹਾ ਹੈ। ਖੇਤੀ ਤੋਂ ਲੈ ਕੇ ਸਅਨਤ ਤੱਕ ਦੇ ਖੇਤਰ ਵਿੱਚ ਇਹ ਵਿਭਾਗ ਸਰਕਾਰ ਨੂੰ ਆਪਣੀਆਂ ਸਲਾਹਾਂ ਪੇਸ਼ ਕਰਦਾ ਰਿਹਾ ਹੈ। ਇਸ ਦੌਰਾਨ ਪ੍ਰੋ. ਅਨੁਪਮਾ ਨੇ ਕਿਸਾਨ ਮੋਰਚੇ ਦੇ ਇਤਿਹਾਸ ਬਾਬਤ ਚੱਲ ਰਹੇ ਪ੍ਰੋਜੈਕਟ ਦੀ ਤਫ਼ਸੀਲ ਸਹਿਤ ਜਾਣਕਾਰੀ ਦਿੱਤੀ। ਇਸੇ ਗੱਲ ਨੂੰ ਅੱਗੇ ਤੋਰਦਿਆਂ ਵਿੱਤ ਅਫ਼ਸਰ ਪ੍ਰੋ. ਪ੍ਰਮੋਦ ਅੱਗਰਵਾਲ ਨੇ ਦੱਸਿਆ ਕਿ ਆਪਣੇ ਕੰਮ ਨੂੰ ਅੱਗੇ ਤੋਰਦੇ ਹੋਏ ਇਸ ਵੇਲੇ ਪੰਜਾਬੀ ਯੂਨੀਵਰਸਿਟੀ ਪੰਜਾਬ ਸਰਕਾਰ ਨੂੰ ਕਈ ਮਾਮਲਿਆਂ ਵਿੱਚ ਸਲਾਹ ਦੇਣ ਦੀ ਹਾਲਤ ਵਿੱਚ ਹੈ। ਇਨ੍ਹਾਂ ਮਾਮਲਿਆਂ ਉੱਤੇ ਜ਼ਮੀਨੀ ਪੱਧਰ ਉੱਤੇ ਅਧਿਐਨ ਕਰਨਾ, ਅੰਕੜੇ ਇਕੱਠੇ ਕਰਨਾ ਅਤੇ ਉਨ੍ਹਾਂ ਅੰਕੜਿਆਂ ਦਾ ਮੁਲਾਂਕਣ ਕਰਨ ਦੇ ਖੇਤਰ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਵਿਸ਼ੇਸ਼ ਮੁਹਾਰਤ ਹੈ। ਇਹ ਮੁਹਾਰਤ ਪੰਜਾਬ ਸਰਕਾਰ ਦੀਆਂ ਵੱਖ-ਵੱਖ ਨੀਤੀਆਂ ਵਿੱਚੋਂ ਝਲਕਦੀ ਰਹੀ ਹੈ। ਇਸੇ ਰਵਾਇਤ ਨੂੰ ਅੱਗੇ ਤੋਰਦੇ ਹੋਏ ਮੌਜੂਦਾ ਸਰਕਾਰ ਨੂੰ ਵੀ ਲੋੜੀਂਦੀ ਸਲਾਹ ਦੇਣ ਜਾਂ ਬਣਦੇ ਮੁੱਦਿਆਂ ਉੱਤੇ ਅਧਿਐਨ ਕਰਨ ਵਿੱਚ ਪੰਜਾਬੀ ਯੂਨੀਵਰਸਿਟੀ ਲਗਾਤਾਰ ਤਿਆਰ ਹੈ।
ਇਸ ਦੌਰਾਨ ਕਰੈਸਪ ਦੇ ਡਾਇਰੈਕਟਰ ਪ੍ਰੋ.ਹਿਮੇਂਦਰ ਭਾਰਤੀ ਨੇ ਦੱਸਿਆ ਕਿ ‘ਪੰਜਾਬ ਦਾ ਵਣ-ਤ੍ਰਿਣ ਜੀਵ-ਜੰਤ ਮੁੜ ਬਹਾਲੀ ਕੇਂਦਰ’ ਪੰਜਾਬ ਦੇ ਚੌਗਿਰਦੇ ਨੂੰ ਮੁੜ ਬਹਾਲ ਕਰਨ ਲਈ ਦ੍ਰਿੜ ਸੰਕਲਪ ਨਾਲ ਕੰਮ ਕਰ ਰਿਹਾ ਹੈ। ਇਸ ਮਾਮਲੇ ਵਿੱਚ ਪੂਰੇ ਪੰਜਾਬ ਵਿੱਚ ਵੱਖਰੀ ਵੱਖਰੀ ਸਰਗਰਮੀ ਅਤੇ ਚੇਤਨਾ ਮੁਹਿੰਮਾਂ ਰਾਹੀਂ ਕਾਰਜ ਕੀਤੇ ਜਾ ਰਹੇ ਹਨ। ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨਾਲ ਹਰ ਪੱਧਰ ਉੱਤੇ ਤਾਲਮੇਲ ਕੀਤੇ ਜਾਣ ਦੀ ਗੁੰਜਾਇਸ਼ ਹੈ। ਕਰੈਸਟ ਦੇ ਡਾਇਰੈਕਟਰ ਪ੍ਰੋ. ਦਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੇਂਡੂ ਕਾਰੋਬਾਰ ਅਤੇ ਹੁਨਰ ਵਿਕਾਸ ਦੇ ਮਾਮਲੇ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਕਈ ਕਿਸਮ ਦੀਆਂ ਤਜਵੀਜ਼ਾਂ ਤਿਆਰ ਕੀਤੀਆਂ ਹਨ ਜਿਸ ਤਹਿਤ ਪੰਜਾਬ ਦੇ ਪਿੰਡਾਂ ਵਿੱਚ ਉੱਦਮੀ ਵਿਅਕਤੀਆਂ ਨੂੰ ਉਤਸ਼ਾਹ ਦੇਣ, ਉੱਦਮਾਂ ਨੂੰ ਮੰਡੀ ਨਾਲ ਜੋੜਨ ਦੀਆਂ ਤਜਵੀਜ਼ਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ।
ਪ੍ਰੋ. ਅਰਵਿੰਦ ਨੇ ਇਸੇ ਗੱਲ ਦੀ ਲਗਾਤਾਰਤਾ ਵਿੱਚ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੀ ਸਮਝ ਅਨੁਸਾਰ ਉੱਦਮ ਸਿਰਫ਼ ਵੱਡੀਆਂ ਸਅਨਤਾਂ ਲਗਾਉਣਾ ਨਹੀਂ ਹੈ ਸਗੋਂ ਪਿੰਡਾਂ ਵਿੱਚ ਜੇਕਰ ਕੋਈ ਆਪਣੇ ਸਮੇਤ ਕਿਸੇ ਇੱਕ ਵੀ ਵਿਅਕਤੀ ਨੂੰ ਰੁਜ਼ਗਾਰ ਦਿੰਦਾ ਹੈ ਤਾਂ ਉਸ ਨੂੰ ਉੱਦਮੀ ਦੇ ਤੌਰ ਉੱਤੇ ਪ੍ਰਭਾਸਿ਼ਤ ਕੀਤਾ ਜਾਣਾ ਚਾਹੀਦਾ ਹੈ। ਅਜਿਹੀ ਪ੍ਰਵਾਨਗੀ ਅਤੇ ਹੁਨਰ ਵਿਕਾਸ ਲਈ ਪੰਜਾਬੀ ਯੂਨੀਵਰਸਿਟੀ ਕੰਮ ਕਰ ਰਹੀ ਹੈ।
ਈ. ਐੱਮ. ਆਰ. ਸੀ. ਤੋਂ ਡਾਇਰੈਕਟਰ, ਦਲਜੀਤ ਅਮੀ ਨੇ ਕਿਹਾ ਕਿ ਈ. ਐੱਮ.ਆਰ.ਸੀ. ਵਿੱਚ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਤਹਿਤ ਪ੍ਰੋਗਰਾਮ ਤਿਆਰ ਕੀਤੇ ਜਾਂਦੇ ਹਨ। ਸੂਬਾ ਸਰਕਾਰ ਨਾਲ ਰਲ ਕੇ ਦਸਤਾਵੇਜ਼ੀਕਰਣ ਦੇ ਸੰਬੰਧ ਵਿੱਚ ਵੱਖਰੇ ਵੱਖਰੇ ਮਾਮਲਿਆਂ ਉੱਤੇ ਕੰਮ ਕਰਨ ਦੀ ਗੁੰਜਾਇਸ਼ ਹੈ ਜਿਸ ਵਿੱਚ ਪਰਵਾਸੀ ਭਾਰਤੀਆਂ ਦੇ ਮਾਮਲੇ ਵੀ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਿਗਿਆਨ ਦੇ ਇਤਿਹਾਸ ਨੂੰ ਸਾਂਭਣ ਲਈ ਇਸ ਵੇਲ਼ੇ ਬਜ਼ੁਰਗ ਹੋ ਰਹੀ ਵਿਗਿਆਨੀਆਂ ਦੀਆਂ ਪੀੜ੍ਹੀਆਂ ਦੀਆਂ ਮੁਲਾਕਾਤਾਂ ਰਿਕਾਰਡ ਕਰਨੀਆਂ ਜ਼ਰੂਰੀ ਹਨ ਅਤੇ ਇਹ ਕੰਮ ਪੰਜਾਬ ਸਰਕਾਰ ਨਾਲ ਮਿਲ ਕੇ ਕੀਤਾ ਜਾ ਸਕਦਾ ਹੈ। ਇਸ ਮਾਮਲੇ ਵਿੱਚ ਈ. ਐੱਮ.ਆਰ.ਸੀ.ਪਟਿਆਲਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਗਿਆਨੀ ਕੰਮ ਕਰਨ ਲਈ ਤਿਆਰ ਹਨ ਅਤੇ ਪੰਜਾਬ ਸਰਕਾਰ ਤੋਂ ਸਹਿਯੋਗ ਦੀ ਤਵੱਕੋ ਕਰਦੇ ਹਨ। ਸਰਬ ਭਾਰਤੀ ਪੰਜਾਬੀ ਕਾਨਫ਼ਰੰਸਾਂ ਬਾਰੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਨੇ ਇਸ ਮੌਕੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਪੰਜਾਬ ਤੋਂ ਬਾਹਰ ਪੰਜਾਬੀ ਨਾਲ ਜੁੜੀਆਂ ਸਰਗਰਮੀਆਂ ਕਰਨ ਲਈ ਪੰਜਾਬ ਸਰਕਾਰ ਲੋੜੀਂਦੀਆਂ ਪਹਿਲਕਦਮੀਆਂ ਕਰੇ।
ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਭ ਮਾਹਿਰਾਂ ਦੀਆਂ ਸਲਾਹਾਂ ਸੁਣਨ ਦੇ ਨਾਲ-ਨਾਲ ਆਪਣੇ ਤਜਰਬੇ ਅਤੇ ਪਿਛਲੇ ਸਮੇਂ ਦੌਰਾਨ ਉਨ੍ਹਾਂ ਦੇ ਸਾਹਮਣੇ ਆਈਆਂ ਔਕੜਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਦੱਸਿਆ ਕਿ ਇਸ ਵੇਲੇ ਸਰਕਾਰਾਂ ਅਤੇ ਸਿਆਸਤਦਾਨਾਂ ਦਾ ਅਕਸ ਮਾੜਾ ਹੈ ਜੋ ਜਲਦੀ ਜਲਦੀ ਸੁਧਾਰਿਆ ਨਹੀਂ ਜਾ ਸਕਦਾ। ਇਸ ਦਿਸ਼ਾ ਵਿੱਚ ਹਰ ਉਪਰਾਲਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਵੀ ਅਦਾਰੇ ਕੋਲ਼ੋਂ ਕੋਈ ਚੰਗੀ ਸਲਾਹ ਜਾਂ ਅਕਲ ਦੀ ਗੱਲ ਸਿੱਖਣ ਨੂੰ ਮਿਲਦੀ ਹੈ ਉਹ ਉਸ ਅਦਾਰੇ ਜਾਂ ਵਿਅਕਤੀ ਤੱਕ ਚੱਲ ਕੇ ਜਾਣ ਲਈ ਤਿਆਰ ਹਨ। ਇਨ੍ਹਾਂ ਸਲਾਹਾਂ ਨਾਲ ਹੀ ਪੰਜਾਬ ਨੂੰ ਮੁੜ ਕੇ ਵਿਕਾਸ ਦੀਆਂ ਲੀਹਾਂ ਉੱਤੇ ਤੋਰਿਆ ਜਾ ਸਕਦਾ ਹੈ। ਨਸ਼ੇ ਅਤੇ ਖੁਦਕੁਸ਼ੀਆਂ ਵਰਗੇ ਮਸਲੇ ਠੱਲ੍ਹੇ ਜਾ ਸਕਦੇ ਹਨ। ਪਰਵਾਸ ਨੂੰ ਰੋਕਿਆ ਜਾ ਸਕਦਾ ਹੈ।

